ਜਲੰਧਰ (ਖੁਰਾਣਾ)— ਲੁਧਿਆਣਾ, ਜਲੰਧਰ ਅਤੇ ਪਟਿਆਲਾ ਨਗਰ ਨਿਗਮਾਂ ਦੇ ਮੇਅਰਾਂ ਕ੍ਰਮਵਾਰ ਬਲਕਾਰ ਸਿੰਘ ਸੰਧੂ, ਜਗਦੀਸ਼ ਰਾਜ ਰਾਜਾ ਅਤੇ ਸੰਜੀਵ ਸ਼ਰਮਾ ਬਿੱਟੂ ਨੇ ਬੀਤੇ ਦਿਨ ਪਟਿਆਲਾ ਜਾ ਕੇ ਪੰਜਾਬ ਦੇ ਨਵੇਂ ਲੋਕਲ ਬਾਡੀਜ਼ ਮੰਤਰੀ ਬ੍ਰਹਮ ਮਹਿੰਦਰਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੰਤਰੀ ਅਹੁਦਾ ਸੰਭਾਲਣ 'ਤੇ ਸਨਮਾਨਤ ਕੀਤਾ। ਇਸ ਬੈਠਕ ਦੌਰਾਨ ਲੋਕਲ ਬਾਡੀਜ਼ ਵਿਭਾਗ ਦੀ ਕਾਰਜਪ੍ਰਣਾਲੀ ਅਤੇ ਸ਼ਹਿਰੀ ਵਿਕਾਸ ਨਾਲ ਸਬੰਧਤ ਕਈ ਮੁੱਦਿਆਂ 'ਤੇ ਚਰਚਾ ਹੋਈ।ਨਵੇਂ ਲੋਕਲ ਬਾਡੀਜ਼ ਮੰਤਰੀ ਬ੍ਰਹਮ ਮਹਿੰਦਰਾ ਨੇ ਸਾਫ ਸ਼ਬਦਾਂ 'ਚ ਕਿਹਾ ਕਿ ਪਹਿਲਾਂ ਸ਼ਹਿਰਾਂ ਦੇ ਮੇਅਰਾਂ ਨੂੰ ਲੋਕਲ ਬਾਡੀਜ਼ ਮੰਤਰਾਲਾ ਦੇ ਹੁਕਮਾਂ ਮੁਤਾਬਕ ਚੱਲਣਾ ਪੈਂਦਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ ਸਗੋਂ ਇਸ ਦੀ ਬਜਾਏ ਲੋਕਲ ਬਾਡੀਜ਼ ਵਿਭਾਗ ਸ਼ਹਿਰਾਂ ਦੇ ਮੇਅਰਾਂ ਦੀ ਸਲਾਹ ਮੁਤਾਬਕ ਕੰਮ ਕਰੇਗਾ ਕਿਉਂਕਿ ਮੇਅਰਾਂ ਨੂੰ ਸਬੰਧਤ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਜ਼ਿਆਦਾ ਪਤਾ ਹੁੰਦਾ ਹੈ।
ਬੈਠਕ ਦੌਰਾਨ ਜਦੋਂ ਮੇਅਰਾਂ ਨੇ ਬ੍ਰਹਮ ਮਹਿੰਦਰਾ ਨੂੰ ਆਪਣੇ-ਆਪਣੇ ਸ਼ਹਿਰ 'ਚ ਆਉਣ ਦਾ ਸੱਦਾ ਦਿੱਤਾ ਤਾਂ ਮੰਤਰੀ ਸਾਹਿਬ ਦਾ ਸਾਫ ਕਹਿਣਾ ਸੀ ਕਿ ਪਹਿਲਾਂ ਮੇਅਰ ਉਨ੍ਹਾਂ ਨੂੰ ਆਪਣੇ-ਆਪਣੇ ਸ਼ਹਿਰ ਦੇ ਰੁਕੇ ਹੋਏ ਵਿਕਾਸ ਕੰਮਾਂ ਬਾਰੇ ਸੂਚੀ ਮੁਹੱਈਆ ਕਰਵਾਉਣ ਅਤੇ ਜ਼ਰੂਰੀ ਪ੍ਰਾਜੈਕਟਾਂ ਦੀ ਜਾਣਕਾਰੀ ਦੇਣ, ਉਸ ਤੋਂ ਬਾਅਦ ਉਹ ਸਬੰਧਤ ਸ਼ਹਿਰਾਂ ਦਾ ਦੌਰਾ ਕਰਨਾ ਚਾਹੁੰਣਗੇ। ਮੰਤਰੀ ਸਾਹਿਬ ਨੇ ਮੇਅਰਾਂ ਨੂੰ ਕਿਹਾ ਕਿ ਰੁਕੇ ਅਤੇ ਜ਼ਰੂਰੀ ਵਿਕਾਸ ਕੰਮਾਂ ਨਾਲ ਸਬੰਧਤ ਲਿਸਟਾਂ ਉਨ੍ਹਾਂ ਨੂੰ ਇਕ ਹਫਤੇ ਦੇ ਅੰਦਰ ਮੁਹੱਈਆ ਕਰਵਾ ਦਿੱਤੀਆਂ ਜਾਣ ਤਾਂ ਕਿ ਜਲਦੀ ਮੀਟਿੰਗ ਕਰਕੇ ਉਨ੍ਹਾਂ ਨੂੰ ਚਾਲੂ ਕਰਵਾਇਆ ਜਾ ਸਕੇ। ਉਨ੍ਹਾਂ ਨੇ ਸਾਫ ਸ਼ਬਦਾਂ 'ਚ ਕਿਹਾ ਕਿ ਅਗਲੇ 3 ਸਾਲਾਂ ਨੂੰ ਲੋਕਲ ਬਾਡੀਜ਼ ਵਿਭਾਗ ਵਿਕਾਸ ਸਾਲ ਦੇ ਰੂਪ 'ਚ ਮਨਾਏਗਾ। ਇਸ ਬੈਠਕ 'ਚ ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਕਿਸੇ ਕਾਰਨ ਸ਼ਾਮਲ ਨਹੀਂ ਹੋ ਸਕੇ।
ਭੈਣ ਨਾਲ ਜਬਰ-ਜ਼ਨਾਹ ਕਰਨ ਵਾਲਾ ਗ੍ਰਿਫਤਾਰ
NEXT STORY