ਜਲੰਧਰ (ਵਿਸ਼ੇਸ਼)- ਪੰਜਾਬ ਭਾਜਪਾ ਦੇ ਸਾਬਕਾ ਸਕੱਤਰ ਅਤੇ ਸੂਬਾ ਕਾਰਜਕਾਰਨੀ ਮੈਂਬਰ ਦੀਵਾਨ ਅਮਿਤ ਅਰੋੜਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਾਲ ਹੀ ਵਿਚ ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਿਚ ਇਕ ਕਮਜ਼ੋਰ ਪਾਰਟੀ ਕਹਿਣ ਅਤੇ ਅਕਾਲੀ ਦਲ ਦੀ ਵਕਾਲਤ ਕਰਨ ਵਾਲੇ ਬਿਆਨ ’ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਅਰੋੜਾ ਨੇ ਕਿਹਾ ਕਿ 2027 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਬਾਦਲ ਵਿਚਕਾਰ ਇਕ ਗੁਪਤ ਮੀਟਿੰਗ ਬਾਰੇ ਸੋਸ਼ਲ ਮੀਡੀਆ ’ਤੇ ਚਰਚਾ ਹੋ ਰਹੀ ਹੈ। ਇਸ ਸਬੰਧੀ ਭਾਜਪਾ ਆਗੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਕਿ ਕੀ ਉਹ ਅਕਾਲੀ ਦਲ ਵਿਚ ਸ਼ਾਮਲ ਹੋ ਕੇ 2027 ਵਿਚ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਨ ਦੀ ਇੱਛਾ ਰੱਖਦੇ ਹਨ।
ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿਚ ਭਾਜਪਾ ਨੂੰ ਕਮਜ਼ੋਰ ਪਾਰਟੀ ਕਹਿਣ ਤੋਂ ਬਾਅਦ ਲੱਖਾਂ ਭਾਜਪਾ ਵਰਕਰ ਨਿਰਾਸ਼ ਹੋਏ ਹਨ, ਜੋ ਕਿ ਇਕ ਵਿਰੋਧੀ ਬਿਆਨ ਹੈ। ਬੇਸ਼ੱਕ ਸਾਬਕਾ ਮੁੱਖ ਮੰਤਰੀ ਅਤੇ ਇਕ ਸੀਨੀਅਰ ਸਿਆਸਤਦਾਨ ਵਜੋਂ ਪਾਰਟੀ ਵਿਚ ਕੈਪਟਨ ਦਾ ਵਿਸ਼ੇਸ਼ ਸਤਿਕਾਰ ਹੈ ਪਰ ਉਨ੍ਹਾਂ ਨੂੰ ਇਨ੍ਹਾਂ ਤੱਥਾਂ ਤੋਂ ਜਾਣੂ ਹੋਣਾ ਚਾਹੀਦਾ ਹੈ ਕਿ ਕਿਵੇਂ ਭਾਜਪਾ-ਅਕਾਲੀ ਦਲ ਗੱਠਜੋੜ ਟੁੱਟਣ ਤੋਂ ਬਾਅਦ ਪੰਜਾਬ ਵਿਚ ਭਾਜਪਾ ਦਾ ਗ੍ਰਾਫ ਅਤੇ ਵੋਟ ਸ਼ੇਅਰ ਵਧਿਆ ਹੈ, ਜਦੋਂ ਕਿ ਅਕਾਲੀ ਦਲ ਦਾ ਗ੍ਰਾਫ ਅਤੇ ਵੋਟ ਸ਼ੇਅਰ ਡਿੱਗਿਆ ਹੈ ਅਤੇ ਅਕਾਲੀ ਦਲ ਨੇ ਪੇਂਡੂ ਖੇਤਰਾਂ ਵਿਚ ਵੀ ਆਪਣਾ ਆਧਾਰ ਗੁਆ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਭਰ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਹਰ ਵਰਗ ਦੇ ਵਰਕਰ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ, ਜਦੋਂ ਕਿ ਅਕਾਲੀ ਦਲ ਸ਼ਹਿਰੀ ਖੇਤਰਾਂ ਵਿਚ ਵੀ ਆਪਣਾ ਆਧਾਰ ਵਧਾਉਣ ਵਿਚ ਅਸਫਲ ਰਿਹਾ ਹੈ। ਅਰੋੜਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਉਨ੍ਹਾਂ ਵਰਗੇ ਤਜਰਬੇਕਾਰ ਸਿਆਸਤਦਾਨ ਲਈ ਭਾਜਪਾ ਵਿਚ ਰਹਿੰਦਿਆਂ ਆਪਣੀ ਪਾਰਟੀ ਨੂੰ ਕਮਜ਼ੋਰ ਕਹਿਣਾ ਕਿੰਨਾ ਕੁ ਤਰਕਸੰਗਤ ਹੈ? ਜੇਕਰ ਪਾਰਟੀ ਦਾ ਆਧਾਰ ਕਮਜ਼ੋਰ ਹੈ ਤਾਂ ਇਹ ਉਨ੍ਹਾਂ ਦੀ ਆਪਣੀ ਕਾਰਗੁਜ਼ਾਰੀ ’ਤੇ ਵੱਡਾ ਸਵਾਲ ਖੜ੍ਹਾ ਕਰਦਾ ਹੈ। ਅਰੋੜਾ ਨੇ ਕਿਹਾ ਕਿ ਇਕ ਨੇਤਾ ਉਹ ਹੁੰਦਾ ਹੈ, ਜੋ ਵਰਕਰਾਂ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਪਾਰਟੀ ਨੂੰ ਨਵੀਆਂ ਉਚਾਈਆਂ ’ਤੇ ਲੈ ਕੇ ਜਾਂਦਾ ਹੈ, ਉਹ ਨਹੀਂ, ਜੋ ਆਪਣੀ ਪਾਰਟੀ ਨੂੰ ਕਮਜ਼ੋਰ ਕਹਿ ਕੇ ਵਰਕਰਾਂ ਨੂੰ ਨਿਰਾਸ਼ ਕਰਦਾ ਹੈ।
ਸੁਖਬੀਰ ਸਿੰਘ ਬਾਦਲ ਵੱਲੋਂ ਸ਼ੇਅਰ ਕੀਤੀ ਕਥਿਤ ਆਡੀਓ ਨੇ ਮਚਾਇਆ ਤਹਿਲਕਾ
NEXT STORY