ਲੁਧਿਆਣਾ (ਖੁਰਾਣਾ) : ਪੰਜਾਬ ਸਰਕਾਰ ਦੇ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਨੇ ਰਾਸ਼ਨ ਕਾਰਡ ਧਾਰਕਾਂ ਦੇ ਹਿੱਸੇ ਦੀ ਕਣਕ 'ਚ ਹੋ ਰਹੀ ਕਾਲਾਬਾਜ਼ਾਰੀ ਤੇ ਗੋਲਮਾਲ ਨੂੰ ਜੜ੍ਹੋਂ ਖ਼ਤਮ ਕਰਨ ਲਈ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਨਵੀਨਤਮ ਕਦਮ ਚੁੱਕਿਆ ਹੈ। ਵਿਭਾਗ ਵੱਲੋਂ ਚਲਾਈ ਗਈ ‘ਸੁਧਾਰ-2’ ਯੋਜਨਾ ਤਹਿਤ ਹੁਣ ਸਾਰੇ ਲਾਭਪਾਤਰ ਪਰਿਵਾਰਾਂ ਦੇ ਆਧਾਰ ਕਾਰਡਾਂ ਨੂੰ ਉਨ੍ਹਾਂ ਦੇ ਰਜਿਸਟਰਡ ਮੋਬਾਇਲ ਨੰਬਰਾਂ ਨਾਲ ਲਿੰਕ ਕੀਤਾ ਜਾ ਰਿਹਾ ਹੈ। ਇਸ ਪ੍ਰਕਿਰਿਆ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਸਰਕਾਰ ਵੱਲੋਂ ਭੇਜਿਆ ਰਾਸ਼ਨ ਸਹੀ ਹੱਥਾਂ ਤੱਕ ਪਹੁੰਚ ਸਕੇ। ਜਾਣਕਾਰੀ ਅਨੁਸਾਰ ਨਵੇਂ ਸਮਾਰਟ ਰਾਸ਼ਨ ਕਾਰਡਾਂ ਨੂੰ ਕਿਊ. ਆਰ. ਕੋਡ ਨਾਲ ਲੈਸ ਕੀਤਾ ਜਾਵੇਗਾ। ਹੁਣ ਜਦੋਂ ਵੀ ਕੋਈ ਲਾਭਪਾਤਰ ਰਾਸ਼ਨ ਡਿਪੂ ’ਤੇ ਕਣਕ ਲੈਣ ਜਾਵੇਗਾ ਤਾਂ ਪੁਰਾਣੀ ਫਿੰਗਰਪ੍ਰਿੰਟ ਪ੍ਰਣਾਲੀ ਦੀ ਬਜਾਏ ਉਸ ਦੇ ਕਾਰਡ ਦਾ ਕਿਊ. ਆਰ. ਕੋਡ ਸਕੈਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਮੀਂਹ, ਤੂਫ਼ਾਨ ਤੇ ਬਿਜਲੀ ਡਿੱਗਣ ਦਾ ਅਲਰਟ, ਇਨ੍ਹਾਂ 7 ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ
ਜਿਵੇਂ ਹੀ ਡਾਟਾ ਸਕੈਨ ਹੋਵੇਗਾ, ਲਾਭਪਾਤਰ ਦੇ ਰਜਿਸਟਰਡ ਮੋਬਾਇਲ ਨੰਬਰ 'ਤੇ ਤੁਰੰਤ ਇੱਕ ਮੈਸੇਜ ਪ੍ਰਾਪਤ ਹੋਵੇਗਾ। ਇਸ ਮੈਸੇਜ 'ਚ ਸਪੱਸ਼ਟ ਰੂਪ 'ਚ ਦੱਸਿਆ ਜਾਵੇਗਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਉਸ ਦੇ ਪਰਿਵਾਰ ਦੇ ਕਿੰਨੇ ਮੈਂਬਰਾਂ ਦੇ ਹਿੱਸੇ ਦੀ ਕਿੰਨੀ ਕਣਕ ਜਾਰੀ ਕੀਤੀ ਗਈ ਹੈ। ਵਿਭਾਗ ਦੇ ਧਿਆਨ 'ਚ ਆਇਆ ਸੀ ਕਿ ਕਈ ਰਾਸ਼ਨ ਡਿਪੂ ਹੋਲਡਰ ਕਾਰਡਧਾਰੀਆਂ ਨੂੰ ਇਹ ਕਹਿ ਕੇ ਗੁੰਮਰਾਹ ਕਰਦੇ ਸਨ ਕਿ ਵਿਭਾਗ ਵੱਲੋਂ ਸਾਰੇ ਮੈਂਬਰਾਂ ਦਾ ਰਾਸ਼ਨ ਨਹੀਂ ਭੇਜਿਆ ਗਿਆ ਜਾਂ ਈ-ਕੇ. ਵਾਈ. ਸੀ. ਨਾ ਹੋਣ ਕਾਰਨ ਕੁੱਝ ਮੈਂਬਰਾਂ ਦੇ ਨਾਮ ਕੱਟ ਦਿੱਤੇ ਗਏ ਹਨ। ਇਸ ਬਹਾਨੇ ਨਾਲ ਡਿਪੂ ਹੋਲਡਰ ਕਣਕ ਦੀ ਕਾਲਾਬਜ਼ਾਰੀ ਕਰਦੇ ਸਨ ਪਰ ਹੁਣ ਮੋਬਾਇਲ 'ਤੇ ਮੈਸੇਜ ਆਉਣ ਕਾਰਨ ਲਾਭਪਾਤਰ ਨੂੰ ਆਪਣੇ ਹੱਕਾਂ ਦੀ ਪੂਰੀ ਜਾਣਕਾਰੀ ਹੋਵੇਗੀ, ਜਿਸ ਨਾਲ ਮੁਨਾਫਾਖੋਰੀ ਦੀ ਖੇਡ ’ਤੇ ਸਖ਼ਤ ਲਗਾਮ ਲੱਗੇਗੀ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਰਾਹਤ ਭਰੀ ਖ਼ਬਰ, ਅੱਜ ਹੋਣ ਵਾਲੇ 'ਰੇਲੇ ਰੋਕੋ ਅੰਦੋਲਨ' ਬਾਰੇ ਆਇਆ ਵੱਡਾ ਫ਼ੈਸਲਾ (ਵੀਡੀਓ)
ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਕੰਟਰੋਲਰ ਲਖਬੀਰ ਸਿੰਘ ਸੰਧੂ ਤੇ ਸਰਤਾਜ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਭਰ 'ਚ ਕਰੀਬ 95 ਫ਼ੀਸਦੀ ਈ- ਕੇ. ਵਾਈ. ਸੀ. ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਸਖ਼ਤ ਸ਼ਬਦਾਂ 'ਚ ਚਿਤਾਵਨੀ ਦਿੱਤੀ ਕਿ ਗਰੀਬਾਂ ਦੇ ਹਿੱਸੇ ਦੀ ਕਣਕ ਦਾ ਇੱਕ-ਇੱਕ ਦਾਣਾ ਉਨ੍ਹਾਂ ਦੀ ਅਮਾਨਤ ਹੈ ਅਤੇ ਜੋ ਕੋਈ ਵੀ ਇਸ ਵਿੱਚ ਹੇਰਾ-ਫੇਰੀ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਿਭਾਗ ਦਾ ਦਾਅਵਾ ਹੈ ਕਿ ਇਸ ਡਿਜੀਟਲ ਸੁਧਾਰ ਨਾਲ ਪੂਰੀ ਵੰਡ ਪ੍ਰਣਾਲੀ 'ਚ ਪਾਰਦਰਸ਼ਤਾ ਆਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟੈੱਟ ਪ੍ਰੀਖਿਆ ਦੇ ਸੈਂਟਰ ਚੰਡੀਗੜ੍ਹ ਸ਼ਿਫਟ ਹੋਣ ’ਤੇ ਭੜਕੇ ਅਧਿਆਪਕ, ਫ਼ੈਸਲੇ ਦਾ ਕੀਤਾ ਤਿੱਖਾ ਵਿਰੋਧ
NEXT STORY