ਜਲੰਧਰ/ਸੁਲਤਾਨਪੁਰ ਲੋਧੀ (ਧੀਰ)-ਸੁਲਤਾਨਪੁਰ ਲੋਧੀ ਦੇ ਨੇੜਲੇ ਕਸਬੇ ਲੋਹੀਆਂ ਖਾਸ ਦੇ ਪਿੰਡ ਕੁਤਬੀਵਾਲ ਪੁੱਜੀ ਸੀ. ਆਈ. ਏ. ਟੀਮ ਅਤੇ ਨਸ਼ਾ ਸਮੱਗਲਰਾਂ ਵਿਚਕਾਰ ਬੀਤੇ ਦਿਨੀਂ ਗੋਲ਼ੀਬਾਰੀ ਹੋਈ। ਇਸ ਦੌਰਾਨ ਕੁਤਬੀਵਾਲ ਦੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਦੇ ਮਾਰੇ ਜਾਣ ਦੀਆਂ ਖ਼ਬਰ ਮਿਲੀ ਸੀ, ਜਦਕਿ ਪੁਲਸ ਵੱਲੋਂ ਲਵਪ੍ਰੀਤ ਸਿੰਘ ਉਰਫ਼ ਲੱਭਾ ਅਤੇ ਰੋਹਿਤ ਉਰਫ਼ ਰੋਹੀ ਨੂੰ ਹੈਰੋਇਨ ਅਤੇ ਅਸਲੇ ਸਮੇਤ ਕਾਬੂ ਕਰ ਲਿਆ ਗਿਆ ਹੈ।
ਉਧਰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਸ ਕਪਤਾਨ ਹਰਵਿੰਦਰ ਸਿੰਘ ਵਿਰਕ, ਪੀ. ਪੀ. ਐੱਸ. ਨੇ ਦੱਸਿਆ ਸੀ ਕਿ ਸਰਬਜੀਤ ਰਾਏ, ਪੀ. ਪੀ. ਐੱਸ. ਪੁਲਸ ਕਪਤਾਨ (ਇੰਨਵੈਸਟੀਗੇਸ਼ਨ) ਦੀ ਅਗਵਾਈ ਹੇਠ ਸੀ. ਆਈ. ਏ. ਟੀਮ ਨੂੰ ਗੁਪਤ ਸੂਚਨਾ ’ਤੇ ਆਧਾਰ ’ਤੇ ਪਿੰਡ ਕੁਤਬੀਵਾਲ ਥਾਣਾ ਲੋਹੀਆਂ ਵਿਖੇ ਕਾਰਵਾਈ ਲਈ ਭੇਜਿਆ ਗਿਆ ਸੀ।
ਉਨ੍ਹਾਂ ਕਿਹਾ ਕਿ ਇਹ ਟੀਮ ਪਿੰਡ ਕੁਤਬੀਵਾਲ (ਥਾਣਾ ਲੋਹੀਆਂ) ਵਿਖੇ ਛਾਪੇਮਾਰੀ ਕਰਨ ਗਈ ਸੀ। ਛਾਪੇਮਾਰੀ ਦੌਰਾਨ ਟੀਮ ਨੇ 3 ਸ਼ੱਕੀ ਵਿਅਕਤੀਆਂ ਨੂੰ ਚੈੱਕ ਕੀਤਾ, ਜਦੋਂ ਪੁਲਸ ਅਧਿਕਾਰੀ ਉਨ੍ਹਾਂ ਦੀ ਚੈਕਿੰਗ ਕਰ ਰਹੇ ਸਨ, ਉਸ ਸਮੇਂ ਗੁਰਪ੍ਰੀਤ ਉਰਫ਼ ਗੋਪੀ ਨੇ ਏ. ਐੱਸ. ਆਈ. ਮਨਦੀਪ ਸਿੰਘ ਗੋਨਾ ਉੱਤੇ ਆਪਣਾ ਹਥਿਆਰ ਤਾਣ ਦਿੱਤਾ, ਜਿਸ ਕਾਰਨ ਉਹ ਆਪਸ ਵਿਚ ਗੁਥਮ-ਗੁੱਥਾ ਹੋ ਗਏ।
ਇਹ ਵੀ ਪੜ੍ਹੋ: ਮੁਕੰਦਪੁਰ 'ਚ ਅੱਗਜ਼ਨੀ ਦੀ ਵੱਡੀ ਘਟਨਾ, ਕਿਸਾਨਾਂ ਦੇ 60 ਖੇਤ ਸੜ ਕੇ ਹੋਏ ਸੁਆਹ
ਇਸ ਆਪਸੀ ਤਰਕਾਰ ਦੌਰਾਨ ਗੁਰਪ੍ਰੀਤ ਗੋਪੀ ਨੇ ਏ. ਐੱਸ. ਆਈ. ਮਨਦੀਪ ਸਿੰਘ ਉਰਫ਼ ਗੋਨਾ 'ਤੇ ਫਾਇਰ ਕਰ ਦਿੱਤਾ, ਇਸੇ ਦੌਰਾਨ ਫੁਰਤੀ ਵਿਖਾਉਂਦੇ ਹੋਏ ਏ. ਐੱਸ. ਆਈ. ਮਨਦੀਪ ਸਿੰਘ ਹੇਠਾਂ ਬੈਠ ਗਿਆ ਅਤੇ ਖ਼ੁਦ ਨੂੰ ਅਸੁਰੱਖਿਅਤ ਸਮਝਦੇ ਹੋਏ ਏ. ਐੱਸ. ਆਈ. ਮਨਦੀਪ ਸਿੰਘ ਗੋਨਾ ਨੇ ਨਿੱਜੀ ਸੁਰੱਖਿਆ ਲਈ ਗੋਲ਼ੀ ਚਲਾਈ, ਜੋ ਗੁਰਪ੍ਰੀਤ ਉਰਫ਼ ਗੋਪੀ ਨੂੰ ਲੱਗੀ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।
ਉਧਰ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਮ੍ਰਿਤਕ ਗੁਰਪ੍ਰੀਤ ਸਿੰਘ ਗੋਪੀ ਦੇ ਪਰਿਵਾਰਿਕ ਮੈਂਬਰ ਮੀਡੀਆ ਸਾਹਮਣੇ ਆਏ ਹਨ। ਜਾਣਕਾਰੀ ਦਿੰਦੇ ਹੋਏ ਉਸ ਦੇ ਭਰਾ ਜਸ਼ਨਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਕੁਤਬੀਵਾਲ ਨੇ ਪੁਲਸ ਦੀ ਕਾਰਵਾਈ ਨੂੰ ਸਿਰਫ਼ ਧੱਕੇਸ਼ਾਹੀ ਕਰਾਰ ਦਿੱਤਾ ਹੈ ਅਤੇ ਐਨਕਾਊਂਟਰ ਨੂੰ ਵੀ ਫੇਕ ਐਨਕਾਊਂਟਰ ਕਰਾਰ ਦਿੱਤਾ ਹੈ। ਮ੍ਰਿਤਕ ਗੁਰਪ੍ਰੀਤ ਦੇ ਛੋਟੇ ਭਰਾ ਜਸਪ੍ਰੀਤ ਸਿੰਘ ਨੇ ਕਿਹਾ ਕਿ ਮੇਰਾ ਭਰਾ ਅਤੇ ਉਸ ਦੇ ਸਾਥੀ ਪਿੰਡ ’ਚ ਇਕ ਮੋਟਰ ’ਤੇ ਮੌਜੂਦ ਸੀ ਅਤੇ ਕਣਕ ਵੱਢਣ ਦਾ ਕੰਮ ਕਰ ਰਹੇ ਸਨ। ਅਚਾਨਕ ਗੋਲ਼ੀਆਂ ਚੱਲਣ ਦੀ ਆਵਾਜ਼ ਆਉਂਦੀ ਹੈ, ਇਸ ਤੋਂ ਬਾਅਦ ਸਾਨੂੰ ਪਤਾ ਲੱਗਦਾ ਹੈ ਕਿ ਪਿੰਡ ਵਿਚ ਪੁਲਸ ਆਈ ਹੋਈ ਹੈ ਅਤੇ ਪੁਲਸ ਇਨ੍ਹਾਂ ਨੂੰ ਉਥੋਂ ਲੈ ਕੇ ਚਲੀ ਜਾਂਦੀ ਹੈ, ਸਾਨੂੰ ਸ਼ਾਮ ਸਾਢੇ 6 ਵਜੇ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਗੁਰਪ੍ਰੀਤ ਸਿੰਘ ਦੀ ਮੌਤ ਹੋ ਚੁੱਕੀ ਹੈ। ਸਾਨੂੰ ਕੁਝ ਨਹੀਂ ਪਤਾ ਕਿ ਗੁਰਪ੍ਰੀਤ ਸਿੰਘ ਨੂੰ ਉੱਥੇ ਪਿੰਡ ’ਚ ਹੀ ਗੋਲ਼ੀ ਮਾਰੀ ਗਈ ਹੈ ਜਾਂ ਪਾਸੇ ਲਿਜਾ ਕੇ ਕਿਥੇ ਹੋਰ ਗੋਲ਼ੀ ਮਾਰੀ ਗਈ ਹੈ। ਪੁਲਸ ਵੱਲੋਂ ਲਗਾਏ ਜਾ ਰਹੇ ਆ ਦੋਸ਼ ਬਿਲਕੁਲ ਬੇਬੁਨਿਆਦ ਹਨ, ਉਨ੍ਹਾਂ ਕੋਲ ਕਿਸੇ ਕਿਸਮ ਦਾ ਅਸਲਾ ਨਹੀਂ ਸੀ ਨਾ ਹੀ ਉਨ੍ਹਾਂ ’ਤੇ ਪਹਿਲੋਂ ਕਦੇ ਕੋਈ ਨਸ਼ਾ ਸਮੱਗਲਿੰਗ ਨੂੰ ਲੈ ਕੇ ਕੋਈ ਮਾਮਲਾ ਹੀ ਦਰਜ ਸੀ। ਲਿਹਾਜ਼ਾ ਉਨ੍ਹਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁਜ਼ਾਰਿਸ਼ ਕੀਤੀ ਗਈ ਕਿ ਅਜਿਹੀਆਂ ਝੂਠੀਆਂ ਕਾਰਵਾਈਆਂ ਤੋਂ ਗੁਰੇਜ਼ ਕੀਤਾ ਜਾਵੇ ਤਾਂ ਜੋ ਮਾਵਾਂ ਦੇ ਪੁੱਤ ਪੁਲਸ ਝੂਠੇ ਮੁਕਾਬਲਿਆਂ ਦਾ ਸ਼ਿਕਾਰ ਨਾ ਬਣਨ।
ਇਹ ਵੀ ਪੜ੍ਹੋ: ਰਾਧਾ ਸੁਆਮੀ ਡੇਰਾ ਬਿਆਸ ਨਾਲ ਜੁੜੀ ਵੱਡੀ ਖ਼ਬਰ, ਇਨ੍ਹਾਂ ਤਾਰੀਖ਼ਾਂ ਨੂੰ ਹੋਵੇਗਾ...
ਉਥੇ ਹੀ ਇਸ ਮਾਮਲੇ ਸਬੰਧੀ ਸੀਨੀਅਰ ਪੁਲਸ ਕਪਤਾਨ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਸੇ ਕਾਰਵਾਈ ਦੌਰਾਨ ਪੁਲਸ ਪਾਰਟੀ ਨੇ ਤੁਰੰਤ ਐਕਸ਼ਨ ਕਰਦੇ ਹੋਏ ਰੋਹਿਤ ਉਰਫ਼ ਰੋਹੀ ਪੁੱਤਰ ਰਾਮਪਾਲ ਨਿਵਾਸੀ ਪਿੰਡ ਮੰਡਾਲਾ, ਥਾਣਾ ਲੋਹੀਆਂ ਖਾਸ (ਜਲੰਧਰ) ਅਤੇ ਲਵਪ੍ਰੀਤ ਸਿੰਘ ਉਰਫ਼ ਲੱਭਾ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਕੁਤਬੀਵਾਲ ਥਾਣਾ ਲੋਹੀਆਂ ਖਾਸ (ਜਲੰਧਰ) ਨੂੰ ਕਾਬੂ ਕਰਕੇ ਉਕਤ ਤਿੰਨਾਂ ਵਿਅਕਤੀਆਂ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੁਲਸ ਨੂੰ ਮੌਕੇ ਤੋਂ 1 ਪਿਸਤੌਲ 30 ਬੋਰ, 3 ਜ਼ਿੰਦਾ ਰੌਂਦ ਅਤੇ 1 ਖੋਲ ਵੀ ਬਰਾਮਦ ਹੋਇਆ ਹੈ। ਗੁਰਪ੍ਰੀਤ ਦੇ ਭਰਾ ਜਸਪ੍ਰੀਤ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਪ੍ਰਤੀ ਦਿਨ ਵਿਗੜ ਰਿਹਾ, ਜਿਸ ਕਾਰਨ ਪੰਜਾਬ ਦੇ ਨੌਜਵਾਨ ਹੁਣ ਪੰਜਾਬ ’ਚ ਨਹੀਂ ਰਹਿਣਾ ਚਾਹੁੰਦੇ। ਉਨ੍ਹਾਂ ਨੇ ਇਸ ਦੀ ਜਾਂਚ ਕਰਾਉਣ ਦੀ ਵੀ ਮੰਗ ਕੀਤੀ। ਇਸ ਮੌਕੇ ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੋਨੂੰ ਜਿੰਦਰ, ਜਸਵਿੰਦਰ, ਬਿਕਰਮ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ: ਜਲੰਧਰ ਵਾਸੀ ਦੇਣ ਧਿਆਨ, ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ ਇਸ ਸੜਕ 'ਤੇ ਲੱਗੀ ਇਹ ਪਾਬੰਦੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਐਕਸ਼ਨ ਮੋਡ ਵਿਚ ਪੰਜਾਬ ਪੁਲਸ, ਸੀਲਿੰਗ ਨਾਕਿਆਂ ਰਾਹੀਂ ਕੀਤੀ ਚੈਕਿੰਗ
NEXT STORY