ਭਵਾਨੀਗੜ੍ਹ, (ਵਿਕਾਸ, ਸੰਜੀਵ)- ਬਿਜਲਪੁਰ ’ਚ ਅੱਜ ਇਕ ਵਿਅਕਤੀ ਨੇ ਗੋਲੀਆਂ ਮਾਰ ਕੇ ਆਪਣੇ ਚਾਚੇ ਅਤੇ ਚਚੇਰੇ ਭਰਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਭਤੀਜੇ ਨੂੰ ਵੀ ਗੰਭੀਰ ਰੂਪ ’ਚ ਜ਼ਖਮੀਂ ਕਰ ਦਿੱਤਾ। ਪੁਲਸ ਨੇ ਮੌਕੇ ’ਤੇ ਪੁੱਜ ਕੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਜਦੋਂਕਿ ਘਟਨਾ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ।
ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਭਵਾਨੀਗੜ੍ਹ ਸੁਖਰਾਜ ਸਿੰਘ ਘੁੰਮਣ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਬਿਜਲਪੁਰ ਦਾ ਜੰਮਪਲ ਤੇ ਪੁਡਾ ’ਚੋਂ ਅਸਟੇਟ ਅਫਸਰ ਦੇ ਅਹੁਦੇ ਤੋਂ ਸੇਵਾਮੁਕਤ ਵਿਅਕਤੀ ਧਿਆਨ ਸਿੰਘ ਦਾ ਪਰਿਵਾਰ ਪਿੰਡ ’ਚ ਰਹਿੰਦਾ ਹੈ ਤੇ ਉਸਦੇ ਮੋਹਾਲੀ ਤੇ ਪਟਿਆਲਾ ’ਚ ਕੋਠੀਆਂ ਹਨ ਨੇ ਐਤਵਾਰ ਨੂੰ ਆਪਣੇ ਚਾਚੇ ਗੁਰਜੰਟ ਸਿੰਘ ਤੇ ਆਪਣੇ ਭਤੀਜੇ ਕੁਲਦੀਪ ਸਿੰਘ ਨੂੰ ਉਨ੍ਹਾਂ ਦੇ ਘਰ ਜਾ ਕੇ ਗੋਲੀਆਂ ਮਾਰ ਦਿੱਤੀਆਂ ਤੇ ਬਾਅਦ ’ਚ ਖੇਤਾਂ ’ਚ ਕੰਮ ਕਰ ਰਹੇ ਆਪਣੇ ਚਾਚੇ ਦੇ ਲੜਕੇ ਗੁਰਮੱਤ ਸਿੰਘ ਨੂੰ ਵੀ ਗੋਲੀਆਂ ਮਾਰ ਦਿੱਤੀਆਂ। ਡੀ.ਐੱਸ.ਪੀ. ਨੇ ਦੱਸਿਆ ਕਿ ਘਟਨਾ ’ਚ ਗੁਰਮੱਤ ਸਿੰਘ ਤੇ ਗੁਰਜੰਟ ਸਿੰਘ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ ਜਦੋਂ ਕਿ ਨੌਜਵਾਨ ਕੁਲਦੀਪ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਭਵਾਨੀਗੜ੍ਹ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੋਂ ਬਾਅਦ ਵਿਚ ਉਸਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਗੁਰਮੱਤ ਸਿੰਘ ਦੀ ਭਾਬੀ ਨਿਰਮਲ ਕੌਰ ਨੇ ਦੱਸਿਆ ਕਿ ਅੱਜ ਧਿਆਨ ਸਿੰਘ ਉਨ੍ਹਾਂ ਦੇ ਘਰ ਆਇਆ ਅਤੇ ਕੁਰਸੀ ’ਤੇ ਬੈਠਦਿਆਂ ਉਸ ਨੇ ਗੁਰਮੱਤ ਸਿੰਘ ਤੇ ਹੋਰ ਪਰਿਵਾਰਕ ਮੈਂਬਰਾਂ ਬਾਰੇ ਪੁੱਛਿਆ। ਜਿਸ ਦੌਰਾਨ ਧਿਆਨ ਸਿੰਘ ਨੇ ਵੇਹੜੇ ’ਚ ਮੰਜੇ ’ਤੇ ਪਏ ਉਸਦੇ ਸਹੁਰੇ ਗੁਰਜੰਟ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ ਤੇ ਗੋਲੀਆਂ ਦੀ ਆਵਾਜ਼ ਸੁਣ ਕੇ ਆਏ ਕੁਲਦੀਪ ਸਿੰਘ ਨੂੰ ਵੀ ਧਿਆਨ ਸਿੰਘ ਨੇ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿਤਾ ਤੇ ਕਾਰ ’ਚ ਬੈਠਕੇ ਫਰਾਰ ਹੋ ਗਿਆ।
ਓਧਰ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਧਿਆਨ ਸਿੰਘ ਦੀ ਜ਼ਮੀਨ ਪਿੰਡ ’ਚ ਹੈ ਪਰ ਉਹ ਲੰਮੇਂ ਸਮੇਂ ਤੋਂ ਪਟਿਆਲਾ ਤੇ ਮੋਹਾਲੀ ’ਚ ਰਹਿ ਰਿਹਾ ਸੀ ਤੇ ਹੁਣ ਪਿੰਡ ਵਿਚ ਘਰ ਪਾਉਣ ਲਈ ਪਲਾਟ ਲੈਣਾ ਚਾਹੁੰਦਾ ਸੀ। ਦੇਰ ਸ਼ਾਮ ਡੀ.ਐੱਸ.ਪੀ. ਸੁਖਰਾਜ ਸਿੰਘ ਘੁੰਮਣ ਨੇ ਦੱਸਿਆ ਕਿ ਪੁਲਸ ਨੇ ਧਿਆਨ ਸਿੰਘ ਖਿਲਾਫ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਤੇਜ਼ ਰਫਤਾਰ ਕਾਰ ਚਾਲਕ ਨੇ ਮੋਟਰਸਾਈਕਲ ਸਵਾਰ ਨੂੰ ਦਰੜਿਆ, ਮੌਤ
NEXT STORY