ਜਲੰਧਰ (ਮਹੇਸ਼)–ਜਲੰਧਰ ਜ਼ਿਲ੍ਹਾ ਦਿਹਾਤੀ ਪੁਲਸ ਨੇ ਭੋਗਪੁਰ ’ਚ ਹੋਏ ਮਰਡਰ ਦੇ ਕੇਸ ਨੂੰ ਟ੍ਰੇਸ ਕਰਦੇ ਹੋਏ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਕਤਲ ਕਾਂਡ ਦੇ ਮਾਸਟਰਮਾਈਂਡ ਅਤੇ ਉਸ ਦੇ 2 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਮਹੀਨੇ ਤਕ ਚੱਲੀ ਬਾਰੀਕੀ ਨਾਲ ਜਾਂਚ ਤੋਂ ਬਾਅਦ ਮੁੱਖ ਮੁਲਜ਼ਮ ਨੂੰ ਦੁਬਈ ਭੱਜਣ ਦੀ ਕੋਸ਼ਿਸ਼ ਕਰਦਿਆਂ ਚੰਡੀਗੜ੍ਹ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਅਰੁਣ ਕੁਮਾਰ ਉਰਫ਼ ਅਰੂ (ਮਾਸਟਰਮਾਈਂਡ) ਪੁੱਤਰ ਸਤੀਸ਼ ਕੁਮਾਰ ਨਿਵਾਸੀ ਵਾਰਡ ਨੰਬਰ 6 ਗੁਰੂ ਨਾਨਕ ਨਗਰ (ਭੋਗਪੁਰ), ਮਨਦੀਪ ਕੁਮਾਰ ਉਰਫ ਮਨੀ ਪੁੱਤਰ ਰਾਜ ਕੁਮਾਰ ਨਿਵਾਸੀ ਗੁਰੂ ਨਾਨਕ ਨਗਰ (ਭੋਗਪੁਰ) ਅਤੇ ਰਣਜੀਤ ਕੁਮਾਰ ਉਰਫ਼ ਕਾਕਾ ਭਈਆ ਨਿਵਾਸੀ ਨਵੀਂ ਆਬਾਦੀ ਭੋਗਪੁਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਪੰਜਾਬ ਦਾ ਇਹ ਨੈਸ਼ਨਲ ਹਾਈਵੇਅ ਰਹੇਗਾ ਬੰਦ, ਡਾਇਵਰਟ ਕੀਤੇ ਗਏ ਰੂਟ
ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ 22 ਸਤੰਬਰ ਨੂੰ ਮੋਗਾ ਗੇਟ (ਭੋਗਪੁਰ) ਨੇੜੇ ਜਸਪਾਲ ਸਿੰਘ ਉਰਫ਼ ਸ਼ਾਲੂ ਦੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਕਤਲ ਦੀ ਯੋਜਨਾ ਬਹੁਤ ਹੀ ਸਾਵਧਾਨੀ ਨਾਲ ਬਣਾਈ ਗਈ ਅਤੇ ਉਸਨੂੰ ਅੰਜਾਮ ਦਿੱਤਾ ਗਿਆ, ਜਿਸ ਵਿਚ ਪੀੜਤ ਦੇ ਸਿਰ ’ਚ 3 ਗੋਲੀਆਂ ਮਾਰੀਆਂ ਗਈਆਂ। ਤੁਰੰਤ ਕਾਰਵਾਈ ਕਰਦੇ ਹੋਏ ਐੱਸ. ਪੀ. (ਇਨਵੈਸਟੀਗੇਸ਼ਨ) ਜਸਰੂਪ ਕੌਰ ਬਾਠ ਆਈ. ਪੀ. ਐੱਸ. ਅਤੇ ਡੀ. ਐੱਸ. ਪੀ. ਕੁਲਵੰਤ ਸਿੰਘ ਪੀ. ਪੀ. ਐੱਸ. ਅਤੇ ਇੰਸ. ਸਿਕੰਦਰ ਸਿੰਘ ਵਿਰਕ, ਐੱਸ. ਐੱਚ. ਓ. ਭੋਗਪੁਰ ਦੀ ਅਗਵਾਈ ਵਿਚ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਸਨ। ਇੰਸ. ਸਿਕੰਦਰ ਸਿੰਘ ਵਿਰਕ ਨੇ ਮੁਲਜ਼ਮ ਨੂੰ ਏਅਰਪੋਰਟ ’ਤੇ ਕਾਬੂ ਕਰਨ ਤੋਂ ਪਹਿਲਾਂ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ। ਐੱਸ. ਐੱਸ. ਪੀ. ਖੱਖ ਨੇ ਕਿਹਾ ਕਿ ਅਸੀਂ ਸਾਰੇ ਏਅਰਪੋਰਟਾਂ ’ਤੇ ਐੱਲ. ਓ. ਸੀ. ਜਾਰੀ ਕਰ ਦਿੱਤੀ ਸੀ ਅਤੇ ਆਪਣੇ ਖ਼ੁਫ਼ੀਆ ਨੈੱਟਵਰਕ ਜ਼ਰੀਏ ਸਾਨੂੰ ਉਸ ਦੇ ਵਿਦੇਸ਼ ਭੱਜਣ ਦੀ ਕੋਸ਼ਿਸ਼ ਬਾਰੇ ਪਤਾ ਲੱਗਾ।
ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਪਿਛਲੇ ਕਈ ਟਕਰਾਵਾਂ ਤੋਂ ਪੈਦਾ ਹੋਈ ਨਿੱਜੀ ਦੁਸ਼ਮਣੀ ਕਾਰਨ ਇਹ ਹੱਤਿਆ ਕੀਤੀ ਗਈ। ਪੁਲਸ ਦੀ ਜਾਂਚ ਵਿਚ ਪਤਾ ਲੱਗਾ ਕਿ ਮੁਲਜ਼ਮਾਂ ਨੇ ਕਤਲ ਵਾਲੇ ਦਿਨ ਪੀੜਤ ਦਾ ਪਿੱਛਾ ਕੀਤਾ ਸੀ ਅਤੇ ਆਖਿਰਕਾਰ ਰਾਤ ਸਮੇਂ ਆਪਣੀ ਯੋਜਨਾ ਨੂੰ ਅੰਜਾਮ ਦਿੱਤਾ।
ਇਸ ਤੋਂ ਪਹਿਲਾਂ ਪੁਲਸ ਟੀਮ ਨੇ ਉਸ ਦੇ 3 ਸਾਥੀਆਂ ਰਵੀ ਕੁਮਾਰ ਉਰਫ਼ ਰਵੀ ਪੁੱਤਰ ਰਾਮ ਕਿਸ਼ਨ ਨਿਵਾਸੀ ਗੇਹਲਰਾਂ, ਗੁਰਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਨਿਵਾਸੀ ਬਿਨਪਾਲਕੇ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਜਗਦੀਸ਼ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਇਕ 32 ਬੋਰ ਦੀ ਪਿਸਤੌਲ ਅਤੇ ਇਕ 315 ਬੋਰ ਦੀ ਦੇਸੀ ਪਿਸਤੌਲ ਬਰਾਮਦ ਕੀਤੀ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਰਣਜੀਤ ਕੁਮਾਰ ਨਾਂ ਦੇ ਇਕ ਪ੍ਰਵਾਸੀ, ਜਿਹੜਾ ਕਿ ਬਿਹਾਰ ਦੇ ਮੁਜ਼ੱਫਰ ਨਗਰ ਵਿਚ ਰਹਿੰਦਾ ਹੈ, ਤੋਂ ਹਥਿਆਰ ਖ਼ਰੀਦੇ ਸਨ, ਜੋ ਅੰਤਰਰਾਜੀ ਹਥਿਆਰ ਸਪਲਾਈ ਨੈੱਟਵਰਕ ਚਲਾ ਰਿਹਾ ਸੀ।
ਇਹ ਵੀ ਪੜ੍ਹੋ- Positive News: ਪਾਸਪੋਰਟ ਬਣਵਾਉਣ ਵਾਲਿਆਂ ਲਈ ਅਹਿਮ ਖ਼ਬਰ, ਤੁਰੰਤ ਕਰੋ ਇਹ ਕੰਮ
ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੁਲਸ ਦੀ ਟੀਮ ਨੇ ਰਣਜੀਤ ਕੁਮਾਰ ਨੂੰ ਕਾਬੂ ਕਰ ਲਿਆ, ਜਿਸ ਨੇ ਬਾਅਦ ਵਿਚ ਪੰਜਾਬ ਭਰ ਵਿਚ 40 ਹਜ਼ਾਰ ਤੋਂ 60 ਹਜ਼ਾਰ ਰੁਪਏ ਪ੍ਰਤੀ ਪਿਸਤੌਲ ਦੀ ਕੀਮਤ ’ਤੇ ਹਥਿਆਰਾਂ ਦੀ ਸਪਲਾਈ ਕਰਨ ਦੀ ਗੱਲ ਕਬੂਲ ਕੀਤੀ। ਪੁਲਸ ਟੀਮ ਨੇ ਹੱਤਿਆ ਲਈ ਵਰਤੇ ਹਥਿਆਰ ਸਮੇਤ ਤਿੰਨ 32 ਬੋਰ ਦੀਆਂ ਪਿਸਤੌਲ ਅਤੇ 6 ਜ਼ਿੰਦਾ ਰੌਂਦ ਵੀ ਬਰਾਮਦ ਕੀਤੇ। ਵਾਰਦਾਤ ਵਿਚ ਵਰਤੀ ਗਈ ਮੋਟਰਸਾਈਕਲ ਸੌਰਵਦੀਪ ਸਿੰਘ ਉਰਫ ਸੌਰਵ ਨਾਂ ਦੇ ਇਕ ਵਿਅਕਤੀ ਤੋਂ ਬਰਾਮਦ ਕੀਤੀ ਗਈ, ਜੋ ਕਿ ਹੱਤਿਆ ਦੇ ਬਾਅਦ ਤੋਂ ਸਬੂਤ ਲੁਕਾ ਰਿਹਾ ਸੀ।
ਪੁਲਸ ਸਟੇਸ਼ਨ ਭੋਗਪੁਰ ਵਿਚ ਧਾਰਾ 103 (1), 191 (3), 190, 61 (2) ਬੀ. ਐੱਨ. ਐੱਸ. ਅਤੇ 25/54/59 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੁਲਸ ਹਥਿਆਰਾਂ ਦੀ ਸਪਲਾਈ ਦੇ ਨੈੱਟਵਰਕ ਅਤੇ ਹੋਰਨਾਂ ਵਿਅਕਤੀਆਂ ਦੀ ਸੰਭਾਵਿਤ ਸ਼ਮੂਲੀਅਤ ਦੀ ਅਗਲੀ ਜਾਂਚ ਲਈ ਰਿਮਾਂਡ ਵਧਾਉਣ ਦੀ ਮੰਗ ਕਰ ਰਹੀ ਹੈ। ਐੱਸ. ਐੱਸ. ਪੀ. ਖੱਖ ਨੇ ਮੁਜਰਿਮਾਂ ਨੂੰ ਸਖ਼ਤ ਚਿੰਤਾਵਨੀ ਦਿੰਦਿਆਂ ਕਿਹਾ ਕਿ ਇਹ ਗ੍ਰਿਫਤਾਰੀ ਇਹ ਇਕ ਸਪੱਸ਼ਟ ਸੰਦੇਸ਼ ਦਿੰਦੀ ਹੈ ਕਿ ਮੁਜਰਿਮ ਭਾਵੇਂ ਕਿਤੇ ਵੀ ਲੁਕਣ ਜਾਂ ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰਨ, ਜਲੰਧਰ ਦਿਹਾਤੀ ਪੁਲਸ ਉਨ੍ਹਾਂ ਨੂੰ ਲੱਭ ਲਵੇਗੀ।
ਆਪ੍ਰੇਸ਼ਨ ਦੀਆਂ ਮੁੱਖ ਗੱਲਾਂ
-ਮਹੀਨਾ ਭਰ ਚੱਲੇ ਆਪ੍ਰੇਸ਼ਨ ਤੋਂ ਬਾਅਦ ਮਾਸਟਰਮਾਈਂਡ ਦੀ ਗ੍ਰਿਫ਼ਤਾਰੀ
-ਚੰਡੀਗੜ੍ਹ ਏਅਰਪੋਰਟ ਤੋਂ ਐੱਲ. ਓ. ਸੀ. ਜ਼ਰੀਏ ਮੁਲਜ਼ਮ ਨੂੰ ਕੀਤਾ ਕਾਬੂ
- ਤਿੰਨ 32 ਬੋਰ ਦੀਆਂ ਪਿਸਤੌਲ ਅਤੇ 6 ਜ਼ਿੰਦਾ ਰੌਂਦ ਬਰਾਮਦ
-ਅੰਤਰਰਾਜੀ ਹਥਿਆਰ ਸਪਲਾਈ ਨੈੱਟਵਰਕ ਦਾ ਭਾਂਡਾ ਭੱਜਾ, ਸਪਲਾਇਰ ਗ੍ਰਿਫ਼ਤਾਰ
-ਕਤਲ ਲਈ ਵਰਤੇ ਹਥਿਆਰ ਅਤੇ ਵਾਹਨ ਜ਼ਬਤ
-3 ਮੁਲਜ਼ਮ ਗ੍ਰਿਫ਼ਤਾਰ, ਹੋਰ ਖੁਲਾਸੇ ਹੋਣ ਦੀ ਉਮੀਦ
-ਹੁਣ ਤਕ ਕੁੱਲ 6 ਗ੍ਰਿਫ਼ਤਾਰੀਆਂ ਅਤੇ 5 ਹਥਿਆਰ ਜ਼ਬਤ
ਇਹ ਵੀ ਪੜ੍ਹੋ- MP ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ਸਣੇ 2 ਹੋਰ ਨੌਜਵਾਨਾਂ ਨੂੰ ਲਿਆ ਪ੍ਰੋਡਕਸ਼ਨ ਵਾਰੰਟ ’ਤੇ, ਜਾਣੋ ਪੂਰਾ ਮਾਮਲਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਹੋਇਆ ਡੇਂਗੂ
NEXT STORY