ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ, ਕੇਂਦਰੀ ਵਾਲਮੀਕੀ ਸਭਾ ਇੰਡੀਆ ਦੇ ਰਾਸ਼ਟਰੀ ਪ੍ਰਧਾਨ, ਪੰਜਾਬ ਸਫਾਈ ਕਰਮਚਾਰੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਸਾਲ 2024 ਦੀ ਫਤਿਹਗੜ੍ਹ ਸਾਹਿਬ ਲੋਕ ਸਭਾ ਚੋਣ ਲਈ ਭਾਜਪਾ ਉਮੀਦਵਾਰ ਗੇਜਾ ਰਾਮ ਵਾਲਮੀਕੀ ਦੀ ਅਗਵਾਈ ਹੇਠ ਭਾਜਪਾ ਦੇ ਇਕ ਵਫ਼ਦ ਨੇ ਅੱਜ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਕੇ ਬਰਨਾਲਾ ਵਿੱਚ ਸ਼ਾਂਤੀਪੂਰਵਕ ਧਰਨਾ ਦੇ ਰਹੇ ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ 'ਤੇ ਹੋਏ ਕਥਿਤ ਪੁਲਿਸ ਜ਼ੁਲਮ ਸਬੰਧੀ ਇੱਕ ਮੰਗ-ਪੱਤਰ ਸੌਂਪਿਆ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ।
ਵਫ਼ਦ ਵਿਚ ਵਿਨੀਤ ਜੋਸ਼ੀ, ਸੂਬਾ ਮੀਡੀਆ ਮੁਖੀ, ਭਾਜਪਾ ਪੰਜਾਬ; ਪੀ. ਐਸ. ਗੰਮੀ ਕਲੀਆਂ, ਸੂਬਾ ਸਕੱਤਰ, ਭਾਜਪਾ ਐੱਸਸੀ ਮੋਰਚਾ, ਪੰਜਾਬ; ਅਮਰਜੀਤ ਸਿੰਘ, ਸਾਬਕਾ ਸੂਬਾ ਪ੍ਰਧਾਨ, ਭਾਜਪਾ ਐੱਸਸੀ ਮੋਰਚਾ, ਪਟਿਆਲਾ; ਕੁਲਵਿੰਦਰ ਸਿੰਘ "ਹਨੀ", ਜ਼ਿਲ੍ਹਾ ਪ੍ਰਧਾਨ, ਭਾਜਪਾ ਐੱਸਸੀ ਮੋਰਚਾ, ਖੰਨਾ; ਰਮਨ ਮੱਟੋ, ਜ਼ਿਲ੍ਹਾ ਪ੍ਰਧਾਨ, ਭਾਜਪਾ ਐੱਸਸੀ ਮੋਰਚਾ, ਰੂਪਨਗਰ; ਅਤੇ ਤਰੁਣ ਵਾਲੀਆ ਸ਼ਾਮਲ ਸਨ।
ਮੰਗ-ਪੱਤਰ ਵਿਚ ਗੇਜਾ ਰਾਮ ਵਾਲਮੀਕੀ ਨੇ ਕਿਹਾ ਕਿ ਆਪਣੇ ਜਾਇਜ਼ ਹੱਕਾਂ ਦੀ ਮੰਗ ਲਈ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਸਫਾਈ ਕਰਮਚਾਰੀਆਂ 'ਤੇ ਡੀਐਸਪੀ ਸਤਵੀਰ ਸਿੰਘ ਬੈਂਸ ਅਤੇ ਐਸਐਚਓ ਲਖਵਿੰਦਰ ਸਿੰਘ ਵੱਲੋਂ ਕਥਿਤ ਤੌਰ 'ਤੇ ਬੇਰਹਿਮੀ ਨਾਲ ਅਤੇ ਬਿਨਾਂ ਕਿਸੇ ਉਕਸਾਵੇ ਦੇ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਘਟਨਾ ਸਰਕਾਰੀ ਅਧਿਕਾਰਾਂ ਦੇ ਦੁਰਵਰਤੋਂ ਦੀ ਗੰਭੀਰ ਮਿਸਾਲ ਹੈ।
ਵਫ਼ਦ ਨੇ ਰਾਜਪਾਲ ਕੋਲ ਮੰਗ ਕੀਤੀ ਕਿ ਡੀਐਸਪੀ ਸਤਵੀਰ ਸਿੰਘ ਬੈਂਸ ਅਤੇ ਐਸਐਚਓ ਲਖਵਿੰਦਰ ਸਿੰਘ ਨੂੰ ਸਿਰਫ਼ ਮੁਅੱਤਲ ਕਰਨ ਦੀ ਬਜਾਏ ਤੁਰੰਤ ਸਰਕਾਰੀ ਸੇਵਾ ਤੋਂ ਬਰਖ਼ਾਸਤ ਕੀਤਾ ਜਾਵੇ, ਕਿਉਂਕਿ ਸਿਰਫ਼ ਮੁਅੱਤਲੀ ਨਾਲ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲੇਗਾ। ਇਸ ਦੇ ਨਾਲ ਹੀ ਦੋਵੇਂ ਅਧਿਕਾਰੀਆਂ ਵਿਰੁੱਧ ਪੀੜਤ ਸਫਾਈ ਕਰਮਚਾਰੀਆਂ ਦੀਆਂ ਮੈਡੀਕੋ-ਲੀਗਲ ਰਿਪੋਰਟਾਂ (ਐਮਐਲਆਰ) ਅਤੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅਤਿਆਚਾਰ ਰੋਕਥਾਮ) ਐਕਟ ਦੇ ਤਹਿਤ ਤੁਰੰਤ ਐਫਆਈਆਰ ਦਰਜ ਕਰਨ ਦੀ ਵੀ ਮੰਗ ਕੀਤੀ ਗਈ।
ਮੰਗ-ਪੱਤਰ ਵਿਚ ਰਾਜਪਾਲ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਦੀਆਂ ਲੰਬੇ ਸਮੇਂ ਤੋਂ ਲੰਬਿਤ ਜਾਇਜ਼ ਮੰਗਾਂ ਦਾ ਜਲਦ ਨਿਪਟਾਰਾ ਯਕੀਨੀ ਬਣਾਇਆ ਜਾਵੇ। ਵਫ਼ਦ ਨੇ ਉਮੀਦ ਜਤਾਈ ਕਿ ਸੰਵਿਧਾਨਕ ਪ੍ਰਬੰਧਾਂ ਅਨੁਸਾਰ ਦੋਸ਼ੀ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਕੇ ਪੀੜਤ ਕਰਮਚਾਰੀਆਂ ਨੂੰ ਇਨਸਾਫ਼ ਦਿਵਾਇਆ ਜਾਵੇਗਾ ਅਤੇ ਉਨ੍ਹਾਂ ਦੇ ਹੱਕਾਂ ਅਤੇ ਸਨਮਾਨ ਦੀ ਰੱਖਿਆ ਯਕੀਨੀ ਬਣਾਈ ਜਾਵੇਗੀ।
ਕੇਵਲ ਸਿੰਘ ਢਿੱਲੋਂ ਨੇ ਸੰਗਰੂਰ ਭਾਜਪਾ ਦਫ਼ਤਰ 'ਤੇ ਹੋਏ ਹਮਲੇ ਦੀ ਕੀਤੀ ਨਿਖੇਧੀ
NEXT STORY