ਅੰਮ੍ਰਿਤਸਰ (ਮਮਤਾ)-ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਐਲਾਨਣ ਤੋਂ ਬਾਅਦ ਉਹ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਧੂਰੀ ਤੋਂ ਉਨ੍ਹਾਂ ਦੇ ਮੁਕਾਬਲੇ ਚੋਣ ਲੜਨ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਸ਼ਾਇਦ ਚੰਨੀ ਸਾਬ੍ਹ ਨੂੰ ਪਤਾ ਨਹੀਂ ਹੈ ਕਿ ਚਮਕੌਰ ਸਾਹਿਬ ਦੀ ਸੀਟ ਰਿਜ਼ਰਵ ਹੈ, ਅਜਿਹੀ ਹਾਲਤ ’ਚ ਜੇ ਉਹ ਮੇਰੇ ਖ਼ਿਲਾਫ ਚੋਣ ਲੜਨ ਦੇ ਇੱਛੁਕ ਹਨ ਤਾਂ ਉਹ ਧੂਰੀ ਤੋਂ ਚੋਣ ਲੜਨ ਜ਼ਰੂਰ ਆਉਣ। ਭਗਵੰਤ ਮਾਨ ਸ੍ਰੀ ਸੱਚਖੰਡ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਭਲਾਈ ਤੇ ਉੱਨਤੀ ਲਈ ਅਰਦਾਸ ਕਰਨ ਪਹੁੰਚੇ ਹਨ। ਮਾਨ ਤੋਂ ਜਦੋਂ ਪੰਜਾਬ ਵਿਜ਼ਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿਜ਼ਨ ਲਿਖਤੀ ਰੂਪ ਨਾਲ ਦੇਣਗੇ ਤੇ ਪੰਜਾਬ ਨੂੰ ਪੰਜਾਬ ਹੀ ਬਣਾਉਣਗੇ, ਨਾ ਕਿ ਇਸ ਨੂੰ ਲੰਡਨ ਜਾਂ ਕੈਲੀਫੋਰਨੀਆ ਬਣਾਉਣ ਦੀ ਕੋਸ਼ਿਸ਼ ਕਰਨਗੇ।
ਇਹ ਵੀ ਪੜ੍ਹੋ : ਪੁੱਤਰ ਦੇ ਚੋਣ ਪ੍ਰਚਾਰ ਲਈ ਪਹੁੰਚੇ ਰਾਣਾ ਗੁਰਜੀਤ ਬੋਲੇ, ਨਵਤੇਜ ਚੀਮਾ ਜਿੱਤਿਆ ਤਾਂ ਛੱਡ ਦਿਆਂਗਾ ਸਿਆਸਤ
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਆਪ ਦੀ ਸਰਕਾਰ ਆਉਣ ਤੋਂ ਬਾਅਦ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ’ਚ ਹੀ ਰੱਖਿਆ ਜਾਵੇਗਾ। ਪੰਜਾਬ ਦਾ ਪਾਣੀ ਪੰਜਾਬ ’ਚ ਹੀ ਰਹੇਗਾ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਹੁਣ ਨਾ ਪੀਣ ਵਾਲਾ ਪਾਣੀ ਹੈ ਤੇ ਨਾ ਹੀ ਧਰਤੀ ਦੇ ਹੇਠਾਂ ਵਾਲਾ ਪਾਣੀ ਹੀ ਪੂਰਾ ਹੈ। ਇੰਨਾ ਹੀ ਨਹੀਂ, ਜੇ ਪਾਣੀ ਦੀ ਕਮੀ ਇਸ ਤਰ੍ਹਾਂ ਚਲਦੀ ਰਹੀ ਤਾਂ ਆਉਣ ਵਾਲੇ ਕੁਝ ਸਾਲਾਂ ਵਿਚ ਮਾਲਵਾ ਖੇਤਰ ਦੇ ਰੇਗਿਸਤਾਨ ’ਚ ਬਦਲਣ ਦਾ ਵੀ ਖ਼ਦਸ਼ਾ ਹੈ। ਉਨ੍ਹਾਂ ਪਾਣੀ ਦੇ ਮੁੱਦੇ ਉਤੇ ਗੱਲ ਕਰਦਿਆਂ ਪੰਜਾਬ ਦੀ ਬੇਰੋਜ਼ਗਾਰੀ ਗਰੀਬੀ ਤੇ ਆਰਥਿਕ ਵਿਵਸਥਾ ਉਤੇ ਤੰਜ਼ ਕੱਸਦਿਆਂ ਕਿਹਾ ਕਿ ਇਨ੍ਹਾਂ ਦਾ ਸਾਹਮਣਾ ਕਰਦਿਆਂ ਰੋ ਰੋ ਕੇ ਹੁਣ ਤਾਂ ਲੋਕਾਂ ਦੀਆਂ ਅੱਖਾਂ ’ਚੋਂ ਵੀ ਪਾਣੀ ਖ਼ਤਮ ਹੋ ਗਿਆ ਹੈ।
ਇਹ ਵੀ ਪੜ੍ਹੋ : CM ਚਿਹਰੇ ਤੋਂ ਲੈ ਕੇ ਕਾਂਗਰਸ ’ਚ ਕਲੇਸ਼ ’ਤੇ ਖੁੱਲ੍ਹ ਕੇ ਬੋਲੇ ਨਵਜੋਤ ਸਿੰਘ ਸਿੱਧੂ (ਵੀਡੀਓ)
‘ਆਪ’ ਨੂੰ ਭਾਜਪਾ ਦੀ ਬੀ ਟੀਮ ਕਹੇ ਜਾਣ ਦੇ ਮੁੱਦੇ ’ਤੇ ਗੱਲ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕਦੇ ਭਾਜਪਾ ਉਨ੍ਹਾਂ ਨੂੰ ਕਾਂਗਰਸ ਦੀ ਬੀ ਟੀਮ ਕਹਿ ਦਿੰਦੀ ਹੈ ਤਾਂ ਕਦੀ ਕਾਂਗਰਸ ਉਨ੍ਹਾਂ ਨੂੰ ਕਿਸੇ ਹੋਰ ਪਾਰਟੀ ਦੀ ਬੀ ਟੀਮ। ਇਸੇ ਦੌਰਾਨ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਿਸੇ ਵੀ ਸਿਆਸੀ ਪਾਰਟੀ ਦੀ ਬੀ ਟੀਮ ਨਹੀਂ ਬਲਕਿ ਪੰਜਾਬ ਦੇ ਪੌਣੇ ਤਿੰਨ ਕਰੋੜ ਲੋਕਾਂ ਦੀ ਏ ਟੀਮ ਹੈ। ਪੰਜਾਬ ਸਰਕਾਰ ’ਤੇ 3 ਲੱਖ ਕਰੋੜ ਦਾ ਕਰਜ਼ਾ ਹੋਣ ਦੇ ਮੁੱਦੇ ’ਤੇ ਗੱਲ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਨੇ ਕਰਜ਼ਾ ਪੰਜਾਬ ’ਚ ਸਕੂਲ, ਹਸਪਤਾਲ ਜਾਂ ਹੋਰ ਕੋਈ ਵਿਕਾਸ ਕਾਰਜ ਕਰਵਾਉਣ ਲਈ ਨਹੀਂ ਚੜ੍ਹਿਆ, ਬਲਕਿ ਇਸ ਦੇ ਮੰਤਰੀਆਂ ਨੇ ਆਪਣੇ ਮਹਿਲ ਹੋਟਲ ਤੇ ਸ਼ਾਪਿੰਗ ਮਾਲਜ਼ ਬਣਾਉਣ ’ਤੇ ਪੈਸਾ ਖਰਚ ਕੀਤਾ ਤੇ ਪੰਜਾਬ ਨੂੰ ਕਰਜ਼ਾਈ ਕੀਤਾ।
ਪਿਤਾ ਰੋਜ਼ੀ ਬਰਕੰਦੀ ਦੇ ਹੱਕ ’ਚ ਡੱਟੀ ਧੀ ਖੁਸ਼ਮੇਹਰ ਕੌਰ, ਘਰ ਘਰ ਕਰ ਰਹੀ ਪ੍ਰਚਾਰ
NEXT STORY