ਜਲੰਧਰ : ਆਪਣੀ ਗਰਭਵਤੀ ਧੀ ਦੇ ਕਤਲ ਕੇਸ 'ਚ ਫਸੀ ਬੀਬੀ ਜਗੀਰ ਕੌਰ ਨੂੰ ਪੰਜਾਬ ਤੇ ਹਰਿਆਣਾ ਹਾਈਕਰੋਟ ਨੇ ਵੱਡੀ ਰਾਹਤ ਦਿੱਤੀ ਹੈ। ਹੇਠਲੀ ਅਦਾਲਤ ਦੇ ਫੈਸਲੇ ਨੂੰ ਖਾਰਿਜ ਕਰਦਿਆਂ ਹਾਈਕੋਰਟ ਨੇ ਬੀਬੀ ਜਗੀਰ ਕੌਰ ਨੂੰ ਕਤਲ ਕੇਸ 'ਚੋਂ ਬਰੀ ਕਰ ਦਿੱਤਾ ਹੈ। ਸੀਨੀਅਰ ਅਕਾਲੀ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਪਟਿਆਲਾ ਸੀ. ਬੀ. ਆਈ. ਕੋਰਟ ਨੇ 2012 'ਚ 5 ਸਾਲ ਦੀ ਸਜ਼ਾ ਸੁਣਾਈ ਸੀ ਜਿਸ ਖ਼ਿਲਾਫ ਬੀਬੀ ਨੇ ਹਾਈਕੋਰਟ 'ਚ ਅਪੀਲ ਦਾਇਰ ਕੀਤੀ ਹੋਈ ਸੀ ਤੇ ਅੱਜ ਅਦਾਲਤ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਲਟ ਦਿੱਤਾ ਹੈ।

ਆਖਿਰ ਹੈ ਸਾਰਾ ਮਾਮਲਾ
ਇਹ ਸਾਰਾ ਮਾਮਲਾ ਸ਼ੁਰੂ ਹੋਇਆ ਸਾਲ 2000 'ਚ ਜਦੋਂ 20-21 ਅਪ੍ਰੈਲ ਦੀ ਰਾਤ ਬੀਬੀ ਜਗੀਰ ਕੌਰ ਦੀ 19 ਸਾਲਾ ਧੀ ਹਰਪ੍ਰੀਤ ਕੌਰ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਉਸ ਸਮੇਂ ਹਰਪ੍ਰੀਤ ਕੌਰ ਗਰਭਵਤੀ ਸੀ ਅਤੇ ਹਸਪਤਾਲ ਜਾ ਰਹੀ ਸੀ। ਹਰਪ੍ਰੀਤ ਦੇ ਕਤਲ ਦੀ ਗੱਲ ਸਾਹਮਣੇ ਆਈ ਅਤੇ ਇਲਜ਼ਾਮ ਲੱਗੇ ਬੀਬੀ ਜਗੀਰ ਕੌਰ 'ਤੇ ਕਿ ਉਸਨੇ ਮਰਜ਼ੀ ਦੇ ਖਿਲਾਫ ਵਿਆਹ ਕਰਵਾਉਣ ਵਾਲੀ ਧੀ ਨੂੰ ਮਰਵਾ ਦਿੱਤਾ ਹੈ। ਗੱਲ ਉਦੋਂ ਵਧੀ ਜਦੋਂ ਪਿੰਡ ਬੇਗੋਵਾਲ ਦੇ ਕਮਲਜੀਤ ਸਿੰਘ ਨਾਮ ਦੇ ਨੌਜਵਾਨ ਨੇ ਇਹ ਦਾਅਵਾ ਕੀਤਾ ਕਿ ਹਰਪ੍ਰੀਤ ਉਸਦੀ ਪਤਨੀ ਸੀ। ਇਨਸਾਫ ਲਈ ਕਮਲਜੀਤ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਤੇ ਇਸ ਕੇਸ ਦੀ ਸੀ. ਬੀ. ਆਈ. ਜਾਂਚ ਮੰਗੀ। 9 ਜੂਨ 2000 ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪ ਦਿੱਤੀ। ਸਬੂਤ ਵਜੋਂ ਕਮਲਜੀਤ ਨੇ ਕੁਝ ਵੀਡੀਓਜ਼, ਮੰਗਣੀ ਦੀਆਂ ਤਸਵੀਰਾਂ ਤੇ ਹੋਰ ਸਬੂਤ ਸੀ. ਬੀ. ਆਈ. ਨੂੰ ਦਿੱਤੇ ਜਿਸਦੇ ਆਧਾਰ 'ਤੇ 3 ਅਕਤੂਬਰ 2000 ਨੂੰ ਸੀ. ਬੀ. ਆਈ. ਨੇ ਬੀਬੀ ਜਗੀਰ ਕੌਰ ਤੇ ਉਸਦੇ ਨਜ਼ਦੀਕੀ 6 ਲੋਕਾਂ 'ਤੇ ਕੇਸ ਦਰਜ ਕਰ ਲਿਆ।

ਕੇਸ ਰਜਿਸਟਰ ਹੋਣ ਤੋਂ ਦੋ ਦਿਨ ਬਾਅਦ ਹੀ ਸੀ. ਬੀ. ਆਈ. ਨੇ ਬੀਬੀ ਦੇ ਬੇਹੱਦ ਕਰੀਬੀ ਦਲਵਿੰਦਰ ਕੌਰ ਅਤੇ ਪਰਮਜੀਤ ਸਿੰਘ ਰਾਏਪੁਰ ਨੂੰ ਹਰਪ੍ਰੀਤ ਦਾ ਜ਼ਬਰੀ ਗਰਭਪਾਤ ਕਰਨ ਤੇ ਉਸਦੀ ਮੌਤ ਦੇ ਸਬੂਤ ਮਿਟਾਉਣ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ। 12 ਸਾਲ ਚੱਲੇ ਕੇਸ ਦੇ ਕੋਰਟ ਟ੍ਰਾਇਲ 'ਚ ਕਈ ਉਤਾਰ-ਚੜ੍ਹਾਅ ਆਏ। 100 ਤੋਂ ਵੱਧ ਲੋਕਾਂ ਦੀਆਂ ਗਵਾਹੀਆਂ ਹੋਈਆਂ। 10 ਗਵਾਹਾਂ ਦੀ ਮੌਤ ਵੀ ਇਸ ਸਮੇਂ ਦੌਰਾਨ ਹੋ ਗਈ ਤੇ ਆਖਿਰਕਾਰ 2012 'ਚ ਪਟਿਆਲਾ ਸੀ. ਬੀ. ਆਈ. ਕੋਰਟ ਨੇ ਬੀਬੀ ਨੂੰ ਦੋਸ਼ੀ ਕਰਾਰ ਦਿੱਤਾ ਤੇ 5 ਸਾਲ ਦੀ ਸਜ਼ਾ ਸੁਣਾਈ। ਬੀਬੀ ਨੇ ਕੁਝ ਸਮਾਂ ਕਪੂਰਥਲਾ ਦੀ ਜੇਲ 'ਚ ਸਜ਼ਾ ਵੀ ਕੱਟੀ ਪਰ ਬਾਅਦ 'ਚ ਇਸ ਫੈਸਲੇ ਦੇ ਖਿਲਾਫ ਹਾਈਕਰਟ 'ਚ ਅਪੀਲ ਕਰ ਦਿੱਤੀ। ਉਦੋਂ ਤੋਂ ਹੀ ਬੀਬੀ ਜਗੀਰ ਕੌਰ ਜ਼ਮਾਨਤ 'ਤੇ ਬਾਹਰ ਸੀ।

ਸਿਆਸੀ ਕਰੀਅਰ 'ਤੇ ਅਸਰ
ਅੱਜ ਭਾਵੇਂ ਬੀਬੀ ਜਗੀਰ ਕੌਰ ਇਸ ਕੇਸ 'ਚੋਂ ਬਰੀ ਹੋ ਗਈ ਹੈ ਪਰ ਇਸ ਕਤਲ ਕੇਸ ਦਾ ਬੀਬੀ ਜਗੀਰ ਕੌਰ ਦੇ ਸਿਆਸੀ ਕਰੀਅਰ 'ਤੇ ਡੂੰਘਾ ਅਸਰ ਪਿਆ। ਬੀਬੀ ਲਈ ਧੀ ਦੀ ਮੌਤ ਕਾਫੀ ਨੁਕਸਾਨਦੇਹ ਸਾਬਿਤ ਹੋਈ। ਹਰਪ੍ਰੀਤ ਕੌਰ ਦੀ ਮੌਤ ਕੀ ਹੋਈ? ਬੀਬੀ ਤੋਂ ਸੱਤਾ ਸੁੱਖ ਵੀ ਖੁੰਝ ਗਿਆ। ਇਸ ਕੇਸ ਨੇ ਬੀਬੀ ਜਗੀਰ ਨੂੰ ਦੋ ਵਾਰ ਸੱਤਾ ਤੋਂ ਬਾਹਰ ਕੀਤਾ ਜਦੋਂ ਹਰਪ੍ਰੀਤ ਕੌਰ ਦੀ ਮੌਤ ਹੋਈ ਸੀ, ਉਦੋਂ ਬੀਬੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਸੀ ਪਰ ਚਾਰਜਸ਼ੀਟ ਹੋਣ ਕਰਕੇ ਉਸਨੂੰ ਅਹੁਦਾ ਛੱਡਣਾ ਪਿਆ। ਕਰੀਬ 12 ਸਾਲ ਬਾਅਦ ਬਾਦਲ ਸਰਕਾਰ ਨੇ ਬੀਬੀ ਨੂੰ ਕੈਬਨਿਟ ਵਿਚ ਸ਼ਾਮਲ ਕੀਤਾ ਪਰ ਇਹ ਕਾਰਜਕਾਲ ਸਿਰਫ 17 ਦਿਨਾਂ ਦਾ ਹੀ ਰਿਹਾ। ਸੀ.ਬੀ. ਆਈ. ਕੋਰਟ ਨੇ ਬੀਬੀ ਜਗੀਰ ਕੌਰ ਖਿਲਾਫ ਫੈਸਲਾ ਸੁਣਾਉਂਦੇ ਹੋਏ ਦੋਸ਼ੀ ਕਰਾਰ ਦੇ ਦਿੱਤਾ ਜਿਸ ਕਾਰਣ ਉਨ੍ਹਾਂ ਨੂੰ ਮੰਤਰੀ ਦੀ ਕੁਰਸੀ ਤੋਂ ਅਸਤੀਫਾ ਦੇਣਾ ਪਿਆ ਸੀ। ਹਾਲਾਂਕਿ ਹਾਈਕੋਰਟ ਦੇ ਫੈਸਲੇ 'ਤੇ ਬੀਬੀ ਜਾਗੀਰ ਕੌਰ ਨੇ ਸੰਤੁਸ਼ਟੀ ਪ੍ਰਗਟ ਕੀਤੀ ਹੈ ਪਰ ਨਾਲ ਹੀ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਕੇਸ ਨੇ ਉਨ੍ਹਾਂ ਦੀ ਜ਼ਿੰਦਗੀ ਦੇ 18 ਸਾਲ ਬਰਬਾਦ ਕਰ ਦਿੱਤੇ, ਜਿਸਦੀ ਕੋਈ ਭਰਪਾਈ ਨਹੀਂ ਹੋ ਸਕਦੀ।
ਭਾਰਤੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨੂੰ ਅਦਾਲਤ ਨੇ ਕੀਤਾ ਬਰੀ
NEXT STORY