ਜਲੰਧਰ, (ਖੁਰਾਣਾ)— ਸ਼ਹਿਰ ਵਿਚ ਅੱਜ ਸੱਤਾ ਧਿਰ ਕਾਂਗਰਸ ਤੇ ਵਿਰੋਧੀ ਧਿਰ ਭਾਜਪਾ ਉਸ ਵੇਲੇ ਆਹਮੋ-ਸਾਹਮਣੇ ਹੋ ਗਏ, ਜਦੋਂ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੇ ਸੈਂਟਰਲ ਟਾਊਨ ਵਿਚ ਭਾਜਪਾ ਆਗੂ ਅਨਿਲ ਸੱਚਰ ਵਲੋਂ ਬਣਾਈ ਜਾ ਰਹੀ ਬਿਲਡਿੰਗ ਨੂੰ ਡਿੱਚ ਮਸ਼ੀਨ ਨਾਲ ਡੇਗ ਦਿੱਤਾ। ਮੌਕੇ 'ਤੇ ਪਹੁੰਚੇ ਅਨਿਲ ਸੱਚਰ ਨੇ ਇਸ ਕਾਰਵਾਈ ਪਿੱਛੇ ਵਿਧਾਇਕ ਰਾਜਿੰਦਰ ਬੇਰੀ ਦਾ ਹੱਥ ਦੱਸਿਆ ਤੇ ਸਾਫ ਕਿਹਾ ਕਿ ਬਿਲਡਿੰਗ ਬਣਾਉਂਦੇ ਸਮੇਂ ਨਿਗਮ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਪੱਸ਼ਟ ਕਿਹਾ ਸੀ ਕਿ ਜੇਕਰ ਬਿਲਡਿੰਗ ਬਣਵਾਉਣੀ ਹੈ ਤਾਂ ਬੇਰੀ ਨੂੰ ਮਿਲ ਲਵੋ। ਸੱਚਰ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਬਿਲਡਿੰਗ ਦਾ ਘਰੇਲੂ ਨਕਸ਼ਾ ਪਾਸ ਹੈ ਤੇ ਬਿਲਡਿੰਗ ਉਸ ਨਕਸ਼ੇ ਦੇ ਹਿਸਾਬ ਨਾਲ ਬਣ ਰਹੀ ਸੀ। ਬਿਲਡਿੰਗ ਇਕ ਇੰਚ ਵੀ ਇਧਰ-ਉਧਰ ਨਹੀਂ ਸੀ। ਨਿਗਮ ਨੇ ਗਲਤ ਕਾਰਵਾਈ ਕੀਤੀ ਹੈ। ਜ਼ਿਕਰਯੋਗ ਹੈ ਕਿ ਸੈਂਟਰਲ ਟਾਊਨ ਵਿਚ ਨਿਗਮ ਦੀ ਡਿੱਚ ਮਸ਼ੀਨ ਬਿਲਡਿੰਗ ਨੂੰ ਡੇਗਣ ਪਹੁੰਚੀ। ਤੁਰੰਤ ਮੌਕੇ 'ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਪਹੁੰਚ ਗਏ ਪਰ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਡਿੱਚ ਮਸ਼ੀਨ ਕਾਫੀ ਕੁਝ ਮਲੀਆਮੇਟ ਕਰ ਚੁੱਕੀ ਸੀ। ਕਾਲੀਆ ਨੂੰ ਆਉਂਦਿਆਂ ਦੇਖ ਨਿਗਮ ਟੀਮ ਉਲਟੇ ਪੈਰੀਂ ਮੁੜ ਗਈ।
ਪੱਤਰਕਾਰਾਂ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਕਾਲੀਆ ਨੇ ਕਿਹਾ ਕਿ ਨਿਗਮ ਪ੍ਰਸ਼ਾਸਨ ਕਾਂਗਰਸੀਆਂ ਦੇ ਦਬਾਅ ਵਿਚ ਆ ਕੇ ਸਿਆਸੀ ਈਰਖਾ ਦੀ ਭਾਵਨਾ ਨਾਲ ਕੰਮ ਕਰ ਰਿਹਾ ਹੈ। ਬਿਲਡਿੰਗ ਦਾ ਨਕਸ਼ਾ ਪਾਸ ਸੀ ਤੇ ਬਿਲਡਿੰਗ ਉਸ ਮੁਤਾਬਕ ਬਣ ਰਹੀ ਸੀ। ਸ਼ਹਿਰ ਵਿਚ ਦਰਜਨਾਂ ਅਜਿਹੀਆਂ ਬਿਲਡਿੰਗਾਂ ਗਿਣਾਈਆਂ ਜਾ ਸਕਦੀਆਂ ਹਨ, ਜਿਨ੍ਹਾਂ 'ਤੇ ਨਿਗਮ ਕਾਰਵਾਈ ਨਹੀਂ ਕਰ ਰਿਹਾ ਹੈ ਤੇ ਬਿਲਡਿੰਗਾਂ ਸਰਾਸਰ ਨਾਜਾਇਜ਼ ਹਨ।

ਬੇਰੀ ਨੇ ਪੱਲਾ ਝਾੜਿਆ
ਅਨਿਲ ਸੱਚਰ ਦੇ ਦੋਸ਼ਾਂ ਬਾਰੇ ਜਦੋਂ ਵਿਧਾਇਕ ਰਾਜਿੰਦਰ ਬੇਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਅਜਿਹੇ ਕੰਮਾਂ ਵਿਚ ਨਹੀਂ ਪੈਂਦੇ। ਉਨ੍ਹਾਂ ਨੂੰ ਪਤਾ ਵੀ ਨਹੀਂ ਸੀ ਕਿ ਸੱਚਰ ਵਲੋਂ ਸੈਂਟਰਲ ਟਾਊਨ ਵਿਚ ਕੋਈ ਬਿਲਡਿੰਗ ਬਣਵਾਈ ਜਾ ਰਹੀ ਹੈ। ਪੂਰੀ ਕਾਰਵਾਈ ਨਿਗਮ ਨੇ ਆਪਣੇ ਪੱਧਰ 'ਤੇ ਕੀਤੀ ਹੈ, ਜਿਸ ਵਿਚ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ।
ਪੂਰੇ ਮਾਮਲੇ ਵਿਚ ਵਿਜੇ ਦਕੋਹਾ ਦੀ ਬਿਲਡਿੰਗ ਚਰਚਾ 'ਚ ਆਈ
ਨਿਗਮ ਦੀ ਇਜਾਜ਼ਤ ਤੋਂ ਬਿਨਾਂ ਕਿਵੇਂ ਖੁੱਲ੍ਹ ਗਈ ਸੀਲ
ਨਿਗਮ ਵਲੋਂ ਭਾਜਪਾ ਆਗੂ ਦੀ ਬਿਲਡਿੰਗ 'ਤੇ ਡਿੱਚ ਮਸ਼ੀਨ ਚਲਾਉਣ ਦੀ ਘਟਨਾ ਦੌਰਾਨ ਕਾਂਗਰਸੀ ਆਗੂ ਵਿਜੇ ਦਕੋਹਾ ਦੀ ਬਿਲਡਿੰਗ ਦੁਬਾਰਾ ਚਰਚਾ ਵਿਚ ਆ ਗਈ। ਸਾਬਕਾ ਮੰਤਰੀ ਮਨੋਰੰਜਨ ਕਾਲੀਆ ਤੇ ਭਾਜਪਾ ਆਗੂ ਅਨਿਲ ਸੱਚਰ ਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਰਾਮਾਮੰਡੀ ਵਿਚ ਕਾਂਗਰਸੀ ਆਗੂ ਵਿਜੇ ਦਕੋਹਾ ਨੇ ਏਕਤਾ ਨਗਰ ਵਿਚ ਨਾਜਾਇਜ਼ ਤੌਰ 'ਤੇ ਕਮਰਸ਼ੀਅਲ ਬਿਲਡਿੰਗ ਬਣਾਈ ਸੀ, ਜਿਸ ਨੂੰ ਨਿਗਮ ਨੇ ਸੀਲ ਕਰ ਦਿੱਤਾ ਸੀ ਪਰ ਵਿਜੇ ਦਕੋਹਾ ਨੇ ਉਸ ਬਿਲਡਿੰਗ ਵਿਚ ਕੰਮ ਸ਼ੁਰੂ ਕੀਤਾ ਹੋਇਆ ਹੈ। ਇਹ ਦੱਸਿਆ ਜਾਵੇ ਕਿ ਵਿਜੇ ਦਕੋਹਾ ਨੇ ਉਸ ਬਿਲਡਿੰਗ ਦੀ ਸੀਲ ਕਿਸਦੇ ਕਹਿਣ 'ਤੇ ਖੋਲ੍ਹੀ ਅਤੇ ਨਿਗਮ ਨੇ ਕੀ ਕਾਰਵਾਈ ਕੀਤੀ। ਭਾਜਪਾ ਆਗੂਆਂ ਵਲੋਂ ਇਸ ਮਾਮਲੇ ਵਿਚ ਨਿਗਮ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇਗੀ ਤਾਂ ਜੋ ਨਿਗਮ ਪੱਖਪਾਤ ਕਰਨ ਤੋਂ ਬਾਜ਼ ਆਵੇ।

ਨੁਕਸਾਨ ਦਾ ਮੁਆਵਜ਼ਾ ਦੇਵੇ ਨਿਗਮ : ਕਿਰਨ ਜਗੋਤਾ
ਭਾਜਪਾ ਆਗੂ ਅਨਿਲ ਸੱਚਰ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਵਲੋਂ ਇਸ ਮਾਮਲੇ ਵਿਚ ਪੈਣ ਤੋਂ ਬਾਅਦ ਯੂਥ ਭਾਜਪਾ ਮਹਿਲਾ ਆਗੂ ਤੇ ਸੈਂਟਰਲ ਟਾਊਨ ਤੋਂ ਨਿਗਮ ਚੋਣਾਂ ਲੜਨ ਵਾਲੀ ਕਿਰਨ ਜਗੋਤਾ ਨੇ ਵੀ ਇਸ ਨੂੰ ਲੈ ਕੇ ਫਰੰਟ ਖੋਲ੍ਹ ਦਿੱਤਾ ਤੇ ਮੰਗ ਕੀਤੀ ਕਿ ਨਿਗਮ ਇਸ ਨੁਕਸਾਨ ਨੂੰ ਪੂਰਾ ਕਰੇ, ਨਹੀਂ ਤਾਂ ਉਨ੍ਹਾਂ ਨੂੰ ਸੰਘਰਸ਼ ਦਾ ਰਸਤਾ ਅਪਣਾਉਣਾ ਪਵੇਗਾ।
ਕਿਰਨ ਜਗੋਤਾ ਨੇ ਕਿਹਾ ਕਿ ਨਿਗਮ ਸ਼ਹਿਰ ਵਿਚ ਨਾਜਾਇਜ਼ ਤੌਰ 'ਤੇ ਬਣ ਰਹੀਆਂ ਬਿਲਡਿੰਗਾਂ 'ਤੇ ਕੋਈ ਕਾਰਵਾਈ ਨਹੀਂ ਕਰ ਰਿਹਾ ਪਰ ਨਿਯਮਾਂ ਮੁਤਾਬਕ ਬਣ ਰਹੀ ਬਿਲਡਿੰਗ 'ਤੇ ਡਿੱਚ ਚਲਾ ਦਿੱਤੀ ਗਈ। ਆਖਿਰ ਕਾਂਗਰਸੀ ਨੇਤਾਵਾਂ 'ਤੇ ਭਾਜਪਾ ਦੇ ਆਗੂਆਂ 'ਤੇ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਸਰਾਸਰ ਬੇਇਨਸਾਫੀ ਹੈ। ਜਦੋਂ ਤੱਕ ਬਿਲਡਿੰਗ ਤਿਆਰ ਨਹੀਂ ਹੋ ਜਾਂਦੀ, ਨਿਗਮ ਕਿਵੇਂ ਫੈਸਲਾ ਕਰ ਸਕਦਾ ਹੈ ਕਿ ਇਸ ਦਾ ਕਮਰਸ਼ੀਅਲ ਨਿਰਮਾਣ ਹੋਇਆ ਹੈ। ਨਿਗਮ ਅਧਿਕਾਰੀਆਂ ਨੂੰ ਜਵਾਬ ਦੇਣਾ ਪਵੇਗਾ ਕਿ ਇਹ ਕਾਰਵਾਈ ਕਿਸ ਦੇ ਇਸ਼ਾਰੇ 'ਤੇ ਕੀਤੀ ਗਈ।
ਉਸਾਰੀ ਨਾ ਤੋੜਦੇ ਤਾਂ ਬਣ ਜਾਂਦੀਆਂ 25-30 ਦੁਕਾਨਾਂ
ਕਾਰਵਾਈ ਤੋਂ ਬਾਅਦ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਇਸ ਬਿਲਡਿੰਗ ਦਾ ਰਿਹਾਇਸ਼ੀ ਨਕਸ਼ਾ ਪਾਸ ਸੀ ਪਰ ਉਥੇ ਕਮਰਸ਼ੀਅਲ ਉਸਾਰੀ ਕੀਤੀ ਜਾ ਰਹੀ ਸੀ। ਹਾਊਸ ਲਾਈਨ ਵੀ ਕਵਰ ਕਰ ਲਈ ਗਈ ਸੀ, ਜਿਸ ਕਾਰਨ ਹਾਊਸ ਲਾਈਨ 'ਤੇ ਹੀ ਕਾਰਵਾਈ ਕੀਤੀ ਗਈ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਉਥੇ ਦੁਕਾਨਾਂ ਬਣ ਜਾਂਦੀਆਂ ਹਨ ਤਾਂ ਆਉਣ ਵਾਲੇ ਸਮੇਂ ਵਿਚ ਇਸਦੇ ਨਾਲ ਹੀ 25-30 ਦੁਕਾਨਾਂ ਹੋਰ ਬਣ ਜਾਂਦੀਆਂ, ਜਿਸ ਕਾਰਨ ਦੁਕਾਨਾਂ ਨੂੰ ਬਣਨ ਤੋਂ ਰੋਕਿਆ ਗਿਆ ਹੈ।
ਦਰਦ ਨਾਲ ਤੜਫਦੀ ਰਹੀ ਗਰਭਵਤੀ ਡਾਕਟਰ ਨੇ ਮਰੀਜ਼ ਦੀ ਨਹੀਂ ਲਈ ਸਾਰ
NEXT STORY