ਚੰਡੀਗੜ੍ਹ (ਵਿਜੇ) - ਚੰਡੀਗੜ੍ਹ ਵਿਚ ਕਿੰਨੀਆਂ ਪ੍ਰਜਾਤੀਆਂ ਦੇ ਪੰਛੀ ਹਨ? ਇਹ ਸਵਾਲ ਜੇਕਰ ਕਿਸੇ ਨੂੰ ਕੀਤਾ ਜਾਵੇ ਤਾਂ ਸ਼ਾਇਦ ਉਸ ਕੋਲ ਇਸਦਾ ਕੋਈ ਜਵਾਬ ਨਹੀਂ ਹੋਵੇਗਾ ਪਰ ਛੇਤੀ ਹੀ ਯੂ. ਟੀ. ਦਾ ਫਾਰੈਸਟ ਐਂਡ ਵਾਈਲਡ ਲਾਈਫ ਡਿਪਾਰਟਮੈਂਟ ਇਕ ਅਜਿਹੀ ਬੁੱਕ ਲਾਂਚ ਕਰਨ ਜਾ ਰਿਹਾ ਹੈ, ਜਿਸ ਵਿਚ ਸ਼ਹਿਰ ਦੇ ਪੰਛੀਆਂ ਦੇ ਪ੍ਰੇਮੀਆਂ ਕੋਲ ਇਸਦੇ ਨਾਲ-ਨਾਲ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਮਿਲਣਗੀਆਂ। ਡਿਪਾਰਟਮੈਂਟ ਵਲੋਂ ਇਹ ਬੁੱਕ ਤਿਆਰ ਕਰ ਲਈ ਗਈ ਹੈ, ਜੋ ਕਿ ਚੰਡੀਗੜ੍ਹ ਬਰਡਜ਼ ਕਲੱਬ ਦੇ ਸਹਿਯੋਗ ਨਾਲ ਬਣਾਈ ਗਈ ਹੈ। ਇਸ ਵਿਚ ਚੰਡੀਗੜ੍ਹ ਵਿਚ ਮਿਲਣ ਵਾਲੇ ਸਾਰੇ 391 ਪ੍ਰਜਾਤੀਆਂ ਦੇ ਪੰਛੀਆਂ ਦੀ ਵਿਸਥਾਰ ਨਾਲ ਜਾਣਕਾਰੀ ਹੋਵੇਗੀ। ਇਨ੍ਹਾਂ 'ਚ ਡੋਮੈਸਟਿਕ ਦੇ ਨਾਲ-ਨਾਲ ਹਰ ਸਾਲ ਵਿਦੇਸ਼ ਤੋਂ ਆਉਣ ਵਾਲੇ ਮਾਈਗ੍ਰੇਟਰੀ ਬਰਡਜ਼ ਵੀ ਸ਼ਾਮਲ ਹਨ। ਹਰ ਪੰਛੀ ਦੀ ਫੋਟੋ ਦੇ ਨਾਲ-ਨਾਲ ਉਸ ਦੀ ਸਬੰਧਤ ਪੂਰੀ ਜਾਣਕਾਰੀ ਇਸ ਬੁੱਕ 'ਚ ਮਿਲੇਗੀ।
ਇਸ ਬੁੱਕ ਨੂੰ ਛੇਤੀ ਹੀ ਰਸਮੀ ਤੌਰ 'ਤੇ ਲਾਂਚ ਕੀਤਾ ਜਾਵੇਗਾ। ਇਸ ਬੁੱਕ ਨੂੰ ਇਸ ਲਈ ਖਾਸ ਕਿਹਾ ਜਾ ਰਿਹਾ ਹੈ ਕਿਉਂਕਿ ਪਹਿਲੀ ਵਾਰ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਪੰਛੀਆਂ 'ਤੇ ਕੋਈ ਬੁੱਕ ਤਿਆਰ ਕੀਤੀ ਗਈ ਹੈ। ਇਹੀ ਨਹੀਂ, ਬੁੱਕ 'ਚ ਜਿਹੜੇ ਪੰਛੀ ਦੀ ਤਸਵੀਰ ਹੋਵੇਗੀ ਉਸਦੇ ਨਾਲ ਇਹ ਜਾਣਕਾਰੀ ਵੀ ਦਿੱਤੀ ਜਾਵੇਗੀ ਕਿ ਉਸਨੂੰ ਕਿਸ ਸੀਜ਼ਨ 'ਚ ਕਿਹੜੇ ਇਲਾਕੇ ਵਿਚ ਵੇਖਿਆ ਜਾ ਸਕਦਾ ਹੈ।
8 ਅਨੋਖੇ ਪੰਛੀਆਂ ਦੀ ਵੀ ਜਾਣਕਾਰੀ
ਸ਼ਾਇਦ ਘੱਟ ਹੀ ਅਜਿਹੇ ਲੋਕ ਹੋਣਗੇ ਜਿਨ੍ਹਾਂ ਨੂੰ ਇਹ ਜਾਣਕਾਰੀ ਹੋਵੇਗੀ ਕਿ ਸ਼ਹਿਰ 'ਚ 8 ਅਜਿਹੇ ਪੰਛੀ ਵੀ ਆਉਂਦੇ ਹਨ, ਜਿਨ੍ਹਾਂ ਨੂੰ ਇਥੇ ਦੁਰਲੱਭ ਕਿਹਾ ਜਾ ਸਕਦਾ ਹੈ। ਇਹ ਕੁਝ ਹੀ ਦਿਨਾਂ ਲਈ ਚੰਡੀਗੜ੍ਹ 'ਚ ਆਉਂਦੇ ਹਨ। ਦਰਅਸਲ ਚੰਡੀਗੜ੍ਹ ਨੂੰ ਇਹ ਕੈਂਪ ਵਜੋਂ ਇਸਤੇਮਾਲ ਕਰਦੇ ਹਨ। ਕੁਝ ਦਿਨ ਇਥੇ ਰੁਕਣ ਤੋਂ ਬਾਅਦ ਇਹ ਪੰਛੀ ਹਿਮਾਚਲ ਵੱਲ ਰਵਾਨਾ ਹੋ ਜਾਂਦੇ ਹਨ। ਇਨ੍ਹਾਂ ਨੂੰ ਵੀ ਇਕ ਨਿਸ਼ਚਿਤ ਸਮੇਂ ਦੌਰਾਨ ਹੀ ਚੰਡੀਗੜ੍ਹ ਵਿਚ ਵੇਖਿਆ ਜਾ ਸਕਦਾ ਹੈ। ਇਹ ਬੁੱਕ ਲੋਕਾਂ ਨੂੰ ਦੱਸੇਗੀ ਕਿ ਕਿਸ ਸਮੇਂ ਇਨ੍ਹਾਂ ਨੂੰ ਦੇਖਣ ਲਈ ਠੀਕ ਸਮਾਂ ਹੈ।
ਸਕੂਲਾਂ ਤੇ ਕਾਲਜਾਂ 'ਚ ਜਾਵੇਗੀ ਕਾਪੀ
ਫਾਰੈਸਟ ਐਂਡ ਵਾਈਲਡ ਲਾਈਫ ਡਿਪਾਰਟਮੈਂਟ ਨੇ ਸ਼ੁਰੂਆਤ 'ਚ ਇਸ ਬੁੱਕ ਦੀਆਂ 300 ਕਾਪੀਆਂ ਪ੍ਰਿੰਟ ਕਰਵਾਈਆਂ ਹਨ। ਇਸ ਬੁੱਕ ਦੀ ਲਾਂਚਿੰਗ ਤੋਂ ਬਾਅਦ ਇਨ੍ਹਾਂ ਨੂੰ ਸ਼ਹਿਰ ਦੇ ਸਾਰੇ ਸਰਕਾਰੀ ਸਕੂਲਾਂ ਤੇ ਕਾਲਜਾਂ 'ਚ ਭੇਜਿਆ ਜਾਵੇਗਾ, ਤਾਂ ਕਿ ਵਿਦਿਆਰਥੀਆਂ ਨੂੰ ਚੰਡੀਗੜ੍ਹ 'ਚ ਮਿਲਣ ਵਾਲੇ ਪੰਛੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਮਿਲ ਸਕੇ ਤੇ ਸ਼ਹਿਰ 'ਚ ਬਰਡ ਵਾਚਿੰਗ ਦਾ ਕ੍ਰੇਜ਼ ਵਧ ਸਕੇ। ਇਸ ਬੁੱਕ ਦੇ ਕਵਰ ਪੇਜ 'ਤੇ ਗਰੇਅ ਹਾਰਨਬਿਲ ਦੀ ਫੋਟੋ ਲਾਈ ਗਈ ਹੈ, ਜੋ ਕਿ ਚੰਡੀਗੜ੍ਹ ਦਾ ਸਟੇਟ ਬਰਡ ਹੈ।
ਪ੍ਰਸ਼ਾਸਨ ਨੂੰ 11 ਠੇਕਿਆਂ ਦੀ ਨੀਲਾਮੀ ਤੋਂ ਮਿਲੇ 39.06 ਕਰੋੜ
NEXT STORY