ਜਲੰਧਰ (ਪਾਹਵਾ) - ਰਾਸ਼ਟਰੀ ਸਵੈਮ ਸੇਵਕ ਸੰਘ ਬੇਸ਼ਕ ਭਾਜਪਾ ਦਾ ਸਿਰਜਕ ਸੰਗਠਨ ਹੈ ਅਤੇ ਸੰਘ 'ਚੋਂ ਨਿਕਲ ਕੇ ਹੀ ਭਾਜਪਾ ਦੇ ਕਈ ਵੱਡੇ ਆਗੂ ਸੱਤਾ 'ਤੇ ਕਾਬਿਜ਼ ਹੋਏ ਹਨ ਪਰ ਭਾਜਪਾ ਦੀ ਸਫਲਤਾ/ਅਸਫਲਤਾ ਦਾ ਵੱਡਾ ਅਸਰ ਸੰਘ 'ਤੇ ਵੀ ਹੋ ਰਿਹਾ ਹੈ। ਇਸਦਾ ਅੰਦਾਜ਼ਾ ਸੰਘ ਦੀ ਆਨਲਾਈਨ ਮੈਂਬਰਸ਼ਿਪ ਤੋਂ ਲਾਇਆ ਜਾ ਸਕਦਾ ਹੈ। ਸੰਘ ਵਲੋਂ ਆਨਲਾਈਨ ਮੈਂਬਰਸ਼ਿਪ ਦੀ ਸ਼ੁਰੂਆਤ ਕਰਨ ਦੇ ਮਗਰੋਂ ਇਹ ਅਸਰ ਸਾਫ ਦਿਸਣ ਲੱਗਾ ਹੈ ਜਿਸ ਨੂੰ ਲੈ ਕੇ ਸੰਘ ਕਾਫੀ ਉਤਸ਼ਾਹਿਤ ਹੈ।
ਦੇਸ਼ ਦੇ 4 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਜੋ ਸਫਲਤਾ ਮਿਲੀ, ਉਸਦੇ ਕਾਰਨ ਸੰਘ ਦੀ ਮੈਂਬਰਸ਼ਿਪ ਦਾ ਕਾਰਜ ਤੇਜ਼ ਹੋ ਗਿਆ। ਭਾਜਪਾ ਦੀ ਸਫਲਤਾ ਮਗਰੋਂ ਸੰਘ ਨਾਲ ਜੁੜਨ ਦੀ ਇੱਛਾ ਪ੍ਰਗਟਾਉਣ ਵਾਲਿਆਂ ਦੀ ਗਿਣਤੀ 'ਚ ਇਕਦਮ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸ ਸਾਲ ਜਨਵਰੀ ਮਹੀਨੇ 'ਚ ਸੰਘ ਨੂੰ ਆਨਲਾਈਨ 7256 ਮੈਂਬਰੀ ਅਰਜ਼ੀਆਂ ਹਾਸਲ ਹੋਈਆਂ ਹਨ, ਜੋ 5 ਸੂਬਿਆਂ 'ਚ ਚੋਣਾਂ ਦੌਰਾਨ ਮਾਰਚ ਮਹੀਨੇ ਵਿਚ ਵਧ ਕੇ 27871 ਹੋ ਗਈਆਂ ਹਨ।
ਇਸ ਮਹੀਨੇ 'ਚ ਚੋਣਾਂ ਦੌਰਾਨ ਜਿੱਥੇ ਇਹ ਅੰਕੜਾ ਉਪਰ ਗਿਆ ਉਥੇ ਅਪ੍ਰੈੱਲ 'ਚ ਇਹ ਅੰਕੜਾ 14073 'ਤੇ ਆ ਗਿਆ। ਇਸਦਾ ਸਿੱਧਾ ਅਰਥ ਹੈ ਕਿ ਚੋਣਾਂ ਦੌਰਾਨ ਦੇਸ਼ 'ਚ ਸੰਘ ਦੇ ਨਾਲ ਜੁੜਨ ਵਾਲਿਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਇਹੀ ਵਾਧਾ ਲੋਕ ਸਭਾ ਚੋਣਾਂ ਦੌਰਾਨ ਵੀ ਦੇਖਿਆ ਗਿਆ ਸੀ। ਸਾਲ 2014 'ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਔਸਤ ਤੌਰ 'ਤੇ ਸੰਘ ਦੀ ਮੈਂਬਰੀ ਲਈ ਆਨਲਾਈਨ ਬਿਨੈ ਕਰਨ ਵਾਲਿਆਂ ਦੀ ਗਿਣਤੀ 7200 ਸੀ, ਮਈ 2014 'ਚ ਜਦ ਦੇਸ਼ ਵਿਚ ਭਾਜਪਾ ਦੀ ਸਰਕਾਰ ਬਣੀ ਤਾਂ ਇਹ ਗਿਣਤੀ ਵਧ ਕੇ 16926 ਤਕ ਪਹੁੰਚ ਗਈ। ਸੰਘ ਨੇ ਆਨਲਾਈਨ ਮੈਂਬਰੀ ਦੀ ਸ਼ੁਰੂਆਤ 2012 'ਚ ਕੀਤੀ ਸੀ। ਸਾਲ 2013 'ਚ ਪ੍ਰਤੀ ਮਹੀਨਾ ਔਸਤ ਬਿਨੈ ਕਰਨ ਦੀ ਗਿਣਤੀ 1300 ਸੀ ਜੋ ਸਾਲ 2015 ਤਕ 6990 ਤਕ ਪਹੁੰਚ ਗਈ।
2016 'ਚ ਇਹ ਅੰਕੜਾ 7236 ਦਾ ਸੀ। ਸੰਘ ਦੇ ਲੋਕ ਭਾਜਪਾ ਅਤੇ ਸੰਘ 'ਚ ਸਿੱਧਾ ਸਬੰਧ ਹੋਣ ਤੋਂ ਨਾਂਹ ਕਰਦੇ ਰਹੇ ਹਨ। ਇਸ ਮਾਮਲੇ 'ਚ ਇਹ ਵੀ ਤਰਕ ਦਿੱਤਾ ਜਾ ਰਿਹਾ ਹੈ ਕਿ ਕੇਰਲ, ਜਿੱਥੇ ਭਾਜਪਾ ਸੱਤਾ 'ਚ ਨਹੀਂ, ਵਿਚ ਸੰਘ ਦੀਆਂ ਸਭ ਤੋਂ ਵੱਧ ਸ਼ਾਖਾਵਾਂ ਲੱਗਦੀਆਂ ਹਨ।
ਸੰਘ ਦੇ ਲੋਕਾਂ ਦਾ ਕਹਿਣਾ ਹੈ ਕਿ ਸੰਘ ਨੇ ਕੁਝ ਦੇਰ ਪਹਿਲਾਂ ਹੀ ਆਨਲਾਈਨ ਪ੍ਰਬੰਧ ਦੇ ਨਾਲ ਕੰਮ ਸ਼ੁਰੂ ਕੀਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਨੌਜਵਾਨ ਇਸ ਆਨਲਾਈਨ ਪ੍ਰਬੰਧ ਨੂੰ ਪਹਿਲ ਦਿੰਦੇ ਹਨ, ਜਿਸ ਕਾਰਨ ਉਨ੍ਹਾਂ ਦੀ ਮੈਂਬਰਸ਼ਿਪ ਵਧ ਰਹੀ ਹੈ।
ਸੰਘ ਦਾ ਇਹ ਵੀ ਤਰਕ ਹੈ ਕਿ ਪੱਛਮੀ ਬੰਗਾਲ ਵਿਚ 2011 ਤੋਂ ਹੁਣ ਤਕ ਸ਼ਾਖਾਵਾਂ ਦੀ ਗਿਣਤੀ 580 ਤੋਂ ਵਧ ਕੇ 1500 ਤੋਂ ਵੱਧ ਹੋ ਗਈ ਹੈ। ਜਦਕਿ ਉਥੇ ਭਾਜਪਾ ਦੀ ਸੱਤਾ ਨਹੀਂ ਹੈ। ਸੰਘ ਦੀਆਂ ਰੋਜ਼ਾਨਾ ਲੱਗਣ ਵਾਲੀਆਂ ਸ਼ਾਖਾਵਾਂ 'ਚ ਪਿਛਲੇ 5 ਸਾਲਾਂ 'ਚ 20 ਫੀਸਦੀ ਵਾਧਾ ਹੋਇਆ ਹੈ ਜਦਕਿ ਮਾਸਿਕ ਸ਼ਾਖਾਵਾਂ 'ਚ 40 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਪਾਵਰਕਾਮ ਵਿਭਾਗ ਕਿਸੇ ਵੱਡੇ ਹਾਦਸੇ ਦੀ ਉਡੀਕ 'ਚ
NEXT STORY