ਜਲੰਧਰ (ਵਰੁਣ)- ਜਲੰਧਰ ਵਿਖੇ ਬੀਤੇ ਦਿਨ ਬਰਲਟਨ ਪਾਰਕ 'ਚ ਕਤਲ ਕੀਤੇ ਨੌਜਵਾਨ ਸੱਤਾ ਘੁਮਾਣ ਦੇ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ। ਦਰਅਸਲ ਸੱਤਾ ਘੁਮਾਣ ਦੇ ਕਤਲ ਕਾਂਡ ਮਗਰੋਂ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਦੋਸ਼ੀ ਨਿਤੀਸ਼ ਗੁੱਲੀ ਅਤੇ ਉਸ ਦੇ ਸਾਥੀ ਸ਼ਰਾਬ ਅਤੇ ਹੁੱਕਾ ਪੀਂਦੇ ਹੋਏ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਕਤਲ ਤੋਂ ਕੁਝ ਸਮਾਂ ਪਹਿਲਾਂ ਦੀ ਹੈ। ਸ਼ਰਾਬ ਪੀਣ ਦੀ ਪਾਰਟੀ ਕਰਨ ਮਗਰੋਂ ਉਕਤ ਵਿਅਕਤੀਆਂ ਨੇ ਸੱਤਾ ਘੁਮਾਣ ਦਾ ਕਤਲ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਨਾਮਜ਼ਦ ਮੁਲਜ਼ਮ ਫਰਾਰ ਹਨ। ਸੱਤਾ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਸੌਂਪ ਦਿੱਤੀ ਗਈ ਹੈ। ਸੱਤਾ ਘੁੰਮਣ ਦੀ ਹੱਤਿਆ ਮਾਮਲੇ ’ਚ ਫਿਲਹਾਲ ਪੁਲਸ ਦੇ ਹੱਥ ਮੁਲਜ਼ਮਾਂ ਸਬੰਧੀ ਕੋਈ ਖ਼ਾਸ ਇਨਪੁੱਟ ਨਹੀਂ ਲੱਗੀ ਹੈ। ਪੁਲਸ ਨੂੰ ਮੁਲਜ਼ਮਾਂ ਦੀਆਂ ਰਾਜਸਥਾਨ ਅਤੇ ਅਜਮੇਰ ਸ਼ਰੀਫ਼ ਦੀਆਂ ਲੋਕੇਸ਼ਨਾਂ ਮਿਲਣ ਦੀ ਸੂਚਨਾ ਹੈ ਪਰ ਫਿਲਹਾਲ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ। ਮੁਲਜ਼ਮ ਕਤਲ ਤੋਂ ਪਹਿਲਾਂ ਹੋਈ ਪਾਰਟੀ ਦੀ ਵਾਇਰਲ ਵੀਡੀਓ ’ਚ ਸ਼ਰਾਬ ਅਤੇ ਹੁੱਕਾ ਪੀਂਦੇ ਨਜ਼ਰ ਆ ਰਹੇ ਹਨ।
ਐੱਸ. ਓ. ਯੂ. ਦੀ ਇਕ ਟੀਮ ਨੇ ਕੁਝ ਮੁਲਜ਼ਮਾਂ ਦੀ ਭਾਲ ਵਿਚ ਲੁਧਿਆਣਾ ਵਿਚ ਵੀ ਛਾਪੇਮਾਰੀ ਕੀਤੀ ਪਰ ੳੁਥੋਂ ਖਾਲੀ ਹੱਥ ਵਾਪਸ ਆਉਣਾ ਪਿਆ।
ਸੂਤਰਾਂ ਦੀ ਮੰਨੀਏ ਤਾਂ ਮੁਲਜ਼ਮ ਦੋ ਧੜਿਆਂ ਵਿਚ ਵੰਡੇ ਹੋਏ ਹਨ। ਇਹ ਵੀ ਚਰਚਾ ਰਹੀ ਕਿ ਨਾਮਜ਼ਦ ਮੁਲਜ਼ਮ ਨਿਤੀਸ਼ ਉਰਫ਼ ਗੁੱਲੀ ਅਤੇ ਰਾਹੁਲ ਸੱਭਰਵਾਲ ਸਰੰਡਰ ਕਰਨ ਦੀ ਫਿਰਾਕ ਵਿਚ ਹਨ ਪਰ ਪੁਲਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ। ਕਤਲ ਤੋਂ ਪਹਿਲਾਂ ਗੁੱਲੀ, ਰਾਹੁਲ ਅਤੇ ਹੋਰ ਮੁਲਜ਼ਮਾਂ ਨੇ ਇਕ ਪਾਰਟੀ ਵੀ ਕੀਤੀ ਸੀ, ਜਿਸ ਦੀ ਵੀਡੀਓ ਬਣਾਈ ਗਈ ਸੀ ਪਰ ਸੱਤਾ ਦੀ ਕਤਲ ਤੋਂ ਬਾਅਦ ਉਹ ਵੀਡੀਓ ਵਾਇਰਲ ਹੋ ਗਈ। ਵੀਡੀਓ ਵਿਚ ਨਿਤੀਸ਼ ਗੁੱਲੀ ਅਤੇ ਰਾਹੁਲ ਸੱਭਰਵਾਲ ਆਪਣੇ ਸਾਥੀਆਂ ਨਾਲ ਸ਼ਰਾਬ ਅਤੇ ਹੁੱਕਾ ਪੀਂਦੇ ਵਿਖਾਈ ਦੇ ਰਹੇ ਹਨ। ਉਹ ਇਕ ਘਰ ਵਿਚ ਬੈਠੇ ਵਿਖਾਈ ਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਉਥੇ ਹੀ ਉਨ੍ਹਾਂ ਵੱਲੋਂ ਸੱਤਾ ਨਾਲ ਰੰਜਿਸ਼ ਕੱਢਣ ਲਈ ਉਸ ਦਾ ਕਤਲ ਦੀ ਯੋਜਨਾ ਤਿਆਰ ਕੀਤੀ ਗਈ। ਸੀ. ਆਈ. ਏ. ਸਟਾਫ਼ ਨੇ ਗੁੱਲੀ ਅਤੇ ਰਾਹੁਲ ਦੇ ਕੁਝ ਨਜ਼ਦੀਕੀ ਸਾਥੀਆਂ ਨੂੰ ਰਾਊਂਡਅੱਪ ਕਰਕੇ ਪੁੱਛਗਿੱਛ ਵੀ ਕੀਤੀ ਪਰ ਉਨ੍ਹਾਂ ਨੂੰ ਵੀ ਨਹੀਂ ਪਤਾ ਕਿ ਉਹ ਕਿੱਥੇ ਭੱਜੇ ਹੋਏ ਹਨ। ਮੁਲਜ਼ਮਾਂ ਦੇ ਘਰਾਂ ਨੂੰ ਵੀ ਤਾਲੇ ਲੱਗੇ ਹੋਏ ਹਨ।
ਇਹ ਵੀ ਪੜ੍ਹੋ : ਨਸ਼ੇ ਨੇ ਉਜਾੜਿਆ ਹੱਸਦਾ-ਵੱਸਦਾ ਘਰ, 1 ਸਾਲ ਪਹਿਲਾਂ ਵਿਆਹੇ ਨੌਜਵਾਨ ਦੀ ਓਵਰਡੋਜ਼ ਨਾਲ ਮੌਤ
ਥਾਣਾ ਨੰ. 1 ਦੇ ਇੰਚਾਰਜ ਜਤਿੰਦਰ ਕੁਮਾਰ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਹੱਤਿਆ ਤੋਂ ਬਾਅਦ ਮੁਲਜ਼ਮਾਂ ਦੇ ਮੋਬਾਇਲ ਨੰਬਰ ਵੀ ਬੰਦ ਆ ਰਹੇ ਹਨ। ਦੱਸ ਦੇਈਏ ਕਿ ਬੈਂਕ ਕਾਲੋਨੀ ਦੇ ਵਸਨੀਕ ਸਵਤੰਤਰਜੀਤ ਸਿੰਘ ਉਰਫ਼ ਸੱਤਾ ਘੁੰਮਣ, ਜੋਕਿ ਮਕਸੂਦਾਂ ਮੰਡੀ ਵਿਚ ਚੌਕੀਦਾਰ ਹਾਇਰ ਕਰਨ ਦਾ ਠੇਕਾ ਚਲਾ ਰਿਹਾ ਸੀ, ਨੂੰ ਰਾਤ 9.30 ਵਜੇ ਨਵੇਂ ਰੱਖੇ ਚੌਕੀਦਾਰ ਦਾ ਫ਼ੋਨ ਆਇਆ। ਚੌਕੀਦਾਰ ਦਾ ਫੋਨ ਆਉਣ ਤੋਂ ਬਾਅਦ ਸੱਤਾ ਆਪਣੀ ਐਕਟਿਵਾ ’ਤੇ ਮੰਡੀ ਗਿਆ ਤਾਂ ਦੇਖਿਆ ਕਿ ਕਾਰ ਸਵਾਰ ਗੁੱਲੀ, ਰਾਹੁਲ ਸੱਭਰਵਾਲ ਅਤੇ ਹੋਰ ਲੋਕ ਚੌਕੀਦਾਰ ਦੀ ਕੁੱਟਮਾਰ ਕਰ ਰਹੇ ਸਨ। ਸੱਤਾ ਨੂੰ ਵੇਖ ਕੇ ਉਨ੍ਹਾਂ ਗੰਨ ਵੀ ਲਹਿਰਾਈ, ਜਿਸ ਤੋਂ ਬਾਅਦ ਮੁਲਜ਼ਮ ਚੌਂਕੀਦਾਰ ਨੂੰ ਆਪਣੇ ਨਾਲ ਕਾਰ ’ਚ ਬਿਠਾ ਕੇ ਬਰਲਟਨ ਪਾਰਕ ਵਾਲੀ ਸਾਈਡ ’ਤੇ ਲੈ ਗਏ ਅਤੇ ਸੱਤਾ ਜਿਵੇਂ ਹੀ ਪਾਰਕ ’ਚ ਸਥਿਤ ਹਾਕੀ ਸਟੇਡੀਅਮ ’ਚ ਪਹੁੰਚਿਆ ਤਾਂ ਮੁਲਜ਼ਮਾਂ ਨੇ ਉਸ ਨੂੰ ਰੋਕ ਲਿਆ ਅਤੇ ਉਸ ’ਤੇ ਤੇਜ਼ਧਾਰ ਹਥਿਆਰਾਂ ਅਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਸੱਤਾ ਦੀ ਹੱਤਿਆ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਉਸ ਦੀ ਐਕਟਿਵਾ ਅਤੇ ਸ਼ਰਾਬ ਵੀ ਉਸ ’ਤੇ ਸੁੱਟ ਦਿੱਤੀ। ਚੌਕੀਦਾਰ ਨੂੰ ਆਪਣੇ ਨਾਲ ਲੈ ਕੇ ਮੁਲਜ਼ਮ ਨਹਿਰ ਵੱਲ ਚਲੇ ਗਏ ਅਤੇ ਫਿਰ ਉਸ ਦੀ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਛੱਡ ਕੇ ਫ਼ਰਾਰ ਹੋ ਗਏ। ਚੌਂਕੀਦਾਰ ਨੇ ਇਸ ਬਾਰੇ ਪੁਲਸ ਨੂੰ ਸੂਚਿਤ ਕੀਤਾ ਅਤੇ ਬਾਅਦ ਵਿਚ ਉਹ ਖ਼ੁਦ ਵੀ ਗਾਇਬ ਹੋ ਗਿਆ ਪਰ ਕੁਝ ਸਮੇਂ ਬਾਅਦ ਉਹ ਵਾਪਸ ਆ ਗਿਆ। ਥਾਣਾ ਨੰ. 8 ਵਿਚ ਸੱਤਾ ਦੇ ਪਿਤਾ ਮੋਹਨ ਸਿੰਘ ਦੇ ਬਿਆਨਾਂ ’ਤੇ ਨਿਤੀਸ਼ ਉਰਫ ਗੁੱਲੀ ਪੁੱਤਰ ਸੁਨੀਲ ਕੁਮਾਰ ਵਾਸੀ ਅਮਨ ਨਗਰ ਗੁਲਾਬ ਦੇਵੀ ਰੋਡ, ਰਾਹੁਲ ਸੱਭਰਵਾਲ ਵਾਸੀ ਜਲੰਧਰ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ 302, 364, 148 ਤੇ 149 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਨਸ਼ੇ ਦੇ ਨਾਜਾਇਜ਼ ਕਾਰੋਬਾਰ ਸਬੰਧੀ ਫਿਰ ਚਰਚਾ ’ਚ ਫਿਲੌਰ ਦੀ ਪੰਜਾਬ ਪੁਲਸ ਅਕੈਡਮੀ, ਖੁੱਲ੍ਹੇ ਵੱਡੇ ਰਾਜ਼
ਪਿਤਾ ਨੇ ਜਵਾਨ ਪੁੱਤਰ ਦੀ ਚਿਖਾ ਨੂੰ ਵਿਖਾਈ ਅਗਨੀ
ਸੱਤਾ ਘੁੰਮਣ ਦੀ ਮ੍ਰਿਤਕ ਦੇਹ ਸ਼ਨੀਵਾਰ ਸ਼ਾਮ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਗਈ, ਜਿਸ ਨੂੰ ਸੈਕਰਡ ਹਾਰਟ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ ਗਿਆ ਹੈ। ਸੱਤਾ ਘੁੰਮਣ ਦਾ ਐਤਵਾਰ ਸਵੇਰੇ 11 ਵਜੇ ਸਸਕਾਰ ਕਰ ਦਿੱਤਾ ਗਿਆ। ਬਜ਼ੁਰਗ ਪਿਤਾ ਮੋਹਨ ਸਿੰਘ ਨੇ ਆਪਣੇ ਪੁੱਤਰ ਦੀ ਚਿਖਾ ਨੂੰ ਅਗਨੀ ਦਿੱਤੀ। ਸੱਤਾ ਦੇ ਵੱਡੇ ਭਰਾ ਦੀ ਅਮਰੀਕਾ ਵਿਚ ਮੌਤ ਹੋ ਗਈ ਸੀ। ਹੁਣ ਉਹ ਆਪਣੇ ਮਾਪਿਆਂ ਦਾ ਇਕੋ-ਇਕ ਸਹਾਰਾ ਸੀ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਦੇਰ ਰਾਤ ਮਕਸੂਦਾਂ ਮੰਡੀ ’ਚ ਨਾਜਾਇਜ਼ ਠੇਕੇਦਾਰੀ ਅਤੇ ਵਸੂਲੀ ਨੂੰ ਸੰਭਾਲਣ ਲਈ ਹੋਏ ਝਗੜੇ ’ਚ ਹਾਲ ਹੀ ’ਚ ‘ਆਪ’ ਵੱਲੋਂ ਬਣਾਏ ਇਕ ਕਾਲਜ ਦੇ ਮੀਤ ਪ੍ਰਧਾਨ ਅਤੇ ਉਸ ਦੇ ਸਾਥੀਆਂ ਨੇ ਮੌਜੂਦਾ ਠੇਕੇਦਾਰ ਸਵਤੰਤਰਜੀਤ ਸਿੰਘ ਉਰਫ਼ ਸੱਤਾ ਘੁੰਮਣ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਕਾਤਲਾਂ ਨੇ ਲਾਸ਼ ’ਤੇ ਸ਼ਰਾਬ ਸੁੱਟੀ ਅਤੇ ਉਸ ਦੀ ਐਕਟਿਵਾ ਨੂੰ ਲਾਸ਼ ਦੇ ਉੱਪਰ ਰੱਖ ਦਿੱਤਾ ਤਾਂ ਕਿ ਮਾਮਲਾ ਐਕਸੀਡੈਂਟ ਦਾ ਲੱਗੇ। ਦੇਰ ਰਾਤ ਪੁਲਸ ਨੂੰ ਜਦੋਂ ਇਸ ਕਤਲ ਦਾ ਪਤਾ ਲੱਗਾ ਤਾਂ ਪੁਲਸ ਅਧਿਕਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ। ਤੜਕੇ ਸੱਤਾ ਘੁੰਮਣ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕੀਤਾ ਗਿਆ। ਥਾਣਾ ਨੰ. 1 ’ਚ ਮੀਤ ਪ੍ਰਧਾਨ ਨਿਤਿਸ਼ ਉਰਫ਼ ਗੁੱਲੀ ਸਮੇਤ ਅੱਧੀ ਦਰਜਨ ਲੋਕਾਂ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਸੀ. ਪੀ. ਕੁਲਦੀਪ ਸਿੰਘ ਚਾਹਲ ਨੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਹਨ, ਜਿਹੜੀਆਂ ਮੁਲਜ਼ਮਾਂ ਦੀ ਭਾਲ ’ਚ ਜੁਟੀਆਂ ਹਨ। ਜੂਡੋ ਦਾ ਖਿਡਾਰੀ ਰਿਹਾ ਸੱਤਾ ਘੁੰਮਣ (38) ਪੁੱਤਰ ਮੋਹਨ ਸਿੰਘ ਨਿਵਾਸੀ ਬੈਂਕ ਕਾਲੋਨੀ ਪਿਛਲੇ 14 ਸਾਲਾਂ ਤੋਂ ਮਕਸੂਦਾਂ ਮੰਡੀ ’ਚ ਚੌਕੀਦਾਰਾਂ ਨੂੰ ਠੇਕੇਦਾਰੀ ’ਤੇ ਰੱਖਦਾ ਸੀ। ਇੰਡੀਅਨ ਆਰਮੀ ਦੇ ਸਾਬਕਾ ਕੈਪਟਨ ਸੱਤਾ ਦੇ ਪਿਤਾ ਮੋਹਨ ਸਿੰਘ ਨੇ ਦੱਸਿਆ ਕਿ ਕਾਫ਼ੀ ਸਾਲ ਪਹਿਲਾਂ ਉਹ ਲੜਾਈ-ਝਗੜਾ ਕਰਦਾ ਸੀ ਪਰ ਜਦੋਂ ਤੋਂ ਉਹ ਮਕਸੂਦਾਂ ਮੰਡੀ ’ਚ ਕੰਮ ਕਰਨ ਲੱਗਾ ਸੀ, ਉਸ ਨੇ ਸਭ ਕੁਝ ਛੱਡ ਦਿੱਤਾ ਸੀ ਤੇ ਸਿਰਫ ਆਪਣੇ ਕੰਮ ’ਤੇ ਫੋਕਸ ਕਰਦਾ ਸੀ।
ਇਹ ਵੀ ਪੜ੍ਹੋ : ਕਿਸਾਨਾਂ ਨਾਲ ਸੰਵਾਦ ਤੋਂ ਬਾਅਦ CM ਮਾਨ ਦਾ ਵੱਡਾ ਐਲਾਨ, ਗੰਨਾ ਮਿੱਲਾਂ ਨੂੰ ਜਾਰੀ ਕੀਤੇ ਇਹ ਹੁਕਮ
ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਦੀ ਰਾਤ ਸੱਤਾ ਖਾਣਾ ਖਾ ਕੇ ਹੀ ਹਟਿਆ ਸੀ ਕਿ ਸਾਢੇ 9 ਵਜੇ ਉਸ ਨੂੰ ਫੋਨ ਆਇਆ, ਜਿਸ ਤੋਂ ਬਾਅਦ ਉਹ ਬਾਹਰ ਜਾਣ ਲੱਗਾ ਤਾਂ ਪੁੱਛਣ ’ਤੇ ਉਸ ਨੇ ਕਿਹਾ ਕਿ ਮੰਡੀ ’ਚ ਨਵਾਂ ਚੌਂਕੀਦਾਰ ਰੱਖਿਆ ਹੈ, ਜਿਸ ਨੂੰ ਕੰਮ ਸਮਝ ਨਹੀਂ ਆ ਰਿਹਾ। ਉਹ ਉਸ ਨੂੰ ਸਮਝਾ ਕੇ ਜਲਦ ਵਾਪਸ ਆ ਜਾਵੇਗਾ, ਜਿਉਂ ਹੀ ਸੱਤਾ ਮੰਡੀ ਦੇ ਗੇਟ ਨੇੜੇ ਪੁੱਜਾ ਤਾਂ ਕਾਰ ਸਵਾਰ ਕੁਝ ਲੋਕ ਚੌਂਕੀਦਾਰ ਨੂੰ ਕੁੱਟ ਰਹੇ ਸਨ। ਸੱਤਾ ਨੇ ਤੁਰੰਤ ਉਥੇ ਜਾ ਕੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਪਿਸਤੌਲ ਲਹਿਰਾਉਂਦੇ ਹੋਏ ਉਥੋਂ ਨਿਕਲ ਗਏ। ਸੱਤਾ ਨੇ ਆਪਣੀ ਐਕਟਿਵਾ ’ਤੇ ਕਾਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਕਾਰ ’ਚ ਨਿਤਿਸ਼ ਉਰਫ਼ ਗੁੱਲੀ ਅਤੇ ਉਸ ਦੇ ਸਾਥੀ ਸਨ। ਮੁਲਜ਼ਮਾਂ ਨੇ ਕਾਰ ਬਰਲਟਨ ਪਾਰਕ ਵੱਲ ਮੋੜ ਲਈ, ਜਦਕਿ ਸੱਤਾ ਉਨ੍ਹਾਂ ਦੇ ਪਿੱਛੇ ਹੀ ਸੀ, ਜਿਉਂ ਹੀ ਕਾਰ ਹਾਕੀ ਸਟੇਡੀਅਮ ਨੇੜੇ ਪੁੱਜੀ ਤਾਂ ਚਾਲਕ ਨੇ ਕਾਰ ਰੋਕ ਲਈ ਅਤੇ ਕਾਰ ਸਵਾਰਾਂ ਨੇ ਸੱਤਾ ਨੂੰ ਘੇਰ ਲਿਆ। ਉਨ੍ਹਾਂ ਨੇ ਸੱਤਾ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਸਭ ਤੋਂ ਪਹਿਲਾਂ ਸੱਤਾ ਘੁੰਮਣ ਦੀਆਂ ਲੱਤਾਂ ’ਤੇ ਤੇਜ਼ਧਾਰ ਹਥਿਆਰ ਮਾਰ ਕੇ ਦੋਵੇਂ ਲੱਤਾਂ ਤੋੜ ਦਿੱਤੀਆਂ ਅਤੇ ਫਿਰ ਉਸ ਦੇ ਸਿਰ ’ਤੇ ਵੀ ਤੇਜ਼ਧਾਰ ਹਥਿਆਰ ਮਾਰੇ। ਉਸ ਨੂੰ ਅੱਧਮਰਿਆ ਕਰਕੇ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਦੋਬਾਰਾ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਨਵੇਂ ਚੌਕੀਦਾਰ ਨੂੰ ਲੈ ਕੇ ਵੀ ਚਰਚਾ ਸੀ ਕਿ ਉਹ ਵੀ ਗਾਇਬ ਹੈ। ਦੇਰ ਰਾਤ ਰਾਹਗੀਰਾਂ ਨੇ ਲਾਸ਼ ਦੇਖ ਕੇ ਪੁਲਸ ਕੰਟਰੋਲ ਰੂਮ ’ਚ ਸੂਚਨਾ ਦਿੱਤੀ। ਮੌਕੇ ’ਤੇ ਪੁਲਸ ਅਧਿਕਾਰੀ ਪੁੱਜੇ। ਪੌਣੇ 5 ਵਜੇ ਸੀ. ਆਈ. ਏ. ਸਟਾਫ਼ ਦਾ ਮੁਲਾਜ਼ਮ ਸੱਤਾ ਦੇ ਘਰ ਪੁੱਜਾ ਅਤੇ ਉਸ ਦੇ ਪਿਤਾ ਨੂੰ ਸਾਰੀ ਘਟਨਾ ਬਾਰੇ ਦੱਸਿਆ। ਸੱਤਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਰਖਵਾ ਦਿੱਤਾ ਹੈ। ਮੋਹਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੱਤਾ ਨੇ ਕਦੀ ਵੀ ਨਹੀਂ ਦੱਸਿਆ ਕਿ ਉਸ ਦਾ ਕਿਸੇ ਨਾਲ ਝਗੜਾ ਸੀ। ਦੇਰ ਸ਼ਾਮ ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਇਸ ਨੂੰ ਗੈਂਗਵਾਰ ਨਾ ਦੱਸ ਕੇ ਕਾਰੋਬਾਰੀ ਝਗੜਾ ਦੱਸਿਆ। ਦੱਸਿਆ ਜਾ ਰਿਹਾ ਹੈ ਕਿ ਗੁੱਲੀ ਕੁਝ ਸਮਾਂ ਪਹਿਲਾਂ ਹੀ ਜੇਲ੍ਹ ’ਚੋਂ ਛੁੱਟ ਕੇ ਆਇਆ ਸੀ, ਜਦਕਿ ਆਮ ਆਦਮੀ ਪਾਰਟੀ ਨੇ ਉਸ ਨੂੰ ਇਕ ਕਾਲਜ ਦਾ ਮੀਤ ਪ੍ਰਧਾਨ ਬਣਾਇਆ ਸੀ। ਹਾਲ ਹੀ ’ਚ ਕਾਲਜ ਦੇ ਪ੍ਰਧਾਨਾਂ ਨੇ ਸ੍ਰੀ ਗੁਰੂ ਰਵਿਦਾਸ ਨਗਰ ’ਚ ਪੈਟਰੋਲ ਪੰਪ ਕਰਮਚਾਰੀ ਸਤਨਾਮ ਲਾਲ ਅਤੇ ਉਸ ਦੇ ਬੇਟੇ ਨਿਤਿਨ ’ਤੇ ਗੋਲੀਆਂ ਚਲਾਈਆਂ ਸਨ। ਕ੍ਰਿਮੀਨਲ ਪ੍ਰਧਾਨਾਂ ਕਾਰਨ ਸ਼ਹਿਰ ਦੀ ਅਮਨ-ਸ਼ਾਂਤੀ ਲਗਾਤਾਰ ਵਿਗੜਦੀ ਜਾ ਰਹੀ ਹੈ।
ਇਹ ਵੀ ਪੜ੍ਹੋ : ਜਲੰਧਰ ਦੇ ਦੋਮੋਰੀਆ ਪੁਲ ਨੇੜੇ ਹੋਏ ਵਿਅਕਤੀ ਦੇ ਕਤਲ ਮਾਮਲੇ 'ਚ 5 ਮੁਲਜ਼ਮ ਗ੍ਰਿਫ਼ਤਾਰ, ਹੋਣਗੇ ਵੱਡੇ ਖ਼ੁਲਾਸੇ
ਕੁਝ ਸਮਾਂ ਪਹਿਲਾਂ ਹੋਏ ਭਾਈਵਾਲ ਦੇ ਝਗੜੇ ’ਚ ਗਿਆ ਸੀ ਸੱਤਾ
ਸੂਤਰਾਂ ਦੀ ਮੰਨੀਏ ਤਾਂ ਸੱਤਾ ਦੇ ਮੰਡੀ ਦੇ ਕੰਮ ’ਚ ਭਾਈਵਾਲ ਦਾ ਇਕ ਝਗੜਾ ਹੋਇਆ ਸੀ, ਜਿਸ ਨਾਲ ਝਗੜਾ ਹੋਇਆ ਸੀ, ਉਹ ਨਿਤਿਸ਼ ਗੁੱਲੀ ਦਾ ਸਾਥੀ ਸੀ। ਸੱਤਾ ਨੇ ਉਸ ਦਾ ਖੁੱਲ੍ਹ ਕੇ ਵਿਰੋਧ ਕੀਤਾ ਸੀ। ਉਸੇ ਨੇ ਆਪਣੇ ਸਾਥੀ ਗੁੱਲੀ ਨੂੰ ਕਿਹਾ ਕਿ ਉਹ ਮੰਡੀ ਦੇ ਕੰਮ ’ਚ ਦਖਲ ਦੇਵੇ ਕਿਉਂਕਿ ਇਸ ’ਚ ਪੈਸਾ ਬਹੁਤ ਹੈ। ਸਿਆਸੀ ਸਰਪ੍ਰਸਤੀ ਹੋਣ ਕਾਰਨ ਬਿਨਾਂ ਕਿਸੇ ਖੌਫ ਦੇ ਗੁੱਲੂ ਮੰਡੀ ’ਚੋਂ ਵਸੂਲੀ ਕਰਨ ਲਈ ਹੱਥ-ਪੈਰ ਮਾਰਨ ਲੱਗਾ, ਜਿਸ ਦਾ ਨਤੀਜਾ ਸੱਤਾ ਘੁੰਮਣ ਦੀ ਹੱਤਿਆ ਵਜੋਂ ਨਿਕਲਿਆ।
ਪਸ਼ੂ ਪ੍ਰੇਮੀ ਦੇ ਨਾਲ-ਨਾਲ ਸੋਸ਼ਲ ਵਰਕਰ ਵੀ ਸੀ ਸੱਤਾ
ਸੱਤਾ ਦੇ ਪਿਤਾ ਮੋਹਨ ਸਿੰਘ ਨੇ ਦੱਸਿਆ ਕਿ ਉਸ ਦੇ ਬੇਟੇ ਨੂੰ ਜੇਕਰ ਕੋਈ ਜਾਨਵਰ ਤਕਲੀਫ ’ਚ ਜਾਂ ਬੀਮਾਰ ਮਿਲਦਾ ਸੀ ਤਾਂ ਉਹ ਆਪਣੇ ਜੇਬ ’ਚੋਂ ਖਰਚਾ ਕਰ ਕੇ ਉਸ ਦਾ ਇਲਾਜ ਕਰਵਾਉਂਦਾ ਸੀ, ਜੇਕਰ ਕਿਸੇ ਦਾ ਐਕਸੀਡੈਂਟ ਹੋ ਜਾਵੇ ਤਾਂ ਮਦਦ ਲਈ ਵੀ ਤਿਆਰ ਰਹਿੰਦਾ ਸੀ ਪਰ ਅਜਿਹੇ ਬੇਟੇ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਕਾਫ਼ੀ ਸਾਲ ਪਹਿਲਾਂ ਸੱਤਾ ਨੂੰ ਇਕ ਝਗੜੇ ਦੌਰਾਨ ਗੋਲੀਆਂ ਲੱਗੀਆਂ ਸਨ ਪਰ ਉਦੋਂ ਕਾਫ਼ੀ ਮੁਸ਼ਕਲ ਨਾਲ ਉਸ ਨੂੰ ਮੌਤ ਦੇ ਮੂੰਹ ’ਚੋਂ ਬਾਹਰ ਕੱਢਿਆ ਗਿਆ ਸੀ।
ਕਾਲਜ ਦਾ ਪ੍ਰਧਾਨ ਨਿਯੁਕਤ ਕਰਨ ਵਾਲੇ ਆਗੂ ਨੇ ਫੇਸਬੁੱਕ ਤੋਂ ਹਟਾਈ ਪੋਸਟ
ਜਲੰਧਰ ਦੇ ਕਾਲਜਾਂ ਦੇ ਪ੍ਰਧਾਨ, ਚੇਅਰਮੈਨ ਤੇ ਮੀਤ ਪ੍ਰਧਾਨ ਬਣਨ ’ਤੇ ਆਪਣੀਆਂ ਅਹੁਦੇਦਾਰਾਂ ਨਾਲ ਫੋਟੋਆਂ ਪੋਸਟ ਕਰਨ ਵਾਲੇ ਆਗੂ ਨੇ ਸੱਤਾ ਹੱਤਿਆਕਾਂਡ ਤੋਂ ਬਾਅਦ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ। ਉਨ੍ਹਾਂ ਫੋਟੋਆਂ ’ਚ ਨਿਤਿਸ਼ ਉਰਫ ਗੁੱਲੀ ਦਾ ਨਾਂ ਸਿਰਫ਼ ਨਿਤਿਸ਼ ਲਿਖਿਆ ਹੋਇਆ ਹੈ, ਹਾਲਾਂਕਿ ਇਹ ਪੋਸਟ ਕਈ ਲੋਕਾਂ ਨੇ ਸੇਵ ਕਰਕੇ ਰੱਖ ਲਈ ਸੀ ਪਰ ਸਵਾਲ ਇਹ ਹੈ ਕਿ ਅਪਰਾਧਿਕ ਅਕਸ ਵਾਲੇ ਲੋਕਾਂ ਨੂੰ ਹੀ ਕਾਲਜਾਂ ਦਾ ਪ੍ਰਧਾਨ ਬਣਾਇਆ ਜਾ ਰਿਹਾ ਹੈ ਅਤੇ ਗਾਜ ਪੁਲਸ ’ਤੇ ਡੇਗ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ : ਕੈਨੇਡਾ ਬੈਠੇ ਮੁੰਡੇ ਲਈ ਲੱਭੀ ਕੁੜੀ IELTS ਕਰ ਪਹੁੰਚੀ ਇੰਗਲੈਂਡ, ਫਿਰ ਵਿਖਾਇਆ ਅਸਲ ਰੰਗ, ਜਾਣੋ ਪੂਰਾ ਮਾਮਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਬਠਿੰਡਾ 'ਚ ਵਾਪਰਿਆ ਦਰਦਨਾਕ ਹਾਦਸਾ, ਸਵਾਰੀਆਂ ਨਾਲ ਭਰੀ PRTC ਬੱਸ ਪਲਟੀ
NEXT STORY