ਜਲੰਧਰ (ਪੁਨੀਤ)– ਪੰਜਾਬ ਦੀਆਂ ਵੋਲਵੋ ਬੱਸਾਂ ਦੀ 15 ਜੂਨ ਤੋਂ ਦਿੱਲੀ ਏਅਰਪੋਰਟ ਲਈ ਆਵਾਜਾਈ ਸ਼ੁਰੂ ਹੋ ਰਹੀ ਹੈ, ਇਸ ਦੇ ਲਈ ਜਲੰਧਰ ਵਿਚ ਸੂਬਾ ਪੱਧਰੀ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿਚ ਬੱਸਾਂ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੀਨੀਅਰ ਅਧਿਕਾਰੀਆਂ ਦੀ ਇਕ ਟੀਮ ਚੰਡੀਗੜ੍ਹ ਤੋਂ ਜਲੰਧਰ ਪੁੱਜੀ ਅਤੇ ਪ੍ਰੋਗਰਾਮ ਦੀ ਰੂਪ-ਰੇਖਾ ਫਾਈਨਲ ਕੀਤੀ ਗਈ। ਸਥਾਨਕ ਬੱਸ ਅੱਡੇ ਵਿਚ ਪੰਜਾਬ ਦੇ ਸਪੈਸ਼ਲ ਸੈਕਟਰੀ ਪ੍ਰਦੀਪ ਸੱਭਰਵਾਲ ਨੇ ਅਧਿਕਾਰੀਆਂ ਨੂੰ ਪ੍ਰੋਗਰਾਮ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ ਅਤੇ ਝੰਡੀ ਦੇਣ ਵਾਲੇ ਸਥਾਨ ਦੀ ਚੋਣ ਕੀਤੀ ਗਈ। ਅਧਿਕਾਰੀਆਂ ਨੇ ਕਿਹਾ ਕਿ 15 ਜੂਨ ਨੂੰ ਦੁਪਹਿਰ 1.15 ਵਜੇ ਵੋਲਵੋ ਬੱਸ ਨੂੰ ਹਰੀ ਝੰਡੀ ਬੱਸ ਅੱਡੇ ਵਿਚ ਸਥਿਤ ਸ਼ਹੀਦ ਭਗਤ ਸਿੰਘ ਜੀ ਦੀ ਯਾਦਗਾਰ ਨੇੜੇ ਦਿੱਤੀ ਜਾਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ।
ਬਹੁਤ ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਇਸ ਪ੍ਰੋਗਰਾਮ ਵਿਚ ਸ਼ਾਮਲ ਹੋ ਸਕਦੇ ਹਨ ਅਤੇ ਉਨ੍ਹਾਂ ਕੋਲੋਂ ਝੰਡੀ ਦਿਵਾਈ ਜਾ ਸਕਦੀ ਹੈ। ਮਹਿਕਮੇ ਵੱਲੋਂ ਪ੍ਰੋਗਰਾਮ ਦੀਆਂ ਜ਼ੋਰ-ਸ਼ੋਰ ਨਾਲ ਤਿਆਰੀਆਂ ਕਰਵਾਈਆਂ ਜਾ ਰਹੀਆਂ ਹਨ ਅਤੇ ਜਿਸ ਬੱਸ ਨੂੰ ਝੰਡੀ ਦਿੱਤੀ ਜਾਵੇਗੀ, ਉਸ ਨੂੰ ਖ਼ਾਸ ਤੌਰ ’ਤੇ ਸਜਾਇਆ ਜਾ ਰਿਹਾ ਹੈ। ਪ੍ਰੋਗਰਾਮ ਦੀਆਂ ਤਿਆਰੀਆਂ ਨੂੰ ਲੈ ਕੇ ਡਾਇਰੈਕਟਰ ਟਰਾਂਸਪੋਰਟ ਅਮਨਦੀਪ ਕੌਰ ਅਤੇ ਰੋਡਵੇਜ਼ ਦੇ ਡਿਪਟੀ ਡਾਇਰੈਕਟਰ ਪ੍ਰਨੀਤ ਸਿੰਘ ਮਿਨਹਾਸ ਨੇ ਡਿਪੂ ਦੇ ਜੀ. ਐੱਮ. ਕੋਲੋਂ ਦਿੱਲੀ ਭੇਜੀਆਂ ਜਾਣ ਵਾਲੀਆਂ ਬੱਸਾਂ ਸਬੰਧੀ ਜਾਣਕਾਰੀ ਲਈ ਅਤੇ ਹਦਾਇਤਾਂ ਦਿੰਦਿਆਂ ਕਿਹਾ ਕਿ ਬੱਸਾਂ ਦੀ ਰਵਾਨਗੀ ਤੋਂ ਇਕ ਦਿਨ ਪਹਿਲਾਂ ਟਰਾਇਲ ਕੀਤਾ ਜਾਵੇਗਾ ਤਾਂ ਕਿ ਕੋਈ ਕਮੀ ਪੇਸ਼ੀ ਬਾਕੀ ਨਾ ਰਹੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਪ੍ਰੋਗਰਾਮ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।
ਇਹ ਵੀ ਪੜ੍ਹੋ: ਭਿਆਨਕ ਸੜਕ ਹਾਦਸੇ ਨੇ ਤਬਾਹ ਕੀਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
ਇਸ ਮੌਕੇ ਏ. ਡੀ. ਸੀ. ਜਨਰਲ ਮੇਜਰ ਅਮਿਤ ਸਰੀਨ, ਏ. ਡੀ. ਸੀ. (ਡੀ) ਵਰਿੰਦਰਪਾਲ ਸਿੰਘ ਬਾਜਵਾ, ਡੀ. ਸੀ. ਪੀ. ਜਗਮੋਹਨ ਸਿੰਘ, ਐੱਸ. ਡੀ. ਐੱਮ. ਬਲਬੀਰ ਰਾਜ ਸਿੰਘ, ਪਾਵਰਕਾਮ ਦੇ ਡਿਪਟੀ ਚੀਫ ਇੰਜੀ. ਇੰਦਰਪਾਲ ਸਿੰਘ, ਰੋਡਵੇਜ਼ ਡਿਪੂ ਦੇ ਜੀ. ਐੱਮ. ਮਨਿੰਦਰਪਾਲ ਸਿੰਘ, ਰਾਜਪਾਲ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹੇ।
ਸ਼ੁਰੂਆਤ ’ਚ ਚੱਲਣਗੀਆਂ 20 ਬੱਸਾਂ, ਆਨਲਾਈਨ ਕਰੋ ਬੁਕਿੰਗ
ਯਾਤਰੀ ਪਨਬੱਸ ਆਨਲਾਈਨ ਡਾਟਕਾਮ ਦੇ ਨਾਲ-ਨਾਲ ਪੈਪਸੂ ਆਨਲਾਈਨ ਡਾਟਕਾਮ ’ਤੇ ਜਾ ਕੇ ਆਪਣੀ ਟਿਕਟ ਆਨਲਾਈਨ ਬੁੱਕ ਕਰ ਸਕਦੇ ਹਨ। ਟਿਕਟ ਦਾ ਕਿਰਾਇਆ 1170 ਰੁਪਏ ਹੈ, ਜੋ ਕਿ ਪ੍ਰਾਈਵੇਟ ਵੋਲਵੋ ਬੱਸਾਂ ਦੇ ਮੁਕਾਬਲੇ ਅੱਧੇ ਤੋਂ ਘੱਟ ਹੈ। ਸ਼ੁਰੂਆਤ ਵਿਚ 20 ਦੇ ਲਗਭਗ ਬੱਸਾਂ ਚੰਡੀਗੜ੍ਹ, ਰੂਪਨਗਰ, ਹੁਸ਼ਿਆਰਪੁਰ, ਲੁਧਿਆਣਾ, ਅੰਮ੍ਰਿਤਸਰ-1-2, ਮੋਗਾ, ਪਠਾਨਕੋਟ, ਮੁਕਤਸਰ ਸਾਹਿਬ ਅਤੇ ਐੱਸ. ਬੀ. ਐੱਸ. ਨਗਰ ਤੋਂ ਰਵਾਨਾ ਹੋਣਗੀਆਂ। ਪਹਿਲੀ ਬੱਸ 1.15 ’ਤੇ ਭੇਜੀ ਜਾਵੇਗੀ, ਜਿਸ ਨੂੰ ਝੰਡੀ ਦਿੱਤੀ ਜਾਣੀ ਹੈ। ਸਾਰੇ ਡਿਪੂਆਂ ਦੀਆਂ ਬੱਸਾਂ ਜ਼ਰੀਏ ਮੁੱਖ ਸ਼ਹਿਰਾ ਦੇ ਨਾਲ-ਨਾਲ ਛੋਟੇ ਸ਼ਹਿਰਾਂ ਨੂੰ ਵੀ ਕਵਰ ਕੀਤਾ ਜਾਵੇਗਾ। ਜਲੰਧਰ ਤੋਂ ਵੋਲਵੋ ਬੱਸਾਂ ਦੇ ਰਵਾਨਾ ਹੋਣ ਦਾ ਸਮਾਂ ਦੁਪਹਿਰ 1.15, 2 ਵਜੇ, ਸ਼ਾਮ 5 ਵਜੇ, ਰਾਤ 8.30 ਅਤੇ 11 ਵਜੇ ਦਾ ਹੈ। 16 ਜੂਨ ਤੋਂ ਸਮੇਂ ਵਿਚ ਤਬਦੀਲੀ ਹੋਣ ਦਾ ਅੰਦਾਜ਼ਾ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਪ੍ਰਾਈਵੇਟ ਸਕੂਲਾਂ ਵਿਰੁੱਧ ਜ਼ਿਲ੍ਹਾ ਰੈਗੂਲੇਟਰੀ ਬਾਡੀ ਦੀ ਵੱਡੀ ਕਾਰਵਾਈ, ਜਾਰੀ ਕੀਤਾ ਨੋਟਿਸ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮਾਨਸਿਕ ਪ੍ਰੇਸ਼ਾਨੀ ਕਾਰਣ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ
NEXT STORY