ਅੰਮ੍ਰਿਤਸਰ, (ਛੀਨਾ)- ਪਾਵਰਕਾਮ ਵਿਭਾਗ ਦੀ ਲਾਪ੍ਰਵਾਹੀ ਕਾਰਨ ਸਿਟੀ ਸੈਂਟਰ ਵਿਖੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਸਤਨਾਮ ਸਿੰਘ, ਕੁਲਵਿੰਦਰ ਸਿੰਘ, ਹੰਸਪਾਲ, ਮਨਜੀਤ ਸਿੰਘ, ਜਤਿੰਦਰ ਸਿੰਘ ਆਦਿ ਦੁਕਾਨਦਾਰਾਂ ਨੇ ਦੱਸਿਆ ਕਿ ਇਲਾਕੇ 'ਚ ਪਿਛਲੇ ਕਰੀਬ 3 ਮਹੀਨਿਆਂ ਤੋਂ ਬਿਜਲੀ ਦੀਆਂ ਤਾਰਾਂ ਜ਼ਮੀਨ 'ਤੇ ਡਿੱਗੀਆਂ ਹੋਈਆਂ ਹਨ, ਜਿਨ੍ਹਾਂ ਨੂੰ ਪੋਲ ਲਾ ਕੇ ਉਪਰ ਚੁੱਕਣ ਵਾਸਤੇ ਕਈ ਵਾਰ ਸੰਬੰਧਿਤ ਅਧਿਕਾਰੀਆਂ ਨੂੰ ਮਿਲ ਕੇ ਫਰਿਆਦ ਕੀਤੀ ਗਈ ਹੈ ਪਰ ਉਨ੍ਹਾਂ ਵੱਲੋਂ ਅੱਜ ਤੱਕ ਇਸ ਸਮੱਸਿਆ ਦੇ ਹੱਲ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਇਹ ਬਿਜਲੀ ਦੀਆਂ ਤਾਰਾਂ ਇਲਾਕੇ ਦੇ ਦੁਕਾਨਦਾਰਾਂ ਤੇ ਰਾਹਗੀਰਾਂ ਲਈ ਮੌਤ ਦਾ ਸਾਮਾਨ ਬਣ ਕੇ ਜ਼ਮੀਨ 'ਤੇ ਵਿਛੀਆਂ ਹੋਈਆਂ ਹਨ।
ਉਨ੍ਹਾਂ ਦੱਸਿਆ ਕਿ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਕਈ ਵਾਰ ਇਨ੍ਹਾਂ ਤਾਰਾਂ 'ਚੋਂ ਅੱਗ ਦੀਆਂ ਲਪਟਾਂ ਵੀ ਨਿਕਲ ਚੁੱਕੀਆਂ ਹਨ ਪਰ ਫਿਰ ਵੀ ਪਾਵਰਕਾਮ ਵਿਭਾਗ ਕੁੰਭਕਰਨੀ ਨੀਂਦ ਤੋਂ ਨਹੀਂ ਜਾਗ ਰਿਹਾ। ਉਨ੍ਹਾਂ ਕਿਹਾ ਕਿ ਇਲਾਕੇ 'ਚ ਇਕ ਬਿਜਲੀ ਦਾ ਪੋਲ ਜਿਸ ਦੀ ਹਾਲਤ ਬਹੁਤ ਖਸਤਾ ਹੋ ਗਈ ਹੈ, 'ਤੇ ਤਾਰਾਂ ਦਾ ਵੱਡਾ ਜਾਲ ਟੰਗਿਆ ਹੋਣ ਕਾਰਨ ਉਹ ਇਕ ਪਾਸੇ ਨੂੰ ਝੁਕਿਆ ਹੋਇਆ ਹੈ, ਜਿਹੜਾ ਕਿ ਕਿਸੇ ਵੇਲੇ ਵੀ ਡਿੱਗ ਕੇ ਭਾਰੀ ਨੁਕਸਾਨ ਕਰਨ ਨੂੰ ਤਿਆਰ ਹੈ, ਉਸ ਨੂੰ ਵੀ ਬਦਲਣ ਵਾਸਤੇ ਕੋਈ ਤਵੱਜੋ ਨਹੀਂ ਦਿੱਤੀ ਜਾ ਰਹੀ। ਇਸ ਮੌਕੇ ਇਲਾਕੇ ਦੇ ਦੁਕਾਨਦਾਰਾਂ ਨੇ ਕਿਹਾ ਕਿ ਬਿਜਲੀ ਦੀਆਂ ਤਾਰਾਂ ਜਾਂ ਪੋਲ ਕਾਰਨ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰੀ ਤਾਂ ਉਸ ਲਈ ਸਿੱਧੇ ਤੌਰ 'ਤੇ ਪਾਵਰਕਾਮ ਦੇ ਸੰਬੰਧਿਤ ਅਧਿਕਾਰੀ ਜ਼ਿੰਮੇਵਾਰ ਹੋਣਗੇ।
ਇਸ ਸਬੰਧੀ ਐੱਸ. ਡੀ. ਓ. ਨੇ ਕਿਹਾ ਕਿ ਸੱਟ ਲੱਗਣ ਕਾਰਨ ਮੈਂ ਮੈਡੀਕਲ ਲੀਵ 'ਤੇ ਹਾਂ ਪਰ ਇਸ ਤੋਂ ਪਹਿਲਾਂ ਤਾਰਾਂ ਨੂੰ ਪੋਲ ਲਾ ਕੇ ਉਪਰ ਚੁੱਕਣ ਜਾਂ ਖਸਤਾਹਾਲ ਪੋਲ ਬਦਲਣ ਸਬੰਧੀ ਸਾਡੇ ਕੋਲ ਕੋਈ ਸ਼ਿਕਾਇਤ ਨਹੀਂ ਆਈ।
ਅੰਡਰਗਰਾਊਂਡ ਹੋਇਆ ਟਰਾਂਸਪੋਰਟ ਮਾਫੀਆ
NEXT STORY