ਮਾਨਸਾ : ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਖਿਆ ਹੈ ਕਿ ਉਸ ਦੇ ਪੁੱਤ ਨੂੰ ਸਿਰਫ ਇਸ ਕਰਕੇ ਕਤਲ ਕੀਤਾ ਗਿਆ ਹੈ ਕਿਉਂਕਿ ਉਸ ਨੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਸੀ, ਜੋ ਕੁੱਝ ਲੋਕਾਂ ਦੀਆਂ ਅੱਖਾਂ ਵਿਚ ਰੜਕਣ ਲੱਗ ਗਈ ਸੀ ਅਤੇ ਉਹ ਉਸ ਦੇ ਕਰੀਅਰ ’ਤੇ ਕਬਜ਼ਾ ਕਰਨਾ ਚਾਹੁੰਦੇ ਸਨ। ਬਲਕੌਰ ਸਿੰਘੂ ਪਿੰਡ ਬੁਰਜ ਡਲਵਾ 'ਚ ਆਪਣੇ ਪੁੱਤਰ ਸਿੱਧੂ ਮੂਸੇਵਾਲਾ ਦੇ ਨਾਂ ’ਤੇ ਰੱਖੀ ਜਾਣ ਵਾਲੀ ਸੜਕ ਦਾ ਉਦਘਾਟਨ ਕਰਨ ਪਹੁੰਚੇ ਹੋਏ ਸਨ। ਇਸ ਸੜਕ ਨੂੰ ਸਿੱਧੂ ਮੂਸੇਵਾਲਾ ਨੇ ਚੋਣਾਂ ਤੋਂ ਪਹਿਲਾਂ ਪਾਸ ਕਰਵਾਇਆ ਸੀ, ਜਿਸ ਦਾ ਅੱਜ ਉਨ੍ਹਾਂ ਦੇ ਪਿਤਾ ਨੇ ਉਦਘਾਟਨ ਕੀਤਾ ਹੈ। ਇਸ ਦੌਰਾਨ ਬਲਕੌਰ ਸਿੰਘ ਨੇ ਕਿਹਾ ਕਿ ਸ਼ੁੱਭਦੀਪ ਸਿੰਘ ਦੇ ਅਧੂਰਿਆਂ ਸੁਫਨਿਆਂ ਨੂੰ ਉਹ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਵੱਡਾ ਖੁਲਾਸਾ, ਸਾਬਕਾ ਅਕਾਲੀ ਮੰਤਰੀ ਦੇ ਭਤੀਜੇ ਦਾ ਨਾਂ ਆਇਆ ਸਾਹਮਣੇ
ਨਮ ਅੱਖਾਂ ਨਾਲ ਲੋਕਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਗੁਰਬਤ ’ਚੋਂ ਉੱਠਿਆ ਸੀ। ਬੱਚਿਆਂ ਵਲੋਂ ਪ੍ਰਾਪਤ ਕੀਤੀ ਉੱਚ ਸਿੱਖਿਆ ਨੇ ਸਾਡੇ ਪਰਿਵਾਰ ਦੀ ਦਸ਼ਾ ਬਦਲੀ ਸੀ। ਸਿੱਧੂ ਨੇ ਤਰੱਕੀ ਇੰਨੀ ਜ਼ਿਆਦਾ ਕਰ ਲਈ ਸੀ ਕਿ ਉਹ ਕੁੱਝ ਲੋਕਾਂ ਨੂੰ ਰੜਕਣ ਲੱਗ ਗਈ ਸੀ। ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਦਿਹਾੜੀ ਕਰਕੇ ਆਪਣੀ ਜ਼ਿੰਦਗੀ ਬਸਰ ਕੀਤੀ ਪਰ ਇਹ ਲੋਕਾਂ ਨੂੰ ਨਜ਼ਰ ਨਹੀਂ ਆਇਆ ਪਰ ਸਿੱਧੂ ਦੀ ਚੜ੍ਹਾਈ ਨਜ਼ਰ ਆ ਗਈ, ਜਿਸ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਿੱਧੂ ਵੋਟਾਂ ਵਿਚ ਸਿਰਫ ਲੋਕਾਂ ਦੇ ਕੰਮ ਕਰਨ ਲਈ ਖੜ੍ਹਾ ਹੋਇਆ ਸੀ, ਉਹ ਕਹਿੰਦਾ ਸੀ ਕਿ ਮੈਂ ਇਥੇ ਵਿਕਾਸ ਦੇ ਵੱਡੇ ਕੰਮ ਕਰਾਂਗਾ ਅਤੇ ਹਸਪਤਾਲ ਬਣਾਵਾਂਗਾ। ਜਦੋਂ ਚੋਣਾਂ ਵਿਚ ਹਾਰ ਮਿਲੀ ਤਾਂ ਉਹ ਨਿਰਾਸ਼ ਹੋ ਗਿਆ ਅਤੇ ਦੋਬਾਰਾ ਵੋਟਾਂ ’ਚ ਨਾ ਖੜ੍ਹਾ ਹੋਣ ਦੀ ਗੱਲ ਆਖੀ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਉਜਾੜ ਕੇ ਰੱਖ ਦਿੱਤਾ ਪਰਿਵਾਰ, ਨੌਜਵਾਨ ਭੈਣ-ਭਰਾ ਦੀ ਇਕੱਠਿਆਂ ਹੋਈ ਮੌਤ
ਸਾਡੇ ਪਰਿਵਾਰ ਨਾਲ ਧੱਕਾ ਹੋਇਆ
ਸਿੱਧੂ ਮੂਸੇਵਾਲਾ ਦਾ ਪਿਤਾ ਨੇ ਕਿਹਾ ਕਿ ਮੈਂ ਪਹਿਲਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ’ਤੇ ਹੱਥ ਰੱਖ ਕੇ ਕਿਹਾ ਸੀ ਕਿ ਸਾਡਾ ਕਿਸੇ ਮਾੜੇ ਬੰਦੇ ਨਾਲ ਜਾਂ ਕਿਸੇ ਕਤਲ ਨਾਲ ਕੋਈ ਸੰਬੰਧ ਨਹੀਂ ਹੈ। ਜੇਕਰ ਅਸੀਂ ਗ਼ਲਤ ਹੁੰਦੇ ਤਾਂ ਪੁਲਸ ਪ੍ਰਸ਼ਾਸਨ ਸਾਡੇ ’ਤੇ ਕਾਰਵਾਈ ਕਰਦਾ। ਸਾਡੀ ਤਰੱਕੀ ਹੀ ਸਾਡੇ ਲਈ ਮਾੜੀ ਬਣੀ ਹੈ। ਅੱਜ ਤੱਕ ਕਦੇ ਕੋਈ ਸਿਆਸੀ ਲੀਡਰ ਜਾਂ ਗੈਂਗਸਟਰ ਨਹੀਂ ਮਾਰਿਆ ਗਿਆ, ਸਿਰਫ ਸਾਡੇ ਵਰਗੇ ਆਮ ਘਰਾਂ ਦੇ ਪੁੱਤ ਹੀ ਮਾਰੇ ਜਾਂਦੇ ਹਨ। ਇਹ ਭਰਾ ਮਾਰੂ ਜੰਗ ਹੈ, ਜਿਸ ਵਿਚ ਨਾ ਕੋਈ ਲੀਡਰ ਮਰਦਾ ਤੇ ਨਾ ਕੋਈ ਗੈਂਗਸਟਰ।
ਇਹ ਵੀ ਪੜ੍ਹੋ : ਗਰੀਬ ਪਰਿਵਾਰ ਤੋਂ ਟੁੱਟਾ ਦੁੱਖਾਂ ਦਾ ਪਹਾੜ, ਚਾਰ ਧੀਆਂ ਤੋਂ ਬਾਅਦ ਹੋਏ ਇਕਲੌਤੇ ਪੁੱਤ ਦੀ ਅਚਾਨਕ ਮੌਤ
ਚੋਣਾਂ ਸਮੇਂ 7-8 ਵਾਰ ਹੋਇਆ ਸੀ ਹਮਲਾ
ਬਲਕੌਰ ਸਿੰਘ ਨੇ ਕਿਹਾ ਕਿ ਚੋਣਾਂ ਸਮੇਂ ਵੀ ਸਿੱਧੂ ’ਤੇ 7-8 ਵਾਰ ਹਮਲਾ ਹੋਇਆ ਸੀ ਪਰ ਸੁਰੱਖਿਆ ਹੋਣ ਕਰਕੇ ਬਚਾਅ ਹੁੰਦਾ ਰਿਹਾ। ਸਿੱਧੂ ਨੂੰ ਮਾਰਨ ਲਈ 50-60 ਬੰਦੇ ਉਸ ਪਿੱਛੇ ਲੱਗੇ ਹੋਏ ਸਨ ਪਰ ਜਦੋਂ ਸਰਕਾਰ ਨੇ ਸੁਰੱਖਿਆ ਵਾਪਸ ਲੈਣ ਦੀ ਜਾਣਕਾਰੀ ਜਨਤਕ ਕਰ ਦਿੱਤੀ ਤਾਂ ਉਸ ਸਮੇਂ ਖ਼ਤਰਾ ਵੱਧ ਗਿਆ। ਸਿੱਧੂ ਦੀ ਸੁਰੱਖਿਆ ਵਾਪਸ ਨਹੀਂ ਲਈ ਗਈ ਸੀ ਸਗੋਂ ਘਟਾਈ ਗਈ ਸੀ, ਜਿਨ੍ਹਾਂ ’ਤੇ ਸਿੱਧੂ ਭਰੋਸਾ ਕਰਦਾ ਸੀ, ਉਹ ਸੁਰੱਖਿਆ ਗਾਰਡ ਵਾਪਸ ਕਰ ਦਿੱਤੇ ਗਏ ਸਨ। ਘਟਨਾ ਵਾਲੇ ਦਿਨ ਮੈਂ ਗੱਡੀ ਪਿੱਛੇ ਲਗਾ ਰਿਹਾ ਸੀ, ਬਦਕਿਸਮਤੀ ਨਾਲ ਗੱਡੀ ਦਾ ਟਾਇਰ ਪੈਂਚਰ ਹੋ ਗਿਆ, ਸਿੱਧੂ ਨੇ ਕਿਹਾ ਕਿ ਇਸ ਗੱਡੀ ਨੂੰ ਅੰਦਰ ਲਗਾ ਦਿਓ, ਇੰਨੇ ਵਿਚ ਉਹ ਆਪਣੀ ਗੱਡੀ ਦਾ ਗੇਅਰ ਪਾ ਕੇ ਚਲਾ ਗਿਆ ਅਤੇ 7-8 ਮਿੰਟਾਂ ਬਾਅਦ ਫੋਨ ਆ ਗਿਆ ਕਿ ਸਿੱਧੂ ’ਤੇ ਗੋਲੀਆਂ ਚੱਲ ਗਈਆਂ ਹਨ। ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਦੇ ਸੁਫ਼ਨੇ ਬਹੁਤ ਵੱਡੇ ਸਨ ਜਿਨ੍ਹਾਂ ਨੂੰ ਉਹ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ।
ਇਹ ਵੀ ਪੜ੍ਹੋ : ਬਾਬਾ ਗਿਆਨੀ ਨੇ ਰੇਕੀ ਕਰ ਕੇ ਸੁੱਖਾ ਗੈਂਗਸਟਰ ਨੂੰ ਦਿੱਤੀ ਸੀ ਕਾਰੋਬਾਰੀ ਬਾਰੇ ਜਾਣਕਾਰੀ, ਇੰਝ ਹੋਇਆ ਖੁਲਾਸਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਵੱਡੀ ਖ਼ਬਰ : ਜਬਰ-ਜ਼ਿਨਾਹ ਮਾਮਲੇ ਨੂੰ ਲੈ ਕੇ ਅਦਾਲਤ 'ਚ ਆਤਮ-ਸਮਰਪਣ ਕਰ ਸਕਦੇ ਨੇ 'ਸਿਮਰਜੀਤ ਬੈਂਸ'
NEXT STORY