ਜਲੰਧਰ/ਚੰਡੀਗੜ੍ਹ (ਧਵਨ) – ਆਮ ਆਦਮੀ ਪਾਰਟੀ ਅਤੇ ਚੰਡੀਗੜ੍ਹ ਦੇ ਕਾਂਗਰਸੀ ਨੇਤਾਵਾਂ ਨੇ ਚੰਡੀਗੜ੍ਹ ਮੇਅਰ ਦੀ ਚੋਣ ਮੁਲਤਵੀ ਕਰਨ ਵਾਸਤੇ ਗੈਰ-ਲੋਕਤੰਤਰੀ ਯਤਨਾਂ ਲਈ ਭਾਜਪਾ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਭਾਜਪਾ ਦੀ ਹਾਰ ਯਕੀਨੀ ਹੈ, ਇਸੇ ਲਈ ਉਹ ਸੱਚਾਈ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ।
ਇਹ ਵੀ ਪੜ੍ਹੋ : ਵਿਦਿਆਰਥੀਆਂ ਨੂੰ ਤਣਾਅ ਤੋਂ ਬਚਾਉਣ ਲਈ ਸਿੱਖਿਆ ਮੰਤਰਾਲੇ ਨੇ ਕੋਚਿੰਗ ਸੰਸਥਾਵਾਂ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼
ਸ਼ੁੱਕਰਵਾਰ ਨੂੰ ਦੋਵਾਂ ਪਾਰਟੀਆਂ ਦੀ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ‘ਆਪ’ ਚੰਡੀਗੜ੍ਹ ਦੇ ਇੰਚਾਰਜ ਡਾ. ਸਨੀ ਆਹਲੂਵਾਲੀਆਂ ਨੇ ਕਿਹਾ ਕਿ ਭਾਜਪਾ ਚੰਡੀਗੜ੍ਹ ਵਿਚ ਲੋਕਤੰਤਰ ਦੀ ਹੱਤਿਆ ਕਰ ਰਹੀ ਹੈ। ਇਸ ਪ੍ਰੈੱਸ ਕਾਨਫਰੰਸ ਵਿਚ ਉਨ੍ਹਾਂ ਨਾਲ ਹਰਮੋਹਿੰਦਰ ਸਿੰਘ ਲੱਕੀ (ਕਾਂਗਰਸ ਪ੍ਰਧਾਨ), ਗੁਰਬਖਸ਼ ਰਾਵਤ (ਕਾਂਗਰਸ ਐੱਮ. ਸੀ.) ਅਤੇ ਦਮਨਪ੍ਰੀਤ ਸਿੰਘ ਬਾਦਲ (‘ਆਪ’ ਐੱਮ. ਸੀ.) ਵੀ ਸ਼ਾਮਲ ਹੋਏ।
ਮੀਡੀਆ ਨੂੰ ਸੰਬੋਧਨ ਕਰਦਿਆਂ ਡਾ. ਆਹਲੂਵਾਲੀਆ ਨੇ ਕਿਹਾ ਕਿ ਨਿਗਮ ਡਿਪਟੀ ਕਮਿਸ਼ਨਰ ਵਲੋਂ 18 ਜਨਵਰੀ ਨੂੰ ਚੋਣ ਤੈਅ ਕੀਤੀ ਗਈ ਸੀ ਪਰ ਜਦੋਂ ਸਾਡੇ ਕੌਂਸਲਰ ਪਹੁੰਚੇ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਕੋਈ ਚੋਣ ਨਹੀਂ ਹੋ ਰਹੀ। ਅਜਿਹਾ ਸਿਰਫ ਇਸ ਲਈ ਹੋਇਆ ਕਿਉਂਕਿ ਭਾਜਪਾ ਨੂੰ ਪਤਾ ਸੀ ਕਿ ਹੁਣ ਜਦੋਂ ‘ਆਪ’ ਤੇ ਕਾਂਗਰਸ ਮਿਲ ਕੇ ਇਹ ਚੋਣ ਲੜ ਰਹੀਆਂ ਹਨ ਤਾਂ ਭਾਜਪਾ ਮੇਅਰ ਦੀ ਚੋਣ ਨਹੀਂ ਜਿੱਤ ਸਕਦੀ। ਇਸ ਲਈ ਉਨ੍ਹਾਂ ਚੋਣ ਮੁਲਤਵੀ ਕਰਨ ਲਈ ਅਨੈਤਿਕ ਤੇ ਗੈਰ-ਲੋਕਤੰਤਰੀ ਚਾਲਾਂ ਚੱਲੀਆਂ।
ਇਹ ਵੀ ਪੜ੍ਹੋ : ਸਿੱਖਿਆ ਬੋਰਡ ਨੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਪੈਟਰਨ ਬਦਲਿਆ ; ਵਿਦਿਆਰਥੀ ਤੇ ਅਧਿਆਪਕ ਪ੍ਰੇਸ਼ਾਨ
ਆਹਲੂਵਾਲੀਆ ਨੇ ਕਿਹਾ ਕਿ 10 ਜਨਵਰੀ ਨੂੰ ਚੋਣ ਦਾ ਐਲਾਨ ਕੀਤਾ ਗਿਆ ਸੀ, 13 ਤਰੀਕ ਤਕ ‘ਆਪ’, ਭਾਜਪਾ ਤੇ ਕਾਂਗਰਸ ਦੇ ਸਾਰੇ ਉਮੀਦਵਾਰਾਂ ਨੇ ਨਾਮੀਨੇਸ਼ਨ ਦਾਖਲ ਕਰ ਦਿੱਤੇ ਸਨ, ਫਿਰ ਅਸੀਂ ‘ਆਪ’ ਤੇ ਕਾਂਗਰਸ ਦੇ ਨੇਤਾਵਾਂ ਦੀ ਬੈਠਕ ਕੀਤੀ ਅਤੇ ਇਹ ਚੋਣ ਇਕੱਠੇ ਲੜਨ ਦਾ ਫੈਸਲਾ ਕੀਤਾ। 15 ਜਨਵਰੀ ਨੂੰ ਅਸੀਂ ਕਾਂਗਰਸ ਦੇ ਮੇਅਰ ਉਮੀਦਵਾਰ ਅਤੇ ‘ਆਪ’ ਦੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਉਮੀਦਵਾਰਾਂ ਦਾ ਨਾਮੀਨੇਸ਼ਨ ਵਾਪਸ ਲੈਣ ਦਾ ਫੈਸਲਾ ਕੀਤਾ। ਅਸੀਂ ਸਕੱਤਰ ਦੇ ਦਫਤਰ ’ਚ ਪਹੁੰਚੇ, ਜੋ ਉੱਥੇ ਮੌਜੂਦ ਨਹੀਂ ਸਨ। ਉਨ੍ਹਾਂ ਸਾਨੂੰ ਕਿਹਾ ਕਿ ਅਸੀਂ ਨਾਮੀਨੇਸ਼ਨ ਵਾਪਸੀ ਦੀ ਬੇਨਤੀ ਉਨ੍ਹਾਂ ਦੇ ਸਟਾਫ ਕੋਲ ਛੱਡ ਦੇਈਏ। ਸਾਨੂੰ ਇਸ ਦੇ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ।
15 ਤਰੀਕ ਨੂੰ ਸੂਚਨਾ ਮਿਲੀ ਕਿ ਸੋਢੀ (ਪ੍ਰੀਜ਼ਾਇਡਿੰਗ ਅਫਸਰ) ਦਾ ਸਿਹਤ ਕਾਰਨਾਂ ਕਰ ਕੇ ਟਰਾਂਸਫਰ ਕਰ ਦਿੱਤਾ ਗਿਆ ਹੈ। ਇਕ ਹੋਰ ਅਫਸਰ ਨੂੰ ਤਾਇਨਾਤ ਕੀਤਾ ਗਿਆ ਸੀ ਪਰ ਉਸ ਅਫਸਰ ਨੇ ਸਾਡੇ ਕਾਲ ਵੱਲ ਕਦੇ ਧਿਆਨ ਨਹੀਂ ਦਿੱਤਾ। ‘ਆਪ’ ਤੇ ਕਾਂਗਰਸ ਨੂੰ ਇਕੱਠੇ ਵੇਖ ਕੇ ਭਾਜਪਾ ਇੰਨੀ ਡਰ ਗਈ ਕਿ 18 ਤਰੀਕ ਨੂੰ ਜੋ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਸੀ, ਉਹ ਵੀ ਬੀਮਾਰ ਪੈ ਗਿਆ ਅਤੇ ਉਸ ਨੇ ਚੋਣ ਮੁਲਤਵੀ ਕਰ ਦਿੱਤੀ। ਡਾ. ਆਹਲੂਵਾਲੀਆ ਨੇ ਕਿਹਾ ਕਿ ਜੇ ਕੋਈ ਚੋਣ ਸਿਰਫ ਇਸ ਲਈ ਟਾਲ ਦਿੱਤੀ ਜਾਂਦੀ ਹੈ ਕਿ ਭਾਜਪਾ ਚੋਣ ਹਾਰ ਰਹੀ ਹੈ ਅਤੇ ਅਫਸਰ ਬੀਮਾਰ ਪੈ ਰਹੇ ਹਨ ਤਾਂ ਇਹ ਲੋਕਤੰਤਰ ਲਈ ਵੱਡਾ ਖਤਰਾ ਹੈ।
ਕਾਂਗਰਸੀ ਨੇਤਾ ਐੱਚ ਐੱਸ. ਲੱਕੀ ਨੇ ਕਿਹਾ ਕਿ ਚੰਡੀਗੜ੍ਹ ਮੇਅਰ ਚੋਣ ਵਿਚ ਭਾਜਪਾ ਕਾਲਾ ਇਤਿਹਾਸ ਲਿਖ ਰਹੀ ਹੈ। ਮੈਂ ਕਦੇ ਕਿਸੇ ਪਾਰਟੀ ਨੂੰ ਇੰਨੀ ਹੱਦ ਤਕ ਜਾਂਦੇ ਨਹੀਂ ਵੇਖਿਆ। ਅਫਸਰਾਂ ਦੀ ਬੀਮਾਰੀ ਤੋਂ ਲੈ ਕੇ ਕੌਂਸਲਰ ਨੂੰ ਹਟਾਉਣਾ, ਜਿੱਥੇ ਸਾਨੂੰ ਵਾਰ-ਵਾਰ ਹਾਈ ਕੋਰਟ ਜਾਣਾ ਪੈਂਦਾ ਹੈ, ਇਹ ਇਸ ਗੱਲ ਦਾ ਸਬੂਤ ਹੈ ਕਿ ਭਾਜਪਾ ਬਹੁਤ ਡਰੀ ਹੋਈ ਹੈ। ਹੁਣ ਵੀ ਜੇ ਭਾਜਪਾ ਨੇਤਾਵਾਂ ਵਿਚ ਥੋੜ੍ਹੀ ਸ਼ਰਮ ਬਚੀ ਹੈ ਤਾਂ ਉਹ ਨਿਰਪੱਖ ਚੋਣ ਕਰਵਾ ਕੇ ਨਵੇਂ ਮੇਅਰ ਦੀ ਚੋਣ ਕਰਵਾ ਦੇਣਗੇ।
‘ਆਪ’ ਨੇਤਾ (ਵਿਰੋਧੀ ਧਿਰ) ਦਮਨਪ੍ਰੀਤ ਸਿੰਘ ਨੇ ਕਿਹਾ ਕਿ ਭਾਜਪਾ ‘ਆਪ’ ਤੇ ਇੰਡੀਆ ਗਠਜੋੜ ਤੋਂ ਡਰ ਗਈ ਹੈ, ਇਸ ਲਈ ਉਹ ਚੰਡੀਗੜ੍ਹ ਦੀ ਮੇਅਰ ਚੋਣ ਤੋਂ ਭੱਜ ਰਹੀ ਹੈ। 18 ਤਰੀਕ ਨੂੰ ਜਦੋਂ ਸਾਡੇ ਕੌਂਸਲਰ ਚੋਣ ਲਈ ਇਕੱਠੇ ਹੋਏ ਤਾਂ ਉਨ੍ਹਾਂ ਨੂੰ ਬਾਹਰ ਬੰਦ ਕਰ ਦਿੱਤਾ ਗਿਆ। ਮੈਂ ਪਹਿਲਾਂ ਕਦੇ ਲੋਕਤੰਤਰ ਦੀ ਇੰਝ ਹੱਤਿਆ ਹੁੰਦੇ ਨਹੀਂ ਵੇਖੀ।
ਇਹ ਵੀ ਪੜ੍ਹੋ : ED ਦੇ ਚੌਥੇ ਸੰਮਨ 'ਤੇ ਵੀ ਨਹੀਂ ਪੇਸ਼ ਹੋਏ ਕੇਜਰੀਵਾਲ, ਬਿਆਨ ਜਾਰੀ ਕਰਕੇ ਦੱਸੀ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੰਡੀ ਗੋਬਿੰਦਗੜ੍ਹ : ਪੰਜਾਬ ਪੁਲਸ ਦੀ ਵੱਡੀ ਕਾਮਯਾਬੀ, 12 ਘੰਟਿਆਂ 'ਚ ਟ੍ਰੇਸ ਕੀਤੀ 26 ਲੱਖ ਦੀ ਲੁੱਟ
NEXT STORY