ਚੰਡੀਗੜ੍ਹ (ਬਿਊਰੋ) : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ’ਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਮੰਗਲਵਾਰ ਨੂੰ ਰਿਜਨਲ ਟਰਾਂਸਪੋਰਟ ਅਥਾਰਟੀ (ਆਰ. ਟੀ. ਏ.) ਬਠਿੰਡਾ ਦੇ ਦਫ਼ਤਰ ’ਚ ਇਕ ਵੱਡੇ ਘਪਲੇ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿਚ ਵਪਾਰਕ ਵਾਹਨਾਂ ਦੇ ਦਸਤਾਵੇਜ਼ ਲੈਣ ਅਤੇ ਪਾਸਿੰਗ ਨਾਲ ਸਬੰਧਤ ਫਾਈਲਾਂ ਨੂੰ ਮਨਜ਼ੂਰ ਕਰਨ ਲਈ ਏਜੰਟਾਂ ਤੇ ਲੋਕਾਂ ਤੋਂ ਲੱਖਾਂ ਰੁਪਏ ਦੀ ਵਸੂਲੀ ਕੀਤੀ ਜਾ ਰਹੀ ਸੀ। ਇਸ ਸਬੰਧੀ ਵਿਜੀਲੈਂਸ ਬਿਊਰੋ ਨੇ ਆਰ. ਟੀ. ਏ. ਬਠਿੰਡਾ ਦੇ ਲੇਖਾਕਾਰ ਦਿਨੇਸ਼ ਕੁਮਾਰ ਅਤੇ ਉਸ ਦੇ ਪ੍ਰਾਈਵੇਟ ਸਾਥੀ ਰਾਜੂ ਸਿੰਘ ਰਾਜੀ ਨੂੰ 1,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਵਿਜੀਲੈਂਸ ਨੇ ਸਿੱਖਿਆ ਵਿਭਾਗ ਦੇ 5 ਮੁਲਾਜ਼ਮ ਕੀਤੇ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੂੰ ਹਰਪ੍ਰੀਤ ਸਿੰਘ ਵਾਸੀ ਬਠਿੰਡਾ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰ ਕੇ ਦੋਸ਼ ਲਾਇਆ ਹੈ ਕਿ ਉਪਰੋਕਤ ਮੁਲਜ਼ਮਾਂ ਨੇ ਆਰ. ਟੀ. ਏ. ਦਫ਼ਤਰ ਵਿਚ ਵੱਖ-ਵੱਖ ਵਾਹਨਾਂ ਨਾਲ ਸਬੰਧਤ ਫਾਈਲਾਂ/ਦਸਤਾਵੇਜ਼ਾਂ ਆਦਿ ਨੂੰ ਪ੍ਰਾਪਤ ਕਰਨ ਤੇ ਨਵਿਆਉਣ ਲਈ ਉਸ ਦੀਆਂ 10 ਫਾਈਲਾਂ ਨੂੰ ਕਲੀਅਰ ਜਾਂ ਐਂਡੋਰਸ ਕਰਨ ਲਈ 1,000 ਰੁਪਏ ਰਿਸ਼ਵਤ ਵਜੋਂ ਮੰਗੇ ਹਨ।
ਇਹ ਖ਼ਬਰ ਵੀ ਪੜ੍ਹੋ : ਆਵਾਰਾ ਪਸ਼ੂ ਕਾਰਨ ਵਾਪਰਿਆ ਭਿਆਨਕ ਹਾਦਸਾ, ਜਿਮ ਚਾਲਕ ਦੀ ਦਰਦਨਾਕ ਮੌਤ
ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਆਰ. ਟੀ. ਏ. ਦਫ਼ਤਰ ਦੇ ਕਰਮਚਾਰੀ ਫਾਈਲਾਂ ਨੂੰ ਮਨਜ਼ੂਰੀ ਦੇਣ ਜਾਂ ਕਲੀਅਰ ਕਰਨ ਲਈ 100 ਰੁਪਏ ਪ੍ਰਤੀ ਫਾਈਲ ਦੀ ਮੰਗ ਕਰ ਰਹੇ ਹਨ ਅਤੇ ਇਸ ਦਫ਼ਤਰ ਵਿਚ ਆਮ ਲੋਕਾਂ ਅਤੇ ਵੱਖ-ਵੱਖ ਏਜੰਟਾਂ ਵੱਲੋਂ ਰੋਜ਼ਾਨਾ 100 ਦੇ ਕਰੀਬ ਫਾਈਲਾਂ ਜਮ੍ਹਾ ਕਰਵਾਈਆਂ ਜਾਂਦੀਆਂ ਹਨ ਅਤੇ ਇਸ ਤਰ੍ਹਾਂ ਉਹ ਮੋਟੀਆਂ ਰਿਸ਼ਵਤਾਂ ਦੀ ਵਸੂਲੀ ਕਰਦੇ ਹੋਏ ਹਰ ਮਹੀਨੇ ਦਸਤਾਵੇਜ਼ ਲੈਣ ਬਦਲੇ ਲੱਖਾਂ ਰੁਪਏ ਵਸੂਲ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ : ਘਰੇਲੂ ਕਲੇਸ਼ ਦਾ ਖ਼ੌਫ਼ਨਾਕ ਅੰਤ, ਸਿਰ ’ਚ ਘੋਟਣਾ ਮਾਰ ਕੇ ਕੀਤਾ ਪਤਨੀ ਦਾ ਕਤਲ
ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਬਠਿੰਡਾ ਰੇਂਜ ਤੋਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਹੈ ਅਤੇ ਉਕਤ ਦੋਵਾਂ ਮੁਲਜ਼ਮਾਂ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਤੋਂ 1000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ ਹੈ। ਇਸ ਸਬੰਧੀ ਦੋਵਾਂ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਰੇਂਜ ਵਿਚ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਜਾਂਚ ਦੌਰਾਨ ਇਸ ਦਫ਼ਤਰ ਦੇ ਹੋਰ ਅਧਿਕਾਰੀਆਂ/ਕਰਮਚਾਰੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ।
ਵਿਜੀਲੈਂਸ ਨੇ ਸਿੱਖਿਆ ਵਿਭਾਗ ਦੇ 5 ਮੁਲਾਜ਼ਮ ਕੀਤੇ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ
NEXT STORY