ਜਲੰਧਰ (ਰਵਿੰਦਰ)— ਇਕ ਪਾਸੇ ਭਾਜਪਾ ਮਜ਼ਬੂਤੀ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ 2019 ਲੋਕ ਸਭਾ ਚੋਣਾਂ ਲੜਨ ਦੀਆਂ ਤਿਆਰੀਆਂ 'ਚ ਰੁੱਝੀ ਹੈ, ਦੂਜੇ ਪਾਸੇ ਪੰਜਾਬ ਵਿਚ ਭਾਜਪਾ ਦੇ ਹਾਲਾਤ ਕੁਝ ਜ਼ਿਆਦਾ ਚੰਗੇ ਨਹੀਂ ਨਜ਼ਰ ਆ ਰਹੇ। ਹੈਰਾਨੀ ਵਾਲੀ ਗੱਲ ਇਹ ਹੈ ਕਿ ਪਿਛਲੇ ਡੇਢ ਸਾਲ ਤੋਂ ਭਾਜਪਾ ਸੂਬੇ ਵਿਚ ਵਿਧਾਇਕ ਦਲ ਦਾ ਨੇਤਾ ਤੱਕ ਨਹੀਂ ਚੁਣ ਸਕੀ, ਭਾਵ ਵਿਧਾਨ ਸਭਾ 'ਚ ਲੋਕਾਂ ਦੇ ਹਿੱਤ ਦਾ ਕੋਈ ਵੀ ਮੁੱਦਾ ਉਠਾਉਣਾ 'ਚ ਭਾਜਪਾ ਪੂਰੀ ਤਰ੍ਹਾਂ ਅਸਫਲ ਸਾਬਤ ਹੋ ਰਹੀ ਹੈ। ਵਿਧਾਇਕ ਦਲ ਦਾ ਨੇਤਾ ਨਾ ਹੋਣ ਕਾਰਨ ਵਿਧਾਇਕਾਂ ਨੂੰ ਵਿਧਾਨ ਸਭਾ 'ਚ ਬੋਲਣ ਦਾ ਸਮਾਂ ਵੀ ਘੱਟ ਹੀ ਮਿਲ ਰਿਹਾ ਹੈ।
ਜ਼ਿਕਰਯੋਗ ਹੈ ਕਿ 2012 ਤੋਂ ਲੈ ਕੇ 2017 ਤੱਕ ਜਦੋਂ ਅਕਾਲੀ-ਭਾਜਪਾ ਸੂਬੇ ਦੀ ਸੱਤਾ 'ਚ ਸੀ ਤਾਂ ਪਾਰਟੀ ਨੇ ਬਜ਼ੁਰਗ ਆਗੂ ਭਗਤ ਚੂਨੀ ਲਾਲ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਸੀ। ਵਿਧਾਇਕ ਦਲ ਦਾ ਨੇਤਾ ਹੋਣ ਕਾਰਨ ਭਗਤ ਚੂਨੀ ਲਾਲ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਦੀ ਕੁਰਸੀ ਮਿਲਦੀ ਸੀ, ਭਾਵੇਂ ਇਹ ਵੱਖਰੀ ਗੱਲ ਹੈ ਕਿ 5 ਸਾਲ ਤੱਕ ਭਗਤ ਚੂਨੀ ਲਾਲ ਵੀ ਜਨਤਾ ਦੀ ਆਵਾਜ਼ ਨੂੰ ਵਿਧਾਨ ਸਭਾ 'ਚ ਨਹੀਂ ਉਠਾ ਸਕੇ ਸਨ, ਜਿਸ ਦਾ ਖਮਿਆਜ਼ਾ ਇਹ ਹੋਇਆ ਕਿ ਭਾਜਪਾ ਪੰਜਾਬ 'ਚ ਸਿਰਫ 3 ਸੀਟਾਂ 'ਤੇ ਸਿਮਟ ਗਈ। ਭਾਜਪਾ ਨੇ ਇਸ ਤੋਂ ਵੀ ਕੋਈ ਸਬਕ ਨਹੀਂ ਲਿਆ। ਮੌਜੂਦਾ ਸਮੇਂ 'ਚ ਪਾਰਟੀ ਕੋਲ ਮਾਝਾ ਖਿੱਤੇ ਤੋਂ ਪਠਾਨਕੋਟ ਦੀ ਸੁਜਾਨਪੁਰ ਸੀਟ ਤੋਂ ਦਿਨੇਸ਼ ਬੱਬੂ, ਦੋਆਬਾ ਦੀ ਫਗਵਾੜਾ ਸੀਟ ਤੋਂ ਸੋਮ ਪ੍ਰਕਾਸ਼ ਅਤੇ ਮਾਲਵੇ ਦੀ ਅਬੋਹਰ ਸੀਟ ਤੋਂ ਅਰੁਣ ਨਾਰਾਇਣ ਜਿਹੇ ਵਿਧਾਇਕ ਹਨ। ਪਿਛਲੇ ਡੇਢ ਸਾਲ 'ਚ 6 ਦੇ ਕਰੀਬ ਵਿਧਾਨ ਸਭਾ ਦੇ ਸੈਸ਼ਨ ਹੋ ਚੁੱਕੇ ਹਨ ਪਰ ਪਾਰਟੀ ਪੰਜਾਬ ਪ੍ਰਤੀ ਕਿੰਨੀ ਗੰਭੀਰ ਹੈ, ਇਸ ਦਾ ਅੰਦਾਜ਼ਾ ਇਸ ਤੋਂ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਡੇਢ ਸਾਲ ਤੋਂ ਪਾਰਟੀ ਵਿਧਾਇਕ ਦਲ ਦਾ ਨੇਤਾ ਹੀ ਨਹੀਂ ਚੁਣ ਸਕੀ। ਇਕ ਪਾਸੇ ਵਿਧਾਨ ਸਭਾ 'ਚ ਸੱਤਾਧਾਰੀ ਕਾਂਗਰਸ ਨੂੰ ਘੇਰਨ ਲਈ ਆਮ ਆਦਮੀ ਪਾਰਟੀ, ਅਕਾਲੀ ਦਲ ਅਤੇ ਲੋਕ ਇਨਸਾਫ ਪਾਰਟੀ ਦੇ ਨੇਤਾ ਹੀ ਦਿਖਾਈ ਦਿੰਦੇ ਹਨ ਪਰ ਭਾਜਪਾ ਦੇ ਨੇਤਾ ਚੁੱਪ ਧਾਰ ਕੇ ਸਮਾਂ ਗੁਜ਼ਾਰਦੇ ਹਨ।
ਜ਼ਿਲਾ ਪੱਧਰ 'ਤੇ ਵੀ ਕਈ ਭਾਜਪਾ ਇਕਾਈਆਂ ਦਾ ਗਠਨ ਹੋ ਚੁੱਕਾ ਹੈ ਪਰ ਭਾਜਪਾ ਦੇ ਵਰਕਰਾਂ 'ਚ ਹੁਣ ਪਹਿਲਾਂ ਵਰਗਾ ਜੋਸ਼ ਨਜ਼ਰ ਨਹੀਂ ਆ ਰਿਹਾ। ਸਾਰਿਆਂ ਜ਼ਿਲਿਆਂ 'ਚ ਪਾਰਟੀ ਦੇ ਅੰਦਰ ਧੜੇਬਾਜ਼ੀ ਇੰਨੀ ਹਾਵੀ ਹੈ ਕਿ ਪਾਰਟੀ ਕਈ ਗੁੱਟਾਂ 'ਚ ਵੰਡੀ ਗਈ ਹੈ। ਇਹੀ ਕਾਰਨ ਹੈ ਕਿ ਪਾਰਟੀ ਨਾ ਤਾਂ ਵਿਧਾਨ ਸਭਾ 'ਚ ਮਜ਼ਬੂਤੀ ਨਾਲ ਆਪਣਾ ਪੱਖ ਰੱਖ ਪਾ ਰਹੀ ਹੈ ਅਤੇ ਨਾ ਹੀ ਜਨਤਾ 'ਚ। ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਪੰਜਾਬ ਤੋਂ ਭਾਜਪਾ ਦਾ ਬੇੜਾ ਪਾਰ ਹੁੰਦਾ ਨਹੀਂ ਦਿਸਦਾ।
ਸਾਬਕਾ ਵਿਧਾਇਕ ਤੇ ਉਸ ਦੇ ਪੁੱਤਰ ਸਮੇਤ 12 ਖਿਲਾਫ ਮਾਮਲਾ ਦਰਜ
NEXT STORY