ਫ਼ਰੀਦਕੋਟ (ਰਵੀ) : ਫ਼ਰੀਦਕੋਟ ਦੇ ਡਿਊਟੀ ਮੈਜਿਸਟਰੇਟ ਸੁਰੇਸ਼ ਕੁਮਾਰ ਨੇ ਪੰਛੀਆਂ ਦੀ ਤਸਕਰੀ ਕਰਨ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤੇ ਗਏ ਪਿੰਡ ਢੈਪਈ ਦੇ ਦੋ ਵਸਨੀਕਾਂ ਦੇ ਪੁਲਸ ਰਿਮਾਂਡ ਵਿਚ 28 ਮਈ ਤੱਕ ਵਾਧਾ ਕਰਨ ਦਾ ਹੁਕਮ ਦਿੱਤਾ ਹੈ। ਵਣ-ਰੇਂਜ ਅਫ਼ਸਰ ਸੁਖਦਰਸ਼ਨ ਸਿੰਘ ਨੇ ਅਦਾਲਤ ਵਿਚ ਪੇਸ਼ ਹੋ ਕੇ ਦੱਸਿਆ ਕਿ ਪੰਛੀਆਂ ਦੀ ਤਸਕਰੀ ਲਈ ਬਕਾਇਦਾ ਤੌਰ 'ਤੇ ਗਿਰੋਹ ਬਣਾਏ ਗਏ ਹਨ ਜੋ ਇਲਾਕੇ ਵਿਚੋਂ ਦੁਰਲੱਭ ਪੰਛੀਆਂ ਨੂੰ ਚੋਰੀ ਕਰਕੇ ਦੂਸਰੇ ਸੂਬਿਆਂ ਵਿਚ ਮਹਿੰਗੇ ਭਾਅ ਵੇਚਦੇ ਹਨ। ਵਣ-ਵਿਭਾਗ ਨੇ ਪੰਛੀਆਂ ਦੀ ਤਸਕਰੀ ਕਰਨ ਵਾਲੇ ਇਸ ਗਿਰੋਹ ਨੂੰ ਸਟਿੰਗ ਆਪਰੇਸ਼ਨ ਰਾਹੀਂ 23 ਮਈ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਪੁਲਸ ਨੇ ਇਨ੍ਹਾਂ ਖਿਲਾਫ਼ ਜੰਗਲੀ ਜੀਵ ਸੁਰੱਖਿਆ ਐਕਟ ਅਤੇ ਆਈ.ਪੀ.ਸੀ ਦੀ ਧਾਰਾ 429/379 ਤਹਿਤ ਮੁਕੱਦਮਾ ਦਰਜ ਕੀਤਾ ਸੀ।
ਮੁੱਢਲੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਪੰਛੀਆਂ ਨੂੰ ਵੱਖ-ਵੱਖ ਸੂਬਿਆਂ ਵਿਚ ਵੇਚਿਆ ਜਾਣਾ ਸੀ। ਪਲਿਸ ਵੱਲੋਂ ਮੁਲਜ਼ਮਾਂ ਦੇ ਮੋਬਾਇਲ ਫ਼ੋਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੰਛੀਆਂ ਦੀ ਸਾਂਭ ਸੰਭਾਲ ਤੇ ਰੱਖਿਆ ਲਈ ਯਤਨਸ਼ੀਲ 'ਬੀੜ' ਸੰਸਥਾ ਦੇ ਆਗੂ ਗੁਰਪ੍ਰੀਤ ਸਿੰਘ ਸਰਾਂ ਅਤੇ ਪੰਛੀ ਮਾਹਿਰ ਸ਼ੰਕਰ ਸ਼ਰਮਾ ਨੇ ਕਿਹਾ ਕਿ ਤਸਕਰਾਂ ਵੱਲੋਂ ਮੋਰ, ਤੋਤੇ, ਲਾਲ ਮੁਨੀਆਂ, ਉੱਲੂ ਆਦਿ ਪੰਛੀਆਂ ਦੀ ਵੱਡੇ ਪੱਧਰ 'ਤੇ ਤਸਕਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਘਰਾਂ ਵਿਚ ਵੀ ਪੰਛੀਆਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਰੱਖਿਆ ਜਾ ਰਿਹਾ ਹੈ। ਜਿਸ ਕਰਕੇ ਇਨ੍ਹਾਂ ਵਿਲੱਖਣ ਪੰਛੀਆਂ ਦੀ ਹੋਂਦ ਖਤਰੇ ਵਿਚ ਹੈ। ਰਜਿੰਦਰ ਦਾਸ ਰਿੰਕੂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਸ਼ਹਿਰ ਵਿਚੋਂ ਮੋਰਾਂ ਦਾ ਵੱਡੇ ਪੱਧਰ 'ਤੇ ਸ਼ਿਕਾਰ ਹੋਇਆ ਹੈ। ਡਿਊਟੀ ਮੈਜਿਸਟਰੇਟ ਸੁਰੇਸ਼ ਕੁਮਾਰ ਨੇ ਪੰਛੀਆਂ ਦੀ ਤਸਕਰੀ ਦੇ ਮਾਮਲੇ ਦੀ ਪੜਤਾਲ ਲਈ ਮੁਲਜ਼ਮਾਂ ਨੂੰ 28 ਮਈ ਤੱਕ ਪੁਲਸ ਰਿਮਾਂਡ 'ਤੇ ਭੇਜਣ ਦਾ ਹੁਕਮ ਦਿੱਤਾ ਹੈ। ਪੁਲਸ ਨੇ ਅਦਾਲਤ ਨੂੰ ਦੱਸਿਆ ਕਿ ਉਹ ਤਸਕਰਾਂ ਦੀ ਸ਼ਨਾਖਤ ਕਰਨਾ ਚਾਹੁੰਦੀ ਹੈ ਜੋ ਪੰਛੀਆਂ ਦੀ ਬਾਹਰਲੇ ਸੂਬਿਆਂ ਵਿਚ ਤਸਕਰੀ ਕਰ ਰਹੇ ਹਨ। ਇਸ ਲਈ ਹੋਰ ਰਿਮਾਂਡ ਦੀ ਜ਼ਰੂਰਤ ਹੈ।
WHO ਦੀ ਚੇਤਾਵਨੀ : ਕੋਰੋਨਾ ਮਹਾਮਾਰੀ ਤੋਂ ਉੱਭਰ ਰਹੇ ਦੇਸ਼ਾਂ 'ਚ ਮੁੜ ਆ ਸਕਦਾ ਹੈ ਵਾਇਰਸ (ਵੀਡੀਓ)
NEXT STORY