ਚੰਡੀਗੜ੍ਹ (ਮਨਪ੍ਰੀਤ) : ਚੰਡੀਗੜ੍ਹ ਪ੍ਰਸ਼ਾਸਨ ਨੇ ਐਗਰੀਗੇਟਰ ਕੰਪਨੀ ਰੈਪਿਡੋ ਨੂੰ ਰਾਹਤ ਦਿੰਦਿਆਂ ਉਸ ਦਾ ਮੁਅੱਤਲ ਲਾਈਸੈਂਸ ਤੁਰੰਤ ਪ੍ਰਭਾਵ ਨਾਲ ਬਹਾਲ ਕਰ ਦਿੱਤਾ ਹੈ। ਟਰਾਂਸਪੋਰਟ ਸਕੱਤਰ ਦੀਪਰਵਾ ਲਾਕੜਾ ਨੇ ਕੰਪਨੀ ਵੱਲੋਂ ਦਾਇਰ ਅਪੀਲ ’ਤੇ ਸੁਣਵਾਈ ਤੋਂ ਬਾਅਦ ਇਹ ਫ਼ੈਸਲਾ ਲਿਆ। ਹਾਲਾਂਕਿ ਲਾਈਸੈਂਸ ਬਹਾਲ ਹੋਣ ਦੇ ਬਾਵਜੂਦ ਅਗਲੇ ਦੋ ਮਹੀਨਿਆਂ ਤੱਕ ਸਟੇਟ ਟਰਾਂਸਪੋਰਟ ਅਥਾਰਟੀ (ਐੱਸ. ਟੀ. ਏ.) ਕੰਪਨੀ ਦੇ ਕੰਮਕਾਜ ’ਤੇ ਸਖ਼ਤ ਨਜ਼ਰ ਰੱਖੇਗੀ। ਅਪੀਲ ’ਤੇ ਸੁਣਵਾਈ ਦੌਰਾਨ ਟਰਾਂਸਪੋਰਟ ਸਕੱਤਰ ਨੇ ਨੋਟ ਕੀਤਾ ਕਿ ਕੰਪਨੀ ਨੂੰ 6 ਮਹੀਨਿਆਂ ਦੀ ਮੁਅੱਤਲੀ ਦੇ ਰੂਪ 'ਚ ਵੱਧ ਤੋਂ ਵੱਧ ਸਜ਼ਾ ਦਿੱਤੀ ਗਈ ਸੀ, ਜੋ ਮੁੱਢਲੀ ਨਜ਼ਰੇ ਜ਼ਿਆਦਾ ਲੱਗਦੀ ਹੈ। ਹੁਕਮਾਂ ਅਨੁਸਾਰ ਮੁਅੱਤਲੀ ਦੇ 45 ਦਿਨ ਪਹਿਲਾਂ ਹੀ ਬੀਤ ਚੁੱਕੇ ਸਨ।
ਇਹ ਵੀ ਪੜ੍ਹੋ : 'ਵਿਸ਼ਵਕਰਮਾ ਦਿਵਸ' 'ਤੇ ਜਨਤਕ ਛੁੱਟੀ ਐਲਾਨੀ ਜਾਵੇ', ਅਕਾਲੀ ਦਲ ਨੇ ਚੁੱਕੀ ਮੰਗ
ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਗ਼ੈਰ-ਟਰਾਂਸਪੋਰਟ ਵਾਹਨਾਂ ਦੀ ਵਰਤੋਂ ਦੀ ਇਜਾਜ਼ਤ ਅਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਬੰਧਿਤ ਨਿਯਮਾਂ 'ਚ ਸੋਧ ਦੀ ਪ੍ਰਕਿਰਿਆ ਨੂੰ ਵੀ ਧਿਆਨ ਵਿਚ ਰੱਖਿਆ ਗਿਆ। ਕੰਪਨੀ ਵੱਲੋਂ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਅਪੀਲੀ ਅਥਾਰਟੀ ਨੇ ਲਾਈਸੈਂਸ ਬਹਾਲ ਕਰਨ ਦੇ ਹੁਕਮ ਜਾਰੀ ਕੀਤੇ। ਰੈਪਿਡੋ ਦੇ ਡਾਇਰੈਕਟਰ-ਆਪਰੇਸ਼ਨਜ਼ ਸੁਨੀਲ ਸ਼ਾਹ ਨੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਕੰਪਨੀ ਲਾਗੂ ਨਿਯਮਾਂ ਦੀ ਪਾਲਣਾ ਕਰਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਅਤੇ ਸਬੰਧਤ ਧਿਰਾਂ ਨਾਲ ਮਿਲ ਕੇ ਕੰਮ ਕਰਦੀ ਰਹੇਗੀ। ਉਨ੍ਹਾਂ ਮੁਤਾਬਕ ਇਸ ਫ਼ੈਸਲੇ ਨਾਲ ਯਾਤਰੀਆਂ ਨੂੰ ਕਿਫ਼ਾਇਤੀ ਆਵਾਜਾਈ ਸੇਵਾਵਾਂ ਅਤੇ ਡਰਾਈਵਰਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਦੇ ਰਹਿਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਰੋਜ਼ਾਨਾ ਹੋ ਰਹੇ ਕਤਲਾਂ 'ਤੇ ਮਜੀਠੀਆ ਨੇ ਖੜ੍ਹੇ ਕੀਤੇ ਸਵਾਲ, ਸੂਬਾ ਸਰਕਾਰ 'ਤੇ ਸਾਧਿਆ ਨਿਸ਼ਾਨਾ
8 ਸਤੰਬਰ ਨੂੰ ਮੁਅੱਤਲ ਕੀਤਾ ਸੀ ਲਾਈਸੈਂਸ
ਚੰਡੀਗੜ੍ਹ 'ਚ ਟੈਕਸੀ ਚਾਲਕਾਂ ਦੇ ਪ੍ਰਦਰਸ਼ਨਾਂ ਤੋਂ ਬਾਅਦ ਐੱਸ. ਟੀ. ਏ. ਨੇ ‘ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਮੋਟਰ ਵ੍ਹੀਕਲਜ਼ ਐਗਰੀਗੇਟਰਜ਼ ਰੂਲਜ਼, 2025’ ਦੀ ਉਲੰਘਣਾ ਦੇ ਦੋਸ਼ ਹੇਠ 8 ਸਤੰਬਰ ਨੂੰ ਰੈਪਿਡੋ ਦਾ ਲਾਈਸੈਂਸ 6 ਮਹੀਨਿਆਂ ਲਈ ਮੁਅੱਤਲ ਕੀਤਾ ਸੀ। ਕੰਪਨੀ ’ਤੇ ਤੈਅ ਕਿਰਾਏ ਦੀ ਪਾਲਣਾ ਨਾ ਕਰਨ, ਗੈਰ-ਵਪਾਰਕ ਵਾਹਨਾਂ ਦੀ ਵਰਤੋਂ ਕਰਨ ਅਤੇ ਸਥਾਨਕ ਦਫ਼ਤਰ ਬੰਦ ਰੱਖਣ ਦੇ ਦੋਸ਼ ਲੱਗੇ ਸਨ। ਕੰਪਨੀ ਨੇ ਇਸ ਕਾਰਵਾਈ ਖ਼ਿਲਾਫ਼ 29 ਸਤੰਬਰ ਨੂੰ ਅਪੀਲ ਦਾਇਰ ਕੀਤੀ ਸੀ, ਜਿਸ ’ਤੇ 8 ਅਤੇ 13 ਅਕਤੂਬਰ ਨੂੰ ਸੁਣਵਾਈ ਹੋਈ।
30 ਹਜ਼ਾਰ ਡਰਾਈਵਰਾਂ ਦੀ ਰੋਜ਼ੀ-ਰੋਟੀ ਦਾ ਦਿੱਤਾ ਹਵਾਲਾ
ਸੁਣਵਾਈ ਦੌਰਾਨ ਰੈਪਿਡੋ ਦੇ ਨੁਮਾਇੰਦਿਆਂ ਨੇ ਦਲੀਲ ਦਿੱਤੀ ਕਿ ਲਾਈਸੈਂਸ ਦੀ 6 ਮਹੀਨਿਆਂ ਦੀ ਮੁਅੱਤਲੀ ਨਾਲ ਕੰਪਨੀ ਨਾਲ ਜੁੜੇ ਕਰੀਬ 30 ਹਜ਼ਾਰ ਡਰਾਈਵਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋ ਸਕਦੀ ਹੈ। ਕੰਪਨੀ ਨੇ ਦੱਸਿਆ ਕਿ ਉਹ ਡਰਾਈਵਰਾਂ ਤੋਂ 500 ਰੁਪਏ ਦੀ ਇਕਮੁਸ਼ਤ ਸਬਸਕ੍ਰਿਪਸ਼ਨ ਫ਼ੀਸ ਲੈਂਦੀ ਹੈ ਅਤੇ ਯਾਤਰੀ ਅਤੇ ਡਰਾਈਵਰ ਆਪਸੀ ਸਹਿਮਤੀ ਨਾਲ ਕਿਰਾਇਆ ਤੈਅ ਕਰਦੇ ਹਨ। ਕੰਪਨੀ ਨੇ ਆਪਣਾ ਸਥਾਨਕ ਦਫ਼ਤਰ ਸੈਕਟਰ 33-ਡੀ 'ਚ ਤਬਦੀਲ ਕਰਨ ਦੀ ਜਾਣਕਾਰੀ ਵੀ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਹਿਮ ਖ਼ਬਰ, 12 ਨਵੰਬਰ ਤੋਂ ਸ਼ੁਰੂ ਹੋਵੇਗੀ ਇਹ ਪ੍ਰਕਿਰਿਆ
NEXT STORY