ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਸਰਦਾਰ ਆਰ.ਪੀ. ਸਿੰਘ ਨੇ ਪੰਜਾਬ ਅਤੇ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧਦਿਆਂ ਉਨ੍ਹਾਂ 'ਤੇ ਮੀਡੀਆ ਦੀ ਆਵਾਜ਼ ਦਬਾਉਣ ਅਤੇ ਸਿੱਖ ਗੁਰੂਆਂ ਦਾ ਅਪਮਾਨ ਕਰਨ ਦੇ ਗੰਭੀਰ ਦੋਸ਼ ਲਾਏ। ਭਾਜਪਾ ਮੁੱਖ ਦਫ਼ਤਰ ਵਿਖੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਤੰਤਰ ਦੇ ਚੌਥੇ ਥੰਮ੍ਹ 'ਤੇ ਹਮਲਾ ਕਰ ਰਹੀ ਹੈ।
ਕਾਨਫਰੰਸ ਦੌਰਾਨ ਆਰ.ਪੀ. ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਬਣ ਰਹੇ ਨਵੇਂ 'ਸ਼ੀਸ਼ ਮਹਿਲ' (ਮੁੱਖ ਮੰਤਰੀ ਦੀ ਰਿਹਾਇਸ਼) ਬਾਰੇ ਖ਼ਬਰ ਛਾਪਣ 'ਤੇ ਪੰਜਾਬ ਕੇਸਰੀ ਅਤੇ ਜਗ ਬਾਣੀ ਸਮੂਹ ਵਿਰੁੱਧ ਸਰਕਾਰੀ ਤੰਤਰ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 2 ਨਵੰਬਰ 2025 ਨੂੰ ਅਖ਼ਬਾਰ ਵੰਡਣ ਵਾਲੀਆਂ ਗੱਡੀਆਂ ਨੂੰ ਰੋਕ ਕੇ ਡਰਾਈਵਰਾਂ ਦੇ ਫ਼ੋਨ ਖੋਹ ਲਏ ਗਏ ਤਾਂ ਜੋ ਖ਼ਬਰਾਂ ਨੂੰ ਲੋਕਾਂ ਤੱਕ ਪਹੁੰਚਣ ਤੋਂ ਰੋਕਿਆ ਜਾ ਸਕੇ।
ਇਸ ਤੋਂ ਇਲਾਵਾ, ਬਠਿੰਡਾ ਪ੍ਰੈੱਸ ਦੇ ਦਰਵਾਜ਼ੇ ਤੋੜ ਕੇ ਪੁਲਸ ਅੰਦਰ ਦਾਖ਼ਲ ਹੋਈ ਅਤੇ ਮੁਲਾਜ਼ਮਾਂ ਨਾਲ ਕੁੱਟਮਾਰ ਕੀਤੀ ਗਈ, ਜਿਸ ਕਾਰਨ ਕਈ ਕਰਮਚਾਰੀ ਹਸਪਤਾਲ ਦਾਖ਼ਲ ਹਨ। ਜਲੰਧਰ ਯੂਨਿਟ ਨੂੰ ਪ੍ਰਦੂਸ਼ਣ ਬੋਰਡ ਰਾਹੀਂ ਨੋਟਿਸ ਭੇਜ ਕੇ ਤੰਗ ਕੀਤਾ ਜਾ ਰਿਹਾ ਹੈ। ਆਰ.ਪੀ. ਸਿੰਘ ਨੇ ਇਸ ਦੀ ਤੁਲਨਾ 1975 ਦੀ ਐਮਰਜੈਂਸੀ ਨਾਲ ਕਰਦਿਆਂ ਕਿਹਾ ਕਿ ਕੇਜਰੀਵਾਲ ਸਰਕਾਰ ਮੀਡੀਆ ਨੂੰ 'ਮਾਈ ਵੇਅ ਜਾਂ ਹਾਈਵੇਅ' ਦੀ ਨੀਤੀ ਨਾਲ ਚਲਾਉਣਾ ਚਾਹੁੰਦੀ ਹੈ।
ਗੁਰੂ ਸਾਹਿਬਾਨ ਬਾਰੇ ਅਪਸ਼ਬਦਾਂ ਦਾ ਮਾਮਲਾ
ਦਿੱਲੀ ਵਿਧਾਨ ਸਭਾ ਦੀ ਘਟਨਾ ਦਾ ਜ਼ਿਕਰ ਕਰਦਿਆਂ ਭਾਜਪਾ ਆਗੂ ਨੇ ਕਿਹਾ ਕਿ ਆਤਿਸ਼ੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਦੇ ਸਬੰਧ ਵਿੱਚ ਚੱਲ ਰਹੀ ਚਰਚਾ ਦੌਰਾਨ ਗੁਰੂ ਸਾਹਿਬਾਨ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਇਸ ਘਟਨਾ ਨੂੰ ਛੁਪਾਉਣ ਲਈ ਇੱਕ 'ਕੱਟ-ਪੇਸਟ' ਕੀਤੀ ਹੋਈ ਜਾਅਲੀ ਵੀਡੀਓ ਅਤੇ ਫੋਰੈਂਸਿਕ ਰਿਪੋਰਟ ਪੇਸ਼ ਕੀਤੀ ਗਈ, ਜਦਕਿ ਅਸਲ ਵੀਡੀਓ ਵਿੱਚ ਅਪਮਾਨਜਨਕ ਸ਼ਬਦ ਸਾਫ਼ ਸੁਣੇ ਜਾ ਸਕਦੇ ਹਨ।
ਆਰ.ਪੀ. ਸਿੰਘ ਨੇ ਮੰਗ ਕੀਤੀ ਕਿ ਅਰਵਿੰਦ ਕੇਜਰੀਵਾਲ ਅਤੇ ਆਤਿਸ਼ੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਨਤਮਸਤਕ ਹੋ ਕੇ ਮਾਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਇਸ ਮਾਮਲੇ ਦੀ ਜਾਂਚ ਕਰੇਗੀ ਅਤੇ ਜਾਅਲੀ ਵੀਡੀਓ ਪੇਸ਼ ਕਰਨ ਵਾਲਿਆਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੇਸ਼ ਦੇ ਮੀਡੀਆ ਅਦਾਰਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਔਖੀ ਘੜੀ ਵਿੱਚ ਪੰਜਾਬ ਦੇ ਮੀਡੀਆ ਸਮੂਹਾਂ ਦਾ ਸਾਥ ਦੇਣ।
ਪਾਰਸਲਾਂ ਦੀ ਹੇਰਾ-ਫ਼ੇਰੀ ਕਰਨ 'ਤੇ ਕੋਰੀਅਰ ਕੰਪਨੀ ਦੇ ਮੁਲਾਜ਼ਮ 'ਤੇ ਪਰਚਾ ਦਰਜ
NEXT STORY