ਬਠਿੰਡਾ (ਮੁਨੀਸ਼)-ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਤਲਵੰਡੀ ਸਾਬੋ ਦੇ ਧਰਮ ਅਧਿਐਨ ਵਿਭਾਗ ਦੀਆਂ ਵਿਦਿਆਰਥਣਾਂ ਦਾ ਦੋ ਦਿਨਾਂ ਧਾਰਮਕ ਟੂਰ ਲਾਇਆ ਗਿਆ। ਧਰਮ ਅਧਿਐਨ ਵਿਭਾਗ ਦੇ ਪ੍ਰੋ. ਗੁਰਜੀਤ ਸਿੰਘ ਨੇ ਕਿਹਾ ਕਿ ਕਾਲਜ ’ਚ ਪਡ਼੍ਹਨ ਵਾਲੀਆਂ ਵਿਦਿਆਰਥਣਾਂ ਜਿਨ੍ਹਾਂ ਨੇ ਆਪਣੇ ਕੋਰਸ ’ਚ ਧਰਮ ਅਧਿਐਨ ਦੇ ਵਿਸ਼ੇ ਨੂੰ ਚੁਣਿਆ ਹੈ, ਉਨ੍ਹਾਂ ਨੂੰ ਵੱਖ-ਵੱਖ ਧਰਮਾਂ ਦੀ ਜਾਣਕਾਰੀ ਦੇ ਨਾਲ-ਨਾਲ ਇਤਿਹਾਸਿਕ ਅਸਥਾਨਾਂ ’ਤੇ ਲਿਜਾ ਕੇ ਉੱਥੋਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਇਸ ਟੂਰ ਦੌਰਾਨ ਵਿਦਿਆਰਥਣਾਂ ਨੂੰ ਗੋਇੰਦਵਾਲ ਵਿਖੇ ਸਥਾਪਤ ਤੀਸਰੀ ਪਾਤਸ਼ਾਹੀ ਦੇ ਗੁਰਦੁਆਰਾ ਸਾਹਿਬ ਤੇ ਬਾਉਲੀ ਦੇ ਦਰਸ਼ਨ ਕਰਵਾਏ ਗਏ ਤੇ ਫਿਰ ਖਡੂਰ ਸਾਹਿਬ ਦੇ ਦੂਸਰੀ ਪਾਤਸ਼ਾਹੀ ਨਾਲ ਸਬੰਧਤ ਗੁਰਦੁਆਰੇ ਦੇ ਇਤਿਹਾਸ ਬਾਰੇ ਦੱਸਿਆ ਗਿਆ। ਇਸ ਉਪਰੰਤ ਤਰਨਤਾਰਨ ਵਿਖੇ ਵੀ ਵਿਦਿਆਰਥਣਾਂ ਨੇ ਦਰਸ਼ਨ ਕੀਤੇ ਤੇ ਸ਼ਾਮ ਸਮੇਂ ਵਾਹਗਾ ਬਾਰਡਰ ਵਿਖੇ ਪਹੁੰਚ ਕੇ ਦੇਸ਼ ਨੂੰ ਸਮਰਪਤ ਵੀਰ ਜਵਾਨਾਂ ਦੀ ਜੋਸ਼ੀਲੀ ਪਰੇਡ ਤੇ ਰੀਟਰੀਟ ਦੇਖਣ ਦਾ ਆਨੰਦ ਮਾਣਿਆ। ਸ੍ਰੀ ਹਰਿਮੰਦਿਰ ਸਾਹਿਬ ਵਿਖੇ ਪਹੁੰਚ ਕੇ ਦਰਸ਼ਨ ਦੀਦਾਰੇ ਕੀਤੇ ਅਤੇ ਇਸਦੇ ਨਾਲ ਹੀ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਵਿਦਿਆਰਥਣਾਂ ਨੂੰ ਮਿਊਜ਼ੀਅਮ ਦਿਖਾਇਆ ਗਿਆ। ਜਲਿਆਂਵਾਲਾ ਬਾਗ ਵਿਖੇ ਪਹੁੰਚ ਕੇ ਵਿਦਿਆਰਥਣਾਂ ਨੂੰ ਖੂਨੀ ਖੂਹ ਤੋਂ ਜਾਣੂ ਕਰਵਾਇਆ ਗਿਆ ਤੇ 1919 ਦੀ ਵਿਸਾਖੀ ਨੂੰ ਹੋਏ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਉਨ੍ਹਾਂ ਬਾਰੇ ਚਾਨਣਾ ਪਾਇਆ ਗਿਆ। ਮਾਨਵ ਕਦਰਾਂ ਕੀਮਤਾਂ ਤੋਂ ਜਾਣੂ ਕਰਵਾਉਣ ਲਈ ਵਿਦਿਆਰਥਣਾਂ ਨੂੰ ਭਗਤ ਪੂਰਨ ਸਿੰਘ ਦੇ ਦੋ ਪਿੰਗਲਵਾਡ਼ਿਆਂ (ਸ੍ਰੀ ਅੰਮ੍ਰਿਤਸਰ ਸਾਹਿਬ ਤੇ ਮਾਨਾਂ ਵਾਲਾ)) ਵਿਖੇ ਲਿਜਾਇਆ ਗਿਆ। ਇਸ ਧਾਰਮਕ ਟੂਰ ਵਿਚ ਅਨੁਸ਼ਾਸਨ ਨੂੰ ਬਣਾਈ ਰੱਖਣ ਲਈ ਮੈਡਮ ਰਮਨਦੀਪ ਕੌਰ (ਧਾਰਮਿਕ ਟੀਚਰ) ਦਾ ਵਿਸ਼ੇਸ਼ ਯੋਗਦਾਨ ਰਿਹਾ। ਕਾਲਜ ਪ੍ਰਿੰਸੀਪਲ ਮੈਡਮ ਕਵਲਜੀਤ ਕੌਰ ਨੇ ਖੂਬ ਸ਼ਲਾਘਾ ਕੀਤੀ ਕਿ ਸਾਡੇ ਕਾਲਜ ਦੇ ਹੋਣਹਾਰ ਸਟਾਫ ਦੇ ਉੱਦਮ ਸਦਕਾ ਸਾਡੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਅਕਸਰ ਅਜਿਹੇ ਅਵਸਰ ਮਿਲਦੇ ਰਹਿੰਦੇ ਹਨ ਕਿ ਉਹ ਆਪਣੀ ਕਿਤਾਬੀ ਪਡ਼੍ਹਾਈ ਤੋਂ ਇਲਾਵਾ ਜ਼ਿੰਦਗੀ ’ਚ ਜੂਝਣ ਲਈ ਤਰ੍ਹਾਂ-ਤਰ੍ਹਾਂ ਦੇ ਢੰਗ ਤਰੀਕੇ ਜਾਣਨ ਲਈ ਕਾਲਜ ਤੋਂ ਬਾਹਰ ਮਹੱਤਵਪੂਰਨ ਅਸਥਾਨਾਂ ’ਤੇ ਜਾਂਦੇ ਰਹਿੰਦੇ ਹਨ।
ਪੰਚਾਇਤ ਤੇ ਨੌਜਵਾਨ ਏਕਤਾ ਕਲੱਬ ਦੇ ਸਹਿਯੋਗ ਨਾਲ ਸਕੂਲ ਦੀ ਨੁਹਾਰ ਬਦਲੀ
NEXT STORY