ਬੁਢਲਾਡਾ (ਬਾਂਸਲ) : ਖੇਤੀਬਾੜੀ ਮੋਟਰਾਂ 'ਤੇ ਬਿੱਲ ਲਾਗੂ ਕਰਨ ਸਬੰਧੀ ਚਰਚਿਆਂ ਦੇ ਚਲਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਲੋਂ ਪਾਵਰ ਕਾਰਪੋਰੇਸ਼ਨ ਦਫਤਰਾਂ ਅੱਗੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਜਥੇਬੰਦੀ ਦੇ ਆਗੂਆਂ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਅਤੇ ਦਰਸ਼ਨ ਸਿੰਘ ਗੁਰਨੇ ਕਲਾ ਨੇ ਕਿਹਾ ਕਿ ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵਿੱਟਰ ਰਾਹੀਂ ਬਿੱਲ ਲਾਗੂ ਨਾ ਕਰਨ ਸਬੰਧੀ ਬਿਆਨ ਦੇ ਦਿੱਤਾ ਹੈ ਪਰ ਜਥੇਬੰਦੀ ਮੁੱਖ ਮੰਤਰੀ ਦੇ ਟਵੀਟ 'ਤੇ ਬਹੁਤਾ ਭਰੋਸਾ ਨਹੀਂ ਕਰਦੀ ਅਤੇ ਸਮਝਦੀ ਹੈ ਕਿ ਕਿਸਾਨਾਂ ਲਈ ਖ਼ਤਰਾ ਹਾਲੇ ਟਲ਼ਿਆ ਨਹੀਂ ਹੈ। ਅੱਜ ਐਕਸੀਅਨ ਪਾਵਰ ਕਾਰਪੋਰੇਸ਼ਨ ਲਿਮਟਿਡ ਬੁਢਲਾਡਾ ਦੇ ਦਫਤਰਾ ਅੱਗੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਦਿਆਂ ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਦੋਵੇਂ ਸਰਕਾਰਾਂ ਇਹ ਸਮਝ ਲੈਣ ਕਿ ਜਥੇਬੰਦੀਆਂ ਇਹ ਕਿਸਾਨ ਵਿਰੋਧੀ ਫੈਸਲਾ ਕਦੇ ਵੀ ਲਾਗੂ ਨਹੀਂ ਹੋਣ ਦੇਣਗੀਆਂ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਫੈਸਲੇ ਸਬੰਧੀ ਕੈਬਨਿਟ ਮੀਟਿੰਗ 'ਚ ਉਦੋਂ ਚਰਚਾ ਕੀਤੀ ਹੈ ਜਦੋਂ ਕੇਂਦਰੀ ਹਕੂਮਤ ਲਾਕਡਾਊਨ ਦੇ ਬਹਾਨੇ ਹੇਠ ਲੋਕ ਮਾਰੂ ਫੈਸਲੇ ਕਰ ਰਹੀ ਹੈ। ਇਸ ਸਮੇਂ ਦੌਰਾਨ ਕੇਂਦਰੀ ਹਕੂਮਤ ਨੇ ਅੱਠ ਕੇਂਦਰੀ ਸ਼ਾਸ਼ਤ ਬਿਜਲੀ ਬੋਰਡਾਂ ਦਾ ਭੋਗ ਪਾ ਦਿੱਤਾ ਹੈ, ਡੀਜਲ-ਪੈਟਰੋਲ ਉੱਪਰ ਐਕਸਾਈਜ਼ ਅਤੇ ਵੈਟ ਵਿਚ ਵਾਧਾ ਕਰਨ, ਬਿਜਲੀ ਸੋਧ ਬਿਲ^2020 ਰਾਹੀਂ ਸੱਮੁਚੇ ਭਾਰਤ ਅੰਦਰ ਬਿਜਲੀ ਖੇਤਰ ਨੂੰ ਕੇਂਦਰੀ ਸ਼ਕਤੀਆਂ ਅਧੀਨ ਕਰਨ ਦੇ ਫੈਸਲੇ ਲੈ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਆਰਥਿਕ ਸੰਕਟ ਦੀ ਮਾਰ ਹੇਠ ਆਏ ਪੰਜਾਬ ਦੇ 26 ਲੱਖ ਕਿਸਾਨਾਂ ਵਿਚੋਂ 14 ਲੱਖ ਤੋ ਵਧੇਰੇ ਕਿਸਾਨ ਬਿਜਲੀ ਮੋਟਰਾਂ ਰਾਹੀਂ ਫਸਲਾਂ ਪਾਲਦੇ ਹਨ, ਜਿਸ ਨਾਲ ਹਰ ਸਾਲ ਪੰਜਾਬ ਦੇ ਕਿਸਾਨਾਂ ਕੋਲੋਂ 6200 ਕਰੋੜ ਰੁਪਏ ਦੀ ਸਬਸਿਡੀ ਮਿਲਦੀ ਸੀ। ਪੰਜਾਬ ਦਾ ਕਿਸਾਨ ਪਹਿਲਾਂ ਹੀ ਇਕ ਲੱਖ ਕਰੋੜ ਤੋਂ ਵਧੇਰੇ ਕਰਜ਼ੇ ਦੇ ਸੰਕਟ ਵਿਚ ਫ਼ਸਿਆ ਖੁਦਕਸ਼ੀਆਂ ਕਰਨ ਲਈ ਮਜਬੂਰ ਹੈ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਫੈਸਲਾ ਵਿਸ਼ਵ ਵਪਾਰ ਸੰਸਥਾ ਦੇ ਦਬਾਅ ਅਧੀਨ ਸ਼ੁਰੂ ਕੀਤੀ ਆਰਥਿਕ ਸੁਧਾਰਾਂ ਦੀ ਪ੍ਰਕਿਰਿਆ ਦਾ ਜਾਰੀ ਰੂਪ ਹੈ, ਜਿਸ ਰਾਹੀਂ ਕਿਸਾਨ ਹੀ ਨਹੀਂ ਪੂਰਾ ਪੇਂਡੂ ਸਭਿਅਤਾ ਤਬਾਹ ਹੋਣ ਵੱਲ ਵਧੇਗੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਜੰਟ ਸਿੰਘ ਮਘਾਣੀਆ, ਬਲਾਕ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਸਿੰਘ ਕੁਲਰੀਆਂ, ਬਲਾਕ ਪ੍ਰਧਾਨ ਸੱਤਪਾਲ ਸਿੰਘ ਵਰ੍ਹੇ, ਬਲਾਕ ਜਨਰਲ ਸਕੱਤਰ ਤਾਰਾ ਚੰਦ ਬਰੇਟਾ, ਨਛੱਤਰ ਸਿੰਘ ਅਹਿਮਦਪੁਰ, ਬਲਾਕ ਮੀਤ ਪ੍ਰਧਾਨ ਮੇਲਾ ਸਿੰਘ ਦਿਆਲਪੁਰਾ, ਬਲਾਕ ਪ੍ਰੈਸ ਸਕੱਤਰ ਤਰਨਜੀਤ ਸਿੰਘ ਆਲਮਪੁਰ ਮੰਦਰਾਂ, ਧਰਮ ਸਿੰਘ ਵਰੇ, ਬਲਦੇਵ ਸਿੰਘ ਪਿਪਲੀਆ ਆਦਿ ਹਾਜ਼ਰ ਸਨ।
ਗੁਰਦਾਸਪੁਰ 'ਚ ਕੋਰੋਨਾ ਕਹਿਰ, ਮੁੰਬਈ ਤੋਂ ਪਰਤੇ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ
NEXT STORY