ਲੁਧਿਆਣਾ (ਗੁਪਤਾ)-ਭਾਰਤੀ ਜਨਤਾ ਪਾਰਟੀ ਨੇ ਪੰਜਾਬ ’ਚ ਬਣਾਏ ਗਏ 39 ਲੱਖ ਨੀਲੇ ਕਾਰਡਾਂ ’ਚ ਵੱਡੇ ਘਪਲੇ ਦੇ ਦੋਸ਼ ਲਾਉਂਦਿਆਂ ਇਸ ਘਪਲੇ ਦੀ ਵਿਜੀਲੈਂਸ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਅੱਜ ਸਰਕਟ ਹਾਊਸ ’ਚ ਹੋਏ ਸਮਾਗਮ ’ਚ ਪੰਜਾਬ ਭਾਜਪਾ ਦੇ ਉਪ- ਪ੍ਰਧਾਨ ਪ੍ਰਵੀਨ ਬਾਂਸਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਰਾਸ਼ਟਰੀ ਖੁਰਾਕ ਸੁਰੱਖਿਆ ਅਧਿਨਿਯਮ ਅਧੀਨ ਕੋਰੋਨਾ ਕਾਲ ’ਚ ਪੰਜਾਬ ਦੇ 42 ਲੱਖ ਲੋੜਵੰਦ ਲੋਕਾਂ ਲਈ ਮੁਫਤ ਅਨਾਜ ਭੇਜਿਆ ਹੈ ਪਰ ਇਸ ਅਨਾਜ ਨੂੰ ਪੰਜਾਬ ਕਾਂਗਰਸ ਦੇ ਭ੍ਰਿਸ਼ਟ ਨੇਤਾਵਾਂ ਜ਼ਰੀਏ ਖੁਰਦ-ਬੁਰਦ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਇਟਲੀ : ਪਰਿਵਾਰ ਨੂੰ ਵਿਦੇਸ਼ ਘੁਮਾਉਣ ਦੇ ਸੁਫ਼ਨੇ ਰਹਿ ਗਏ ਅਧੂਰੇ, ਸੜਕ ਹਾਦਸੇ ’ਚ ਪੰਜਾਬੀ ਵਿਅਕਤੀ ਦੀ ਮੌਤ
ਪ੍ਰਵੀਨ ਬਾਂਸਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਪ੍ਰਭਾਵਸ਼ਾਲੀ ਮੰਤਰੀ ਅਤੇ ਵਿਧਾਇਕਾਂ ਨੇ ਮਿਲ ਕੇ ਸਰਕਾਰੀ ਅਨਾਜ ਨੂੰ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਇਕ ਨਵਾਂ ਢੰਗ ਲੱਭ ਲਿਆ ਹੈ, ਜਿਸ ਅਧੀਨ ਵਿਧਾਇਕਾਂ ਨੇ 5-5 ਹਜ਼ਾਰ ਅਤੇ ਮੰਤਰੀ ਨੇ ਅਣਗਿਣਤ ਵਾਰ ਕੋਡ ਦੇ ਸਟਿੱਕਰ ਬਣਾ ਕੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਹੁਕਮ ਜਾਰੀ ਕੀਤੇ ਹਨ ਕਿ ਜਿਨ੍ਹਾਂ ਫਰਮਾਂ ’ਤੇ ਇਹ ਸਟਿੱਕਰ ਲੱਗਾ ਹੋਵੇ, ਉਹੀ ਨੀਲੇ ਕਾਰਡ ਬਣਾਏ ਜਾਣ। ਇਨ੍ਹਾਂ ਫਾਰਮਾਂ ’ਚ ਮੁੱਖ ਮੈਂਬਰ ਦੇ ਰੂਪ ’ਚ ਆਪਣੇ ਚਹੇਤੇ ਦਾ ਨਾਂ ਭਰ ਕੇ ਬਾਕੀ ਆਮ ਜਨਤਾ ਵਿਚੋਂ ਵੱਖ-ਵੱਖ ਲੋਕਾਂ ਦੇ ਆਧਾਰ ਕਾਰਡ ਲਾ ਕੇ 5-5, 6-6 ਲੋਕਾਂ ਦੇ ਨਾਂ ਭਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ : T-20 World Cup : ਭਾਰਤ ਤੇ ਪਾਕਿਸਤਾਨ ’ਚ ਹੋਵੇਗਾ ਜ਼ਬਰਦਸਤ ਮੁਕਾਬਲਾ, ਜਾਣੋ ਕਿਹੜੀ ਟੀਮ ਕਿਸ ਗਰੁੱਪ ’ਚ
ਉਨ੍ਹਾਂ ਵਿਚੋਂ ਨਾ ਤਾਂ ਪਰਿਵਾਰ ਦੀ ਫੋਟੋ ਲਗਾਈ ਗਈ ਹੈ ਅਤੇ ਨਾ ਹੀ ਆਪਸ ਵਿਚ ਰਿਸ਼ਤਿਆਂ ਦਾ ਜ਼ਿਕਰ ਕੀਤਾ ਗਿਆ ਹੈ। ਕਈ ਥਾਵਾਂ ’ਤੇ ਫੀਮੇਲ ਮੈਂਬਰ ਨੂੰ ਮੇਲ ਦਿਖਾਇਆ ਗਿਆ ਹੈ। ਇਨ੍ਹਾਂ ਫਾਰਮਾਂ ’ਤੇ ਇਨ੍ਹਾਂ ਨੇਤਾਵਾਂ ਨੇ ਬਾਰ ਕੋਡ ਦੇ ਸਟਿੱਕਰ ਦੀ ਸੱਚਾਈ ਲੁਕਾਉਣ ਲਈ ਸਾਰੇ ਬਾਰ ਕੋਰਡ ਲੱਗੇ ਫਾਰਮਾਂ ਨੂੰ ਮੁੱਖ ਪੋਰਟਲ ’ਤੇ ਪਾਉਣ ਦੀ ਬਜਾਏ ਇਕ ਨਵੇਂ ਪੋਰਟਲ ਬੇਲਸ ’ਤੇ ਪਾ ਕੇ ਇਹ ਕਾਰਡ ਬਣਾਏ ਹਨ। ਬਾਅਦ ’ਚ ਇਹ ਸਾਰੇ ਕਾਰਡ ਮੁੱਖ ਪੋਰਟਲ ਨਾਲ ਜੋੜ ਦਿੱਤੇ ਗਏ ਹਨ। ਬਣਾਏ ਗਏ ਕਾਰਡਾਂ ’ਚ ਮੁੱਖ ਮੈਂਬਰ ਦਰਸਾਏ ਗਏ ਵਿਅਕਤੀ ਜ਼ਰੀਏ ਅੰਗੂਠਾ ਲਗਾ ਕੇ ਸਰਕਾਰੀ ਰਾਸ਼ਨ ਦਾ ਗਬਨ ਕੀਤਾ ਜਾਂਦਾ ਹੈ, ਜੋ ਆਮ ਲੋਕਾਂ ਦੇ ਆਧਾਰ ਕਾਰਡ ਫਾਰਮਾਂ ’ਚ ਲਗਾਏ ਗਏ ਹਨ, ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਉਨ੍ਹਾਂ ਦੇ ਹੱਥ ਦਾ ਅਨਾਜ ਭ੍ਰਿਸ਼ਟਾਚਾਰ ਜ਼ਰੀਏ ਖਾਧਾ ਜਾ ਰਿਹਾ ਹੈ।
ਬਾਂਸਲ ਨੇ ਕਿਹਾ ਕਿ ਪਹਿਲਾਂ ਇਹ ਸਿਸਟਮ ਸੀ ਕਿ ਕਾਰਡ ’ਤੇ ਪੂਰੇ ਪਰਿਵਾਰ ਦੀ ਫੋਟੋ ਲੱਗਦੀ ਸੀ ਅਤੇ ਮੈਂਬਰਾਂ ਦੀ ਉਮਰ ਅਤੇ ਉਨ੍ਹਾਂ ਦੇ ਰਿਸ਼ਤਿਆਂ ਦਾ ਵੀ ਜ਼ਿਕਰ ਹੁੰਦਾ ਸੀ ਪਰ ਹੇਰਾਫੇਰੀ ਲਈ ਇਹ ਹੁਣ ਨਹੀਂ ਹੋ ਰਿਹਾ। ਇਹ ਗਰੀਬਾਂ ਦੇ ਹੱਕਾਂ ’ਤੇ ਵੱਡਾ ਡਾਕਾ ਹੈ। ਇਸ ਕੇਸ ਨੂੰ ਭਾਜਪਾ ਦਾ ਵਫਦ ਕੇਂਦਰੀ ਮੰਤਰੀ ਪਿਊਸ਼ ਗੋਇਲ ਦੇ ਸਾਹਮਣੇ ਵੀ ਉਠਾਏਗਾ। ਪੱਤਰਕਾਰ ਸਮਾਗਮ ’ਚ ਜ਼ਿਲ੍ਹਾ ਭਾਜਪਾ ਉਪ ਪ੍ਰਧਾਨ ਸੁਨੀਲ ਮੋਦਗਿੱਲ, ਕੌਂਸਲਰ ਪਤੀ ਇੰਦਰ ਅਗਰਵਾਲ, ਸਰਬਜੀਤ ਕਾਕਾ, ਦਵਿੰਦਰ ਜੱਗੀ ਵੀ ਹਾਜ਼ਰ ਸਨ।
ਭਾਜਪਾਈ ਕਰ ਰਹੇ ‘ਸਸਤੀ ਸਿਆਸਤ’ : ਭਾਰਤ ਭੂਸ਼ਣ ਆਸ਼ੂ
ਇਸ ਸਬੰਧ ’ਚ ਜਦੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਭਾਜਪਾ ਨੇਤਾਵਾਂ ਨੂੰ ਪੰਜਾਬ ਸਰਕਾਰ ਦੇ ਪਾਰਦਰਸ਼ੀ ਸਿਸਟਮ ਸਬੰਧੀ ਕੋਈ ਜਾਣਕਾਰੀ ਹੀ ਨਹੀਂ ਹੈ। ਚੋਣਾਂ ਨੇੜੇ ਆਉਂਦੀਆਂ ਦੇਖ ਕੇ ਉਹ ‘ਸਸਤੀ ਸਿਆਸਤ’ ਕਰਦੇ ਹੋਏ ਦੋਸ਼ ਲਾਉਣ ’ਚ ਲੱਗੇ ਹਨ, ਜਦਕਿ ਸੱਚ ਇਹ ਹੈ ਕਿ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ’ਚ ਜਾਅਲੀ ਕਾਰਡ ਬਣਾਏ ਗਏ, ਜਿਨ੍ਹਾਂ ਨੂੰ ਕਾਂਗਰਸ ਸਰਕਾਰ ਦੇ ਆਉਣ ’ਤੇ ਖਤਮ ਕੀਤਾ ਗਿਆ ਅਤੇ ਹਰ ਗਰੀਬ ਨੂੰ ਅਨਾਜ ਦੇਣ ਲਈ ਕਦਮ ਚੁੱਕੇ ਗਏ । ਸਰਕਾਰ ਨੇ ਇਹ ਵੀ ਪ੍ਰਬੰਧ ਕੀਤਾ ਹੈ ਕਿ ਜੇਕਰ ਇਕ ਡਿਪੂ ਵਾਲਾ ਹੇਰਾਫੇਰੀ ਕਰਦਾ ਹੈ ਤਾਂ ਕਾਰਡਧਾਰਕ ਆਪਣੀ ਮਨਪਸੰਦ ਦੇ ਕਿਸੇ ਵੀ ਡਿਪੂ ਤੋਂ ਰਾਸ਼ਨ ਲੈ ਸਕਦਾ ਹੈ। ਸਰਕਾਰ ਇਸ ਸਿਸਟਮ ਨੂੰ ਹੋਰ ਪਾਰਦਰਸ਼ੀ ਕਰਦੇ ਹੋਏ ਅਜਿਹੀ ਐਪ ਲਾਂਚ ਕਰੇਗੀ ਕਿ ਤੁਸੀਂ ਆਪਣੇ ਮੋਬਾਇਲ ਤੋਂ ਹੀ ਅੰਗੂਠਾ ਲਾ ਕੇ ਰਾਸ਼ਨ ਲੈ ਸਕੋਗੇ।
ਪੈਰ ਫਿਸਲਣ ਕਾਰਨ ਸੀਵਰੇਜ ਦੇ ਮੇਨ ਹੋਲ ’ਚ ਡਿੱਗਾ ਮਜ਼ਦੂਰ, ਹੋਈ ਮੌਤ
NEXT STORY