ਜਲੰਧਰ (ਅਨਿਲ ਪਾਹਵਾ)–ਲੋਕ ਸਭਾ ਚੋਣਾਂ ਲਈ ਜਿੱਥੇ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਕੇ ਮੈਦਾਨ ਵਿਚ ਉਤਰਨ ਦੀ ਤਿਆਰੀ ਕਰ ਰਹੀਆਂ ਹਨ, ਉੱਥੇ ਹੀ ਭਾਰਤੀ ਜਨਤਾ ਪਾਰਟੀ ਵੀ ਪੂਰੀ ਵਾਹ ਲਾ ਕੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਜਿੱਤਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਪਾਰਟੀ ਵੱਲੋਂ ਆਪਣੀ ਇਸ ਰਣਨੀਤੀ ਦੇ ਤਹਿਤ ਦੇਸ਼ ਭਰ ਵਿਚ 10 ਜ਼ੋਨ ਬਣਾਏ ਹਨ ਅਤੇ ਹਰੇਕ ਜ਼ੋਨ ਲਈ ਵੱਖਰਾ ਇੰਚਾਰਜ ਤਾਇਨਾਤ ਕੀਤਾ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਇੰਚਾਰਜਾਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ, ਉਹ ਚੋਣ ਪ੍ਰਚਾਰ ਦਾ ਪ੍ਰਬੰਧਨ ਕਰਨ ਦੇ ਨਾਲ-ਨਾਲ ਕੇਂਦਰ ਅਤੇ ਜ਼ੋਨ ਦੇ ਨੇਤਾਵਾਂ ਵਿਚਾਲੇ ਕੋਆਰਡੀਨੇਟਰ ਦਾ ਕੰਮ ਕਰਨਗੇ। ਇਸ ਤੋਂ ਪਹਿਲਾਂ ਪਾਰਟੀ ਨੇ ਕਦੇ ਵੀ ਇਸ ਤਰ੍ਹਾਂ ਦੇ ਜ਼ੋਨ ਬਣਾ ਕੇ ਕੰਮ ਨਹੀਂ ਕੀਤਾ ਪਰ ਇਸ ਵਾਰ ਪਾਰਟੀ ਨੇ ਆਪਣੀ ਰਣਨੀਤੀ ਵਿਚ ਕਾਫ਼ੀ ਬਦਲਾਅ ਕੀਤਾ ਹੈ।
300 ਕਾਲ ਸੈਂਟਰਾਂ ਤੋਂ ਲਾਗੂ ਹੋਵੇਗੀ ਰਣਨੀਤੀ
ਜ਼ੋਨ ਦੇ ਨਾਲ-ਨਾਲ ਪਾਰਟੀ ਇਸ ਵਾਰ ਕਾਲ ਸੈਂਟਰਾਂ ਦੀ ਗਿਣਤੀ ਵੀ ਵਧਾਉਣ ਜਾ ਰਹੀ ਹੈ। 2019 ਵਿਚ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਨੇ 190 ਕਾਲ ਸੈਂਟਰ ਸਥਾਪਤ ਕੀਤੇ ਸਨ। ਇਨ੍ਹਾਂ ਕਾਲ ਸੈਂਟਰਾਂ ਦੇ ਮਾਧਿਅਮ ਰਾਹੀਂ ਦੇਸ਼ ਭਰ ਵਿਚ ਚੋਣ ਮੁਹਿੰਮ ਚਲਾਈ ਗਈ ਸੀ। ਖਬਰ ਮਿਲੀ ਹੈ ਕਿ ਪਾਰਟੀ ਨੇ ਇਸ ਵਾਰ ਕਾਲ ਸੈਂਟਰਾਂ ਦੀ ਗਿਣਤੀ 300 ਕਰ ਦਿੱਤੀ ਹੈ। ਇਹ ਕਾਲ ਸੈਂਟਰ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਕੰਮ ਕਰਨ ਅਤੇ ਸਥਾਨਕ ਟੀਮ ਤੇ ਵੋਟਰਾਂ ਵਿਚਾਲੇ ਪੁਲ ਦਾ ਕੰਮ ਕਰਨਗੇ। ਇਹ ਕਾਲ ਸੈਂਟਰ ਵੋਟਾਂ ਵਾਲੇ ਦਿਨ ਵੋਟਰਾਂ ਨੂੰ ਕਾਲ ਕਰਕੇ ਵੋਟ ਲਈ ਪ੍ਰੇਰਿਤ ਕਰਨਗੇ। ਪਾਰਟੀ ਵਲੋਂ ਜਾਰੀ ਹਦਾਇਤਾਂ ਤਹਿਤ 27 ਸੀਟਾਂ ਦੇ ਪਿੱਛੇ ਘੱਟੋ-ਘੱਟ ਇਕ ਕਾਲ ਸੈਂਟਰ ਬਣਾਉਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ- ਵਿਜੀਲੈਂਸ ਨੂੰ ਸੌਂਪੀ ਜਾ ਸਕਦੀ ਹੈ CM ਮਾਨ ਦੀ ਗ੍ਰਾਂਟ ਨਾਲ ਜਲੰਧਰ ਨਿਗਮ ’ਚ ਹੋਏ ਕੰਮਾਂ ਦੀ ਜਾਂਚ
5 ਕੇਂਦਰੀ ਨੇਤਾਵਾਂ ਦੇ ਸੰਪਰਕ ’ਚ ਰਹਿਣਗੇ ਜ਼ੋਨ ਇੰਚਾਰਜ
ਪਾਰਟੀ ਨੇ ਜਿਹੜੇ 10 ਜ਼ੋਨ ਬਣਾਏ ਹਨ, ਉਨ੍ਹਾਂ ਦੇ ਇੰਚਾਰਜ ਵੀ ਲਾ ਦਿੱਤੇ ਗਏ ਹਨ। ਇਹ ਇੰਚਾਰਜ ਆਪਣੇ ਇਲਾਕੇ ਵਿਚ ਕੰਮ ਤਾਂ ਕਰਨਗੇ ਹੀ, ਨਾਲ ਹੀ ਜ਼ੋਨ ਦੀ ਪੂਰੀ ਫੀਡਬੈਕ ਕੇਂਦਰੀ ਨੇਤਾਵਾਂ ਨੂੰ ਦੇਣਗੇ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਇਹ ਸਾਰੇ ਇੰਚਾਰਜ ਕੇਂਦਰ ਦੇ 5 ਵੱਡੇ ਨੇਤਾਵਾਂ ਦੇ ਸੰਪਰਕ ਵਿਚ ਰਹਿਣਗੇ ਅਤੇ ਉਨ੍ਹਾਂ ਨੂੰ ਆਪਣੀ ਰਿਪੋਰਟ ਦੇਣਗੇ। ਸਾਰੇ ਇੰਚਾਰਜਾਂ ਨੂੰ 20 ਸਤੰਬਰ ਨੂੰ ਆਪੋ-ਆਪਣੇ ਜ਼ੋਨ ਵਿਚ ਜ਼ਿਲਾ ਪੱਧਰੀ ਵਰਕਸ਼ਾਪ ਆਯੋਜਿਤ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਬਾਅਦ ਇਕ ਰਿਪੋਰਟ ਕੇਂਦਰੀ ਟੀਮ ਨੂੰ ਦਿੱਤੀ ਜਾਵੇਗੀ।
ਦਿੱਲੀ ਹੈੱਡਕੁਆਰਟਰ ਤੋਂ ਚੱਲੇਗੀ ਕਮਾਨ
ਸੂਤਰਾਂ ਤੋਂ ਮਿਲੀ ਖ਼ਬਰ ਅਨੁਸਾਰ ਕਾਲ ਸੈਂਟਰ ਦੀ ਸਥਾਪਨਾ ਅਤੇ ਹੋਰ ਚੋਣ ਪ੍ਰਬੰਧ ਵੇਖਣ ਲਈ ਭਾਜਪਾ ਨੇ ਜਾਰਵਿਸ ਨਾਂ ਦੀ ਕੰਸਲਟੈਂਟ ਕੰਪਨੀ ਨੂੰ ਤਾਇਨਾਤ ਕੀਤਾ ਹੈ। ਇਹ ਕੰਪਨੀ ਪਹਿਲਾਂ ਵੀ ਭਾਜਪਾ ਲਈ ਕੰਮ ਕਰਦੀ ਰਹੀ ਹੈ। ਇਸ ਕੰਪਨੀ ਦੀ ਇਕ ਟੀਮ ਨਵੀਂ ਦਿੱਲੀ ਵਿਚ ਭਾਜਪਾ ਦਫ਼ਤਰ ਵਿਚ ਬੈਠੇਗੀ ਅਤੇ ਉੱਥੋਂ ਸਾਰੇ ਕਾਲ ਸੈਂਟਰਾਂ ਨੂੰ ਕਮਾਂਡ ਕਰੇਗੀ। ਕਾਲ ਸੈਂਟਰ ਆਪੋ-ਆਪਣੇ ਸੂਬੇ ਦੀ ਮੀਡੀਆ ਟੀਮ ਦੇ ਸੰਪਰਕ ਵਿਚ ਰਹਿਣਗੇ ਅਤੇ ਸੂਬਾ ਪੱਧਰ ’ਤੇ ਚੋਣ ਡਾਟਾ ਪ੍ਰਬੰਧਨ ਵਿਚ ਸਹਿਯੋਗ ਕਰਨਗੇ।
ਇਹ ਵੀ ਪੜ੍ਹੋ- 90 ਸਾਲਾ ਬਜ਼ੁਰਗ ਮਾਂ ਦਾ ਚੁੱਪ-ਚੁਪੀਤੇ ਕਰ 'ਤਾ ਸਸਕਾਰ, ਫੁੱਲ ਚੁਗਣ ਵੇਲੇ ਪਰਿਵਾਰ 'ਚ ਪੈ ਗਿਆ ਭੜਥੂ, ਜਾਣੋ ਕਿਉਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਜ਼ਰੂਰੀ ਖ਼ਬਰ : ਪੰਜਾਬ 'ਚ ਪਲੇ-ਵੇਅ ਸਕੂਲਾਂ ਤੇ ਕ੍ਰੈੱਚ ਸੈਂਟਰਾਂ ਨੂੰ ਲੈ ਕੇ ਜਾਰੀ ਹੋਏ ਇਹ ਹੁਕਮ
NEXT STORY