ਜਲੰਧਰ (ਧਵਨ) : ਦੇਸ਼ ਦੇ ਪ੍ਰਮੁੱਖ ਅੰਕਸ਼ਾਸਤਰੀਆਂ ਨੇ ਵੀ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਨੀਲਾ ਰੰਗ ਹੀ ਭਾਰਤੀ ਕ੍ਰਿਕਟ ਟੀਮ ਲਈ ਸ਼ੁੱਭ ਹੈ। ਉਨ੍ਹਾਂ ਇਹ ਗੱਲ ਵੀ ਸਵੀਕਾਰ ਕੀਤੀ ਹੈ ਕਿ 30 ਜੂਨ ਨੂੰ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਮੈਚ ਲਈ ਇਹ ਦਿਨ ਇੰਗਲੈਂਡ ਲਈ ਦੋਹਰੇ ਰੂਪ 'ਚ ਸ਼ੁੱਭ ਸੀ। ਮੰਨੇ-ਪ੍ਰਮੰਨੇ ਅੰਕ ਸ਼ਾਸਤਰੀ ਸੰਜੇ ਬੀ ਜੁਮਾਨੀ ਅਤੇ ਸ਼ਵੇਤਾ ਜੁਮਾਨੀ ਦਾ ਮੰਨਣਾ ਹੈ ਕਿ ਨੀਲਾ ਰੰਗ ਭਾਰਤੀ ਟੀਮ ਲਈ ਸਭ ਤੋਂ ਜ਼ਿਆਦਾ ਸ਼ੁੱਭ ਹੈ। ਨੰਬਰ 3 ਇੰਡੀਆ ਅਤੇ ਨੰਬਰ 6 ਭਾਰਤ ਲਈ ਨੀਲਾ ਰੰਗ ਸਭ ਤੋਂ ਉੱਤਮ ਹੈ। ਉਨ੍ਹਾਂ ਕਿਹਾ ਕਿ ਭਾਵੇਂ 30 (ਅੰਕ 3) ਭਾਰਤ ਲਈ ਵੀ ਸ਼ੁੱਭ ਸੀ ਪਰ ਇੰਗਲੈਂਡ ਲਈ ਇਹ ਦੋਹਰੇ ਤੌਰ 'ਤੇ ਸ਼ੁੱਭ ਸੀ। ਨੰਬਰ 3 ਇੰਗਲੈਂਡ ਲਈ ਇਸ ਲਈ ਸ਼ੁੱਭ ਸੀ ਕਿਉਂਕਿ ਇੰਗਲੈਂਡ ਲਈ ਅੰਕਾਂ ਦਾ ਕੁੱਲ ਜੋੜ ਨੰ. 8 ਬਣਦਾ ਹੈ ਅਤੇ 8 ਅੰਕ ਦੇ ਲਈ ਨੰਬਰ 1, 3 ,5 ਅਤੇ 6 ਹਮੇਸ਼ਾ ਸ਼ੁੱਭ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇੰਗਲੈਂਡ ਵਲੋਂ ਮੈਨ ਆਫ ਦਿ ਮੈਚ ਜੌਨੀ ਬੈਰਿਸਟੋ ਦਾ ਵੀ ਨੰਬਰ 8 ਅੰਕ ਬਣਦਾ ਹੈ। ਉਸ ਨੇ 111 ਦੌੜਾਂ ਬਣਾਈਆਂ, ਜਿਨ੍ਹਾਂ ਦਾ ਕੁੱਲ ਜੋੜ ਅੰਕ 3 ਬਣਦਾ ਹੈ ਅਤੇ 30 ਜੂਨ ਨੂੰ ਹੀ ਮੈਚ ਹੋਇਆ ਜਿਸ ਦਾ ਜੋੜ 3 ਅੰਕ ਬਣਦਾ ਹੈ। ਉਨ੍ਹਾਂ ਨੇ ਜਰਸੀ ਨੰਬਰ 51 ਪਹਿਨੀ ਹੋਈ ਸੀ, ਜਿਸ ਦਾ ਕੁੱਲ ਜੋੜ 6 ਅੰਕ ਬਣਦਾ ਹੈ। ਇਸੇ ਤਰ੍ਹਾਂ ਰੋਹਿਤ ਸ਼ਰਮਾ ਦਾ ਅੰਕ 3 ਹੈ ਅਤੇ ਉਹ 33 ਸਾਲ 'ਚੋਂ ਲੰਘ ਰਹੇ ਹਨ, ਜਿਸ ਦਾ ਅੰਕ 6 ਬਣਦਾ ਹੈ। ਰੋਹਿਤ ਨੇ 45 ਨੰਬਰ ਦੀ ਜਰਸੀ ਪਹਿਨੀ ਹੋਈ ਹੈ, ਜਿਸ ਦਾ ਕੁੱਲ ਜੋੜ 9 ਅੰਕ ਬਣਦਾ ਹੈ। ਰੋਹਿਤ ਨੇ ਕੱਲ ਮੈਚ 'ਚ 102 ਦੌੜਾਂ ਬਣਾਈਆਂ, ਜਿਨ੍ਹਾਂ ਦਾ ਕੁੱਲ ਜੋੜ 3 ਅੰਕ ਬਣਦਾ ਹੈ । ਇਸ ਤਰ੍ਹਾਂ 3, 6, ਅਤੇ 9 ਅੰਕਾਂ ਦੀ ਪ੍ਰਧਾਨਤਾ ਰੋਹਿਤ 'ਚ ਦੇਖੀ ਗਈ। ਮੁਹੰਮਦ ਸ਼ੰਮੀ ਦਾ ਅੰਕ ਵੀ 3 ਹੈ ਅਤੇ 2019 ਦਾ ਕੁੱਲ ਜੋੜ ਵੀ 3 ਅੰਕ ਬਣਦਾ ਹੈ। ਇਸ ਲਈ ਇਹ ਸਾਲ ਗੇਂਦਬਾਜ਼ ਮੁਹੰਮਦ ਸ਼ੰਮੀ ਲਈ ਕਾਫੀ ਸ਼ੁੱਭ ਰਹਿਣ ਵਾਲਾ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਕ੍ਰਿਕਟ ਟੀਮ ਨੇ ਔਰੇਂਜ ਰੰਗ ਦੀ ਡਰੈੱਸ ਪਹਿਨੀ ਹੋਈ ਸੀ ਜਦਕਿ ਇੰਗਲੈਂਡ ਦੇ ਖਿਡਾਰੀਆਂ ਨੇ ਨੀਲੇ ਰੰਗ ਦੀ ਡਰੈੱਸ ਪਹਿਨੀ ਹੋਈ ਸੀ। ਇਸ ਲਈ ਨੀਲਾ ਰੰਗ ਇੰਗਲੈਂਡ ਲਈ ਸ਼ੁੱਭ ਰਿਹਾ, ਜਿਸ ਕਾਰਨ ਉਨ੍ਹਾਂ ਦੀ ਟੀਮ ਨੂੰ ਜਿੱਤ ਮਿਲੀ। ਉਨ੍ਹਾਂ ਕਿਹਾ ਕਿ ਭਾਵੇਂ ਔਰੇਂਜ ਰੰਗ ਬੁਰਾ ਨਹੀਂ ਹੈ ਪਰ ਇਹ ਨੀਲੇ ਜਿੰਨਾ ਸ਼ੁੱਭ ਵੀ ਨਹੀਂ ਹੈ।
55 ਸਾਲਾ ਵਿਅਕਤੀ ਦੀ ਕਰਤੂਤ, 2 ਬੱਚਿਆਂ ਦੀ ਮਾਂ ਨੂੰ ਲੈ ਕੇ ਹੋਇਆ ਫਰਾਰ
NEXT STORY