ਜਲੰਧਰ (ਜ. ਬ.)- ਪੰਜਾਬ ’ਚ ਚੋਣ ਬਿਗੁਲ ਵੱਜਦਿਆਂ ਹੀ ਸਿਆਸੀ ਅਖਾੜਾ ਪੂਰੀ ਤਰ੍ਹਾਂ ਨਾਲ ਭੱਖ ਚੁੱਕਿਆ ਹੈ। ਤਕਰੀਬਨ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਆਪਣੇ ਜ਼ਿਆਦਾਤਰ ਉਮੀਦਵਾਰਾਂ ਦਾ ਐਲਾਨ ਵੀ ਕੀਤਾ ਜਾ ਚੁੱਕਾ ਹੈ ਪਰ ਭਾਜਪਾ ਨੇ ਅਜੇ ਤੱਕ ਆਪਣੇ ਪੱਤੇ ਨਹੀਂ ਖੋਲ੍ਹੇ ਹਨ। ਬੀਤੇ ਦਿਨ ਇਸੇ ਮੁੱਦੇ ’ਤੇ ਭਾਜਪਾ ਦੇ ਸੂਬਾਈ ਆਗੂ ਯਾਦਵਿੰਦਰ ਸਿੰਘ ਬੁੱਟਰ ਨੇ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਇਸ ਦੌਰਾਨ ਜਿੱਥੇ ਉਨ੍ਹਾਂ ਨੇ ਭਾਜਪਾ ਦੀ ਚੋਣਾਂ ਨੂੰ ਲੈ ਕੇ ਰਣਨੀਤੀ ਦਾ ਜ਼ਿਕਰ ਕੀਤਾ, ਉਥੇ ਹੀ ਉਨ੍ਹਾਂ ਨੇ ਉਮੀਦਵਾਰਾਂ ਬਾਰੇ ਵੀ ਖੁੱਲ੍ਹਕੇ ਵਿਚਾਰ ਰੱਖੇ। ਯਾਦਵਿੰਦਰ ਸਿੰਘ ਬੁੱਟਰ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ :
ਪੰਜਾਬ ’ਚ ਕੀ ਹੈ ਭਾਜਪਾ ਦੀ ਚੋਣ ਰਣਨੀਤੀ?
ਸੂਬੇ ਅੰਦਰ ਭਾਜਪਾ ਦੀ ਚੋਣ ਰਣਨੀਤੀ ਬਾਰੇ ਗੱਲ ਕਰਦਿਆਂ ਯਾਦਵਿੰਦਰ ਸਿੰਘ ਬੁੱਟਰ ਨੇ ਕਿਹਾ ਕਿ ਭਾਜਪਾ ਦੀ ਚੋਣਾਂ ਸਬੰਧੀ ਰਣਨੀਤੀ ਕਾਫ਼ੀ ਸਪੱਸ਼ਟ ਹੈ। ਸਾਡੀ ਪਾਰਟੀ ਦੇ ਵਰਕਰ ਪੰਜਾਬ ਭਰ ’ਚ ਬਹੁਤ ਉਤਸ਼ਾਹ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਇਕਾਈ ਕਾਫ਼ੀ ਮਿਹਨਤ ਕਰ ਰਹੀ ਹੈ। ਸਾਡੀ ਪਾਰਟੀ ‘ਸਬਕਾ ਸਾਥ, ਸਬਕਾ ਵਿਕਾਸ’ ਨਾਅਰੇ ਹੇਠ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਲੈ ਕੇ ਲੋਕਾਂ ’ਚ ਜਾ ਰਹੀ ਹੈ।
ਇਹ ਵੀ ਪੜ੍ਹੋ: 'ਆਪ' 'ਤੇ ਰੰਧਾਵਾ ਦਾ ਵੱਡਾ ਹਮਲਾ, ਕਿਹਾ-ਕੇਜਰੀਵਾਲ ਬਾਹਰਲੇ ਵਿਅਕਤੀ, ਪੰਜਾਬੀਅਤ ਦੀ ਹੋਂਦ ਖ਼ਤਰੇ ’ਚ ਨਹੀਂ ਪਵੇਗੀ
ਪ੍ਰਧਾਨ ਮੰਤਰੀ ਮੋਦੀ ਦੇ ਸਿੱਖਾਂ ਪ੍ਰਤੀ ਕੀਤੇ ਫ਼ੈਸਲਿਆਂ ਨੂੰ ਤੁਸੀਂ ਕਿਵੇਂ ਵੇਖਦੇ ਹੋ?
ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਵੱਡੇ-ਵੱਡੇ ਲੀਡਰ ਪ੍ਰਧਾਨ ਮੰਤਰੀ ਮੋਦੀ ਵੱਲੋਂ ਸਿੱਖ ਭਾਈਚਾਰੇ ਦੇ ਹਿੱਤ ’ਚ ਲਏ ਫ਼ੈਸਲਿਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ’ਚ ਸ਼ਾਮਲ ਹੋ ਰਹੇ ਹਨ। ਉਥੇ ਹੀ ਭਾਜਪਾ ’ਚ ਸਿੱਖਾਂ ਦੀ ਨੁਮਾਇੰਦਗੀ ਬਾਰੇ ਗੱਲ ਕਰਦਿਆਂ ਯਾਦਵਿੰਦਰ ਸਿੰਘ ਬੁੱਟਰ ਨੇ ਆਖਿਆ ਕਿ ਸਾਡੇ ਸਿੱਖ ਆਗੂਆਂ ਨੂੰ ਨਾਲ ਲੈ ਕੇ ਕੌਮੀ ਲੀਡਰਸ਼ਿਪ ਨੇ ਸਿੱਖਾਂ ਨਾਲ ਜੁੜੇ ਹੋਏ ਮਸਲਿਆਂ ਨੂੰ ਕੇਂਦਰ ਸਰਕਾਰ ਤੋਂ ਹੱਲ ਕਰਵਾ ਲਿਆ ਹੈ ਅਤੇ ਆਉਣ ਵਾਲੇ ਦਿਨਾਂ ’ਚ ਆਸ ਹੈ ਕਿ ਰਹਿੰਦੇ ਮਸਲੇ ਵੀ ਹੱਲ ਹੋ ਜਾਣਗੇ।
‘ਅਕਾਲੀਆਂ ਕਾਰਨ ਪਿੰਡਾਂ ’ਚ ਮਜ਼ਬੂਤ ਨਹੀਂ ਹੋ ਸਕੀ ਭਾਜਪਾ’
ਯਾਦਵਿੰਦਰ ਸਿੰਘ ਬੁੱਟਰ ਨੇ ਮੰਨਿਆ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਪਾਰਟੀ ਦੇ ਗੱਠਜੋੜ ਦੌਰਾਨ ਅਕਾਲੀ ਦਲ ਨੇ ਭਾਜਪਾ ਨੂੰ ਪਿੰਡਾਂ ’ਚ ਪੈਠ ਬਣਾਉਣ ਦਾ ਮੌਕਾ ਹੀ ਨਹੀਂ ਦਿੱਤਾ, ਜਿਸ ਕਾਰਨ ਭਾਜਪਾ ਪਿੰਡਾਂ ’ਚ ਉਸ ਸਮੇਂ ਦੌਰਾਨ ਕੋਈ ਬਹੁਤੀ ਮਜ਼ਬੂਤੀ ਨਾਲ ਕੰਮ ਨਹੀਂ ਕਰ ਸਕੀ। ਹੁਣ ਅਕਾਲੀ ਦਲ ਨਾਲੋਂ ਵੱਖ ਹੋ ਕੇ ਪਿੰਡ ਪੱਧਰ ’ਤੇ ਵਰਕਰਾਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਚੋਣਾਂ ਨੂੰ ਲੈ ਕੇ ਐਕਸ਼ਨ 'ਚ DGP, ਨਸ਼ੇ ਨੂੰ ਠੱਲ੍ਹਣ ਲਈ ਬਾਕੀ ਸੂਬਿਆਂ ਦੀ ਪੁਲਸ ਨੂੰ ਵੀ ਤਾਲਮੇਲ ਬਣਾਉਣ ਦਾ ਸੱਦਾ
ਕੀ ਤੁਸੀਂ ਵੀ ਬਟਾਲਾ ਤੋਂ ਹੋਵੋਗੇ ਉਮੀਦਵਾਰ?
ਖ਼ੁਦ ਦੇ ਬਟਾਲਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਬਾਰੇ ਸਵਾਲ ਪੁੱਛਣ ’ਤੇ ਬੁੱਟਰ ਨੇ ਕਿਹਾ ਕਿ ਮੈਂ ਪਾਰਟੀ ਹਾਈਕਮਾਨ ਦੇ ਹਰ ਫ਼ੈਸਲੇ ਨੂੰ ਖਿੜੇ ਮੱਥੇ ਪ੍ਰਵਾਨ ਕਰਾਂਗਾ। ਜੇਕਰ ਪਾਰਟੀ ਚਾਹੁੰਦੀ ਹੈ ਤਾਂ ਮੈਂ ਚੋਣ ਲੜਨ ਨੂੰ ਤਿਆਰ ਹਾਂ। ਹਾਂ, ਇਸ ਦੇ ਨਾਲ ਹੀ ਦੱਸ ਦੇਵਾਂ ਕਿ ਬਟਾਲਾ ਹਲਕਾ ਮੇਰੀ ਕਰਮਭੂਮੀ ਹੈ ਤੇ ਮੈਂ ਆਸ ਕਰਦਾ ਹਾਂ ਕਿ ਪਾਰਟੀ ਮੈਨੂੰ ਟਿਕਟ ਨਾਲ ਨਿਵਾਜੇਗੀ। ਉਥੇ ਹੀ ਉਨ੍ਹਾਂ ਨੇ ਫਤਿਹਜੰਗ ਬਾਜਵਾ ਦੀ ਬਟਾਲਾ ਹਲਕੇ ਤੋਂ ਦਾਅਵੇਦਾਰੀ ਬਾਰੇ ਕਿਹਾ ਕਿ ਬਾਜਵਾ ਮਜ਼ਬੂਤ ਦਾਅਵੇਦਾਰ ਹਨ ਪਰ ਪਾਰਟੀ ਦਾ ਫ਼ੈਸਲਾ ਤਾਂ ਹਰ ਆਗੂ ਨੂੰ ਮੰਨਣਾ ਹੀ ਪੈਂਦਾ ਹੈ ਅਤੇ ਪਾਰਟੀ ਹਾਈਕਮਾਨ ਦਾ ਫ਼ੈਸਲਾ ਹੀ ਆਖਰੀ ਫ਼ੈਸਲਾ ਹੋਵੇਗਾ।
ਕੀ ਭਾਜਪਾ ਚੱਲੇ ਕਾਰਤੂਸ ਪਾਰਟੀ ’ਚ ਸ਼ਾਮਲ ਕਰ ਰਹੀ ਹੈ?
ਇਸ ਬਾਰੇ ਗੱਲ ਕਰਦਿਆਂ ਬੁੱਟਰ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਕੋਈ ਆਗੂ ਚੱਲਿਆ ਕਾਰਤੂਸ ਨਹੀਂ ਹੁੰਦਾ। ਹਰ ਸਿਆਸੀ ਆਗੂ ਦਾ ਆਪਣਾ ਵਜੂਦ ਹੁੰਦਾ ਹੈ। ਲੋਕ ਉਸ ਨਾਲ ਉਸ ਦੇ ਕੰਮਾਂ ਕਾਰਨ ਜੁੜਦੇ ਹਨ। ਇਸ ਲਈ ਕਿਹਾ ਜਾ ਸਕਦਾ ਹੈ ਕਿ ਪਾਰਟੀ ਲੋਕਾਂ ਨੂੰ ਕਾਬਲੀਅਤ ਨੂੰ ਦੇਖ ਕੇ ਭਾਜਪਾ ’ਚ ਸ਼ਾਮਲ ਕਰ ਰਹੀ ਹੈ, ਜਿਸ ਦਾ ਲਾਭ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਮਿਲੇਗਾ। ਇਸ ਨਾਲ ਟਕਸਾਲੀ ਭਾਜਪਾ ਆਗੂਆਂ ਨੂੰ ਕੋਈ ਨੁਕਸਾਨ ਨਹੀਂ ਸਗੋਂ ਫਾਇਦਾ ਹੀ ਹੋਵੇਗਾ।
ਇਹ ਵੀ ਪੜ੍ਹੋ: ਆਦਮਪੁਰ ਹਲਕੇ ਦੀ ਤਸਵੀਰ ਹੋਈ ਸਪੱਸ਼ਟ, CM ਚਰਨਜੀਤ ਸਿੰਘ ਚੰਨੀ ਨਹੀਂ ਲੜਨਗੇ ਚੋਣ
‘ਪਰਿਵਾਰਵਾਦ ਵਿਚਾਲੇ ਘਿਰੀ ਹੈ ਕਾਂਗਰਸ’
ਕਾਂਗਰਸ ਦੀ ਗੱਲ ਕਰਦਿਆਂ ਯਾਦਵਿੰਦਰ ਸਿੰਘ ਬੁੱਟਰ ਨੇ ਕਿਹਾ ਕਿ ਭਾਜਪਾ ਹੀ ਇਕ ਅਜਿਹੀ ਪਾਰਟੀ ਹੈ, ਜੋ ਵਰਕਰਾਂ ਨੂੰ ਮਾਣ ਸਤਿਕਾਰ ਦਿੰਦੀ ਹੈ, ਜਦਕਿ ਕਾਂਗਰਸ ’ਚ ਅਜਿਹਾ ਕੁਝ ਵੀ ਨਹੀਂ ਹੈ। ਕਾਂਗਰਸ ਪਰਿਵਾਰਵਾਦ ’ਚ ਘਿਰੀ ਹੋਈ ਹੈ, ਜਿਸ ਦੀ ਸਪੱਸ਼ਟ ਉਦਾਹਰਣ ਗਾਂਧੀ ਪਰਿਵਾਰ ਤੋਂ ਮਿਲ ਜਾਂਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
'ਆਪ' 'ਤੇ ਰੰਧਾਵਾ ਦਾ ਵੱਡਾ ਹਮਲਾ, ਕਿਹਾ-ਕੇਜਰੀਵਾਲ ਬਾਹਰਲੇ ਵਿਅਕਤੀ, ਪੰਜਾਬੀਅਤ ਦੀ ਹੋਂਦ ਖ਼ਤਰੇ ’ਚ ਨਹੀਂ ਪਵੇਗੀ
NEXT STORY