ਲੁਧਿਆਣਾ (ਗੁਪਤਾ)-ਭਾਜਪਾ ਨੇ ਪੰਜਾਬ ’ਚ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਛਤਰ-ਛਾਇਆ ’ਚ ਪਨਗ੍ਰੇਨ ਵਿਭਾਗ ’ਚ 2000 ਕਰੋੜ ਰੁਪਏ ਦੇ ਕਥਿਤ ਘਪਲੇ ਦਾ ਦੋਸ਼ ਲਾਇਆ ਹੈ। ਅੱਜ ਸਰਕਟ ਹਾਊਸ ’ਚ ਆਯੋਜਿਤ ਪੱਤਰਕਾਰ ਸੰਮੇਲਨ ’ਚ ਭਾਜਪਾ ਲੁਧਿਆਣਾ ਦੇ ਪ੍ਰਧਾਨ ਪੁਸ਼ਪਿੰਦਰ ਸਿੰਗਲ, ਪੰਜਾਬ ਭਾਜਪਾ ਕਾਰਜਕਾਰਨੀ ਮੈਂਬਰ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਅਨਾਜ ਮੰਡੀਆਂ ਨਾਲ ਜੁੜੇ ਮਾਫੀਆ ਪੀੜਤ ਮਜ਼ਦੂਰਾਂ, ਛੋਟੇ ਠੇਕੇਦਾਰਾਂ ਅਤੇ ਛੋਟੇ ਟਰੱਕ ਮਾਲਕਾਂ ਦੀ ਹਾਜ਼ਰੀ ’ਚ ਇਹ ਦੋਸ਼ ਲਾਏ। ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਭਾਜਪਾ ਆਗੂਆਂ ਨੇ ਕਿਹਾ ਕਿ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਰਹਿਨੁਮਾਈ ਹੇਠ ਪਨਗ੍ਰੇਨ ਵਿਭਾਗ ਨੇ ਮੰਡੀਆਂ ’ਚ ਰੁਜ਼ਗਾਰ ਦੇਣ ਦੀ ਬਜਾਏ ਆਮ ਗਰੀਬ ਤੇ ਆਮ ਲੋਕਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਹੈ, ਜਦਕਿ ਕੇਂਦਰ ਸਰਕਾਰ ਵੱਲੋਂ ਜਾਰੀ ਪੱਤਰ ਅਨੁਸਾਰ ਲੇਬਰ ਮੈਨੇਜਮੈਂਟ ਕਮੇਟੀ (ਡਬਲਯੂ. ਐੱਮ. ਸੀ.) ਅਤੇ ਲੇਬਰ ਕਮੇਟੀਆਂ ਨੂੰ ਰੁਜ਼ਗਾਰ ਦੇਣ ਲਈ ਲਿਖਿਆ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਵਿੱਤੀ ਪ੍ਰਬੰਧ ਨੂੰ ਲੈ ਕੇ ਨਵਜੋਤ ਸਿੱਧੂ ਦੇ ਕੈਪਟਨ-ਬਾਦਲ ’ਤੇ ਵੱਡੇ ਨਿਸ਼ਾਨੇ
ਇਸ ਦੇ ਬਾਵਜੂਦ ਗਰੀਬਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਪਨਗ੍ਰੇਨ ਵਿਭਾਗ ਨੇ ਪੰਜਾਬ ’ਚ ਅਨਾਜ ਮੰਡੀਆਂ ਦੇ ਵੱਡੇ ਕਲੱਸਟਰ ਬਣਾ ਕੇ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਚਹੇਤੇ ਠੇਕੇਦਾਰਾਂ ਨੂੰ ਲੇਬਰ, ਕਾਰਟੇਜ ਤੇ ਟਰਾਂਸਪੋਰਟੇਸ਼ਨ ਦੇ ਟੈਂਡਰ ਦੇ ਦਿੱਤੇ ਅਤੇ ਜਾਣਬੁੱਝ ਕੇ ਘੱਟ ਰੇਟਾਂ ਦੇ ਟੈਂਡਰ ਰੱਦ ਕਰ ਦਿੱਤੇ ਅਤੇ ਆਪਣੇ ਚਹੇਤਿਆਂ ਨੂੰ ਵੱਧ ਰੇਟਾਂ ’ਤੇ ਟੈਂਡਰ ਜਾਰੀ ਕਰ ਦਿੱਤੇ ਤੇ ਆਪਣੇ ਚਹੇਤਿਆਂ ਨੂੰ ਵੱਧ ਰੇਟ ’ਤੇ ਟੈਂਡਰ ਜਾਰੀ ਕੇ ਕੇਂਦਰ ਸਰਕਾਰ ਦਾ ਪੈਸਾ ਲੁੱਟ ਲਿਆ। ਪੀੜਤ ਠੇਕੇਦਾਰ ਗੁਰਪ੍ਰੀਤ ਸਿੰਘ ਨੇ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਉਸ ਦੇ ਚਹੇਤੇ ਠੇਕੇਦਾਰਾਂ, ਅਫਸਰਾਂ ਵਿਰੁੱਧ ਭ੍ਰਿਸ਼ਟਾਚਾਰ ਦੇ ਸਬੰਧ ਵਿੱਚ ਅਰਬਾਂ ਰੁਪਏ ਦੇ ਘਪਲੇ ਦੀ ਕੈਗ, ਸੀ. ਬੀ. ਆਈ. ਅਤੇ ਈ.ਡੀ. ਤੋਂ ਜਾਂਚ ਦੀ ਮੰਗ ਕੀਤੀ ਹੈ। ਪ੍ਰੈੱਸ ਕਾਨਫਰੰਸ ’ਚ ਭਾਜਪਾ ਲੁਧਿਆਣਾ ਦੇ ਜਨਰਲ ਸਕੱਤਰ ਰਾਮ ਗੁਪਤਾ, ਕੰਤੇਂਦੂ ਸ਼ਰਮਾ, ਮੀਤ ਪ੍ਰਧਾਨ ਮਨੀਸ਼ ਚੋਪੜਾ ਲੱਕੀ, ਪ੍ਰੈੱਸ ਸਕੱਤਰ ਡਾ. ਸਤੀਸ਼ ਕੁਮਾਰ, ਭਾਜਪਾ ਅਗਰਨਗਰ ਮੰਡਲ ਦੇ ਪ੍ਰਧਾਨ ਸੰਜੀਵ ਸ਼ੇਰੂ ਸਚਦੇਵਾ, ਹਰਸ਼ ਸਰੀਨ, ਇੰਦਰਜੀਤ ਸਿੰਘ, ਸੁਖਦੇਵ ਸਿੰਘ, ਮੇਹਰਚੰਦ, ਚਰਨ ਸਿੰਘ, ਰਾਹੁਲ, ਰਾਮ ਸ਼ਾਹ, ਸੁਰੇਸ਼ ਆਦਿ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਪੰਜਾਬ ਲੋਕ ਕਾਂਗਰਸ ਦੇ ਕਾਫ਼ਲੇ 'ਚ ਹੋਇਆ ਵਾਧਾ, ਸਾਬਕਾ ਵਿਧਾਇਕ ਨਿਰਮਲ ਨਿੰਮਾ ਸਮੇਤ ਹੋਰ ਆਗੂ ਹੋਏ ਸ਼ਾਮਲ
ਦੋਸ਼ ਮਨਘੜਤ ਤੇ ਸਿਆਸਤ ਤੋਂ ਪ੍ਰੇਰਿਤ : ਭਾਰਤ ਭੂਸ਼ਣ ਆਸ਼ੂ
ਸੂਬੇ ਦੇ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਭਾਜਪਾ ਵੱਲੋਂ 2000 ਕਰੋੜ ਰੁਪਏ ਦੇ ਘਪਲੇ ਦੇ ਲਗਾਏ ਗਏ ਦੋਸ਼ਾਂ ਨੂੰ ਮਨਘੜਤ ਅਤੇ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੰਦਿਆਂ ਕਿਹਾ ਹੈ ਕਿ ਲੇਬਰ ਅਤੇ ਟਰਾਂਸਪੋਰਟ ਨੂੰ ਲਗਾਉਣ ਦੀ ਪ੍ਰਕਿਰਿਆ ’ਚ ਉਹੀ ਪ੍ਰੋਸੈੱਸ ਕੀਤਾ ਗਿਆ ਹੈ, ਜੋ ਕੇਂਦਰ ਸਰਕਾਰ ਵੱਲੋਂ ਬਣਾਇਆ ਗਿਆ ਹੈ ਜੇ ਕੋਈ ਘਪਲਾ ਹੁੰਦਾ ਤਾਂ ਕੇਂਦਰ ਸਰਕਾਰ ਨਾ ਫੜਦੀ। ਟ੍ਰਾਂਸਪੋਰਟ, ਜਿਣਸ ਅਤੇ ਸਟੋਰੇਜ ਸਾਰੇ ਕੇਂਦਰ ਸਰਕਾਰ ਵੱਲੋਂ ਪ੍ਰਮਾਣਿਤ ਹਨ, ਐੱਫ.ਸੀ.ਆਈ. ਦੇ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ। ਜਿਹੜੇ ਨਿਯਮਾਂ ਦੀ ਹਰਿਆਣਾ ਸਮੇਤ ਹੋਰ ਸੂਬੇ ਪਾਲਣਾ ਕਰਦੇ ਹਨ, ਉਨ੍ਹਾਂ ਨਿਯਮਾਂ ਦੀ ਹੀ ਪਾਲਣਾ ਪੰਜਾਬ ਨੇ ਕੀਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵਿਧਾਨ ਸਭਾ ਚੋਣਾਂ ਲਈ ‘ਆਪ’ ਵੱਲੋਂ ਉਮੀਦਵਾਰਾਂ ਦੀ ਛੇਵੀਂ ਸੂਚੀ ਦਾ ਐਲਾਨ
NEXT STORY