ਜਲੰਧਰ (ਸੁਨੀਲ ਧਵਨ)- ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਤੋਂ ਚੁਣੇ ਗਏ ਪਾਰਟੀ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੂੰ ਆਪਣੇ ਮੰਤਰੀ ਮੰਡਲ ’ਚ ਜਗ੍ਹਾ ਦਿੰਦੇ ਹੋਏ ਉਨ੍ਹਾਂ ਨੂੰ ਮਾਲ, ਮੁੜ-ਵਸੇਬਾ, ਜਲ ਸਰੋਤ ਅਤੇ ਆਫ਼ਤ ਪ੍ਰਬੰਧਨ ਵਰਗੇ ਮਹੱਤਵਪੂਰਨ ਵਿਭਾਗਾਂ ਦਾ ਕਾਰਜਭਾਰ ਸੌਂਪਿਆ। ਮਹੱਤਵਪੂਰਨ ਸਰਕਾਰੀ ਮਹਿਕਮਾ ਮਿਲਣ ਤੋਂ ਬਾਅਦ ਹੁਣ ਜਿੰਪਾ ਨੇ ਮਹਿਕਮਿਆਂ ਦੀ ਤਹਿ ’ਚ ਜਾਣਾ ਸ਼ੁਰੂ ਕਰ ਦਿੱਤਾ ਹੈ। ਸੂਬੇ ’ਚ ਜਿਸ ਤਰ੍ਹਾਂ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ, ਉਸ ਨੂੰ ਵੇਖਦੇ ਹੋਏ, ਉਨ੍ਹਾਂ ਦੀ ਜ਼ਿੰਮੇਵਾਰੀ ਨੂੰ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਸਬੰਧ ’ਚ ਉਨ੍ਹਾਂ ਨਾਲ ਸੰਖੇਪ ਇੰਟਰਵਿਊ ਕੀਤੀ ਗਈ, ਜਿਸ ਦੇ ਅੰਸ਼ ਹੇਠ ਲਿਖੇ ਹਨ :
ਪ੍ਰ. ਮਾਲਵਾ ਖੇਤਰ ’ਚ ਤੁਸੀਂ ਕੱਲ ਦੌਰਾ ਕਰਕੇ ਆਏ ਹੋ। ਮਾਲਵਾ ’ਚ ਜਿੱਥੇ ਇਕ ਪਾਸੇ ਨਹਿਰ ’ਚ ਵੱਡਾ ਪਾੜ ਆਇਆ ਹੋਇਆ ਹੈ, ਉਥੇ ਹੀ ਦੂਜੇ ਪਾਸੇ ਲੋਕਾਂ ਨੂੰ ਪਾਕਿਸਤਾਨ ਵੱਲੋਂ ਆਉਣ ਵਾਲੇ ਗੰਦੇ ਪਾਣੀ ਦੀ ਸਮੱਸਿਆ ਨਾਲ ਵੀ ਜੂਝਣਾ ਪੈ ਰਿਹਾ ਹੈ। ਇਸ ਨੂੰ ਲੈ ਕੇ ਸਰਕਾਰ ਕੀ ਰਣਨੀਤੀ ਬਣਾਏਗੀ?
ਉ. ਪੰਜਾਬ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਸਭ ਤੋਂ ਪਹਿਲਾਂ 7 ਦਿਨਾਂ ਦੇ ਅੰਦਰ ਨਹਿਰ ਦੇ ਪਾੜ ਨੂੰ ਭਰਿਆ ਜਾਵੇਗਾ ਅਤੇ ਉਸ ਦੇ ਨਾਲ ਹੀ ਇਹ ਜ਼ਿੰਮੇਵਾਰੀ ਵੀ ਤੈਅ ਕੀਤੀ ਜਾਵੇਗੀ ਕਿ ਕਰੋਡ਼ਾਂ ਰੁਪਏ ਦੀ ਰਾਸ਼ੀ ਖਰਚ ਕਰਨ ਦੇ ਬਾਵਜੂਦ ਪਾੜ ਕਿਉਂ ਪਿਆ?
ਪ੍ਰ. ਕੀ ਤੁਸੀਂ ਸਥਾਨਕ ਅਧਿਕਾਰੀਆਂ ਤੋਂ ਇਸ ਸੰਬੰਧ ’ਚ ਪੁੱਛਗਿਛ ਨਹੀਂ ਕੀਤੀ ਹੈ?
ਉ. ਮੌਕੇ ’ਤੇ ਜਾਂਦੇ ਹੀ ਮੈਂ ਸ਼ੁਰੂਆਤੀ ਰਿਪੋਰਟ ਲੈਣ ਤੋਂ ਬਾਅਦ ਜਲ ਸਰੋਤ ਵਿਭਾਗ ਦੇ ਐੱਸ. ਸੀ. ਰਾਜੀਵ ਗੋਇਲ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਇਸ ਮਾਮਲੇ ’ਚ ਸਰਕਾਰ ਵੱਲੋਂ ਜਾਂਚ ਕਰ ਕੇ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਪਿਛਲੀ ਸਰਕਾਰ ਨੇ 4 ਤੋਂ 5 ਕਰੋੜ ਦੀ ਰਾਸ਼ੀ ਉਕਤ ਨਹਿਰ ’ਤੇ ਖਰਚ ਕੀਤੀ ਸੀ। ਇਸ ਦੇ ਬਾਵਜੂਦ ਨਹਿਰ ’ਚ ਪਾੜ ਪੈਣ ’ਤੇ ਸ਼ੱਕ ਪੈਦਾ ਹੋਣਾ ਲਾਜ਼ਮੀ ਹੈ। ਮੈਂ ਵਿਭਾਗ ਦੇ ਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਡੂੰਘਾਈ ਨਾਲ ਮਾਮਲੇ ਦੀ ਜਾਂਚ ਕਰਨ ਅਤੇ ਜ਼ਿੰਮੇਵਾਰੀ ਤੈਅ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ: ਮੰਤਰੀ ਧਾਲੀਵਾਲ ਦੀ ਸਖ਼ਤ ਚਿਤਾਵਨੀ, ਜੇਕਰ ਪੰਚਾਇਤੀ ਜ਼ਮੀਨਾਂ ’ਤੇ ਕਬਜ਼ੇ ਹੋਏ ਤਾਂ ਅਧਿਕਾਰੀਆਂ ’ਤੇ ਦਰਜ ਹੋਵੇਗੀ FIR
ਪ੍ਰ. ਮਾਲਵਾ ’ਚ ਪਾਕਿਸਤਾਨ ਨਾਲ ਲੱਗਦੇ ਖੇਤਰਾਂ ’ਚ ਲੋਕਾਂ ਨੂੰ ਕਈ ਸਾਲਾਂ ਤੋਂ ਉੱਥੋਂ ਆਉਣ ਵਾਲੇ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ?
ਉ. ਮੈਂ ਸ਼ੁੱਕਰਵਾਰ ਰਾਤ ਹੁਸੈਨੀਵਾਲਾ ਖੇਤਰ ਦਾ ਦੌਰਾ ਕੀਤਾ ਸੀ। ਉੱਥੇ 2 ਨਹਿਰਾਂ ਜਾ ਰਹੀਆਂ ਹਨ। ਪਾਕਿਸਤਾਨ ਵੱਲੋਂ ਆਪਣੀਆਂ ਚਮੜੇ ਦੀਆਂ ਫੈਕਟਰੀਆਂ ਦਾ ਗੰਦਾ ਪਾਣੀ ਪੰਜਾਬ ’ਚ ਸਰਹੱਦੀ ਖੇਤਰਾਂ ’ਚ ਭੇਜਿਆ ਜਾ ਰਿਹਾ ਹੈ। ਇਸ ਗੰਦੇ ਪਾਣੀ ਦੇ ਪ੍ਰਵਾਹ ਨੂੰ ਰੋਕਣ ਲਈ ਮੈਂ ਵਿਭਾਗ ਦੇ ਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਕਿਹਾ ਹੈ ਕਿ ਉਹ ਇਸ ਸੰਬੰਧ ’ਚ ਨਵਾਂ ਪ੍ਰਾਜੈਕਟ ਤਿਆਰ ਕਰਨ, ਜਿਸ ਦੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਮਨਜ਼ੂਰੀ ਲੈਣ ਤੋਂ ਬਾਅਦ ਉਸ ਨੂੰ ਛੇਤੀ ਤੋਂ ਛੇਤੀ ਲਾਗੂ ਕਰਵਾਇਆ ਜਾਵੇਗਾ। ਪਾਕਿਸਤਾਨ ਤੋਂ ਆਉਣ ਵਾਲੇ ਗੰਦੇ ਪਾਣੀ ਨਾਲ ਲੋਕਾਂ ਨੂੰ ਹਰ ਸਾਲ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਪਿਛਲੀਆਂ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਦੇ ਪ੍ਰਤੀਨਿਧੀਆਂ ਨੂੰ ਉਨ੍ਹਾਂ ਨੇ ਪਾਕਿਸਤਾਨ ਦੇ ਕਸੂਰ ਖੇਤਰ ਤੋਂ ਆਉਣ ਵਾਲੇ ਗੰਦੇ ਪਾਣੀ ਦੀਆਂ ਸਮੱਸਿਆਵਾਂ ਬਾਰੇ ਕਈ ਵਾਰ ਜਾਣਕਾਰੀ ਦਿੱਤੀ ਪਰ ਉਨ੍ਹਾਂ ਨੇ ਕਦੇ ਵੀ ਇਸ ਨੂੰ ਰੋਕਣ ਜਾਂ ਨਵਾਂ ਪ੍ਰਾਜੈਕਟ ਲਿਆਉਣ ਬਾਰੇ ਗੰਭੀਰਤਾ ਨਹੀਂ ਵਿਖਾਈ।
ਪ੍ਰ. ਅਜਿਹੀਆਂ ਰਿਪੋਰਟਾਂ ਵੀ ਹਨ ਕਿ ਪੰਜਾਬ ਦਾ ਪਾਣੀ ਪਾਕਿਸਤਾਨ ਨੂੰ ਜਾ ਰਿਹਾ ਹੈ, ਜਦੋਂਕਿ ਉਸ ਦੀ ਵਰਤੋਂ ਸਿੰਚਾਈ ਕੰਮਾਂ ਲਈ ਪੰਜਾਬ ’ਚ ਹੋ ਸਕਦੀ ਹੈ?
ਉ. ਇਹ ਠੀਕ ਹੈ ਕਿ ਕੁਝ ਸਰਹੱਦੀ ਇਲਾਕਿਆਂ ’ਚ ਪੰਜਾਬ ਦਾ ਪਾਣੀ ਪਾਕਿਸਤਾਨ ਵੱਲ ਜਾ ਰਿਹਾ ਹੈ। ਇਸ ਪਾਣੀ ਨੂੰ ਪਾਕਿਸਤਾਨ ’ਚ ਜਾਣ ਤੋਂ ਰੋਕਣ ਲਈ ਤੁਰੰਤ ਪ੍ਰਭਾਵ ਨਾਲ ਕਦਮ ਚੁੱਕਣ ਦੇ ਹੁਕਮ ਅਧਿਕਾਰੀਆਂ ਨੂੰ ਦੇ ਦਿੱਤੇ ਗਏ ਹਨ। ਪਾਣੀ ਦੀ ਵਰਤੋਂ ਪੰਜਾਬ ਦੇ ਖੇਤਰਾਂ ’ਚ ਸਿੰਚਾਈ ਕਾਰਜਾਂ ’ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦੇ ਵੱਡੇ ਸਿਆਸੀ ਧਮਾਕੇ, ‘ਆਪ’ ਸਰਕਾਰ ’ਤੇ ਸਾਧੇ ਤਿੱਖੇ ਨਿਸ਼ਾਨੇ
ਪ੍ਰ. ਗੰਦੇ ਪਾਣੀ ਨਾਲ ਸਰਹੱਦੀ ਖੇਤਰਾਂ ’ਚ ਕੀ-ਕੀ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ?
ਉ. ਸਥਾਨਕ ਲੋਕਾਂ ਨੇ ਕਿਹਾ ਕਿ ਗੰਦੇ ਪਾਣੀ ਕਾਰਨ ਕੈਂਸਰ ਦੀ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਰਹੀ ਹੈ। ਕੈਂਸਰ ਨਾਲ ਹੁਣ ਤੱਕ ਕਈ ਲੋਕਾਂ ਦੀਆਂ ਮੌਤਾਂ ਵੀ ਹੋ ਚੁੱਕੀਆਂ ਹਨ ਪਰ ਇਸ ਦੇ ਬਾਵਜੂਦ ਪਿਛਲੀਆਂ ਸਰਕਾਰਾਂ ਦੀਆਂ ਅੱਖਾਂ ਨਹੀਂ ਖੁੱਲ੍ਹੀਆਂ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਨਾਲ ਗੱਲਬਾਤ ਕਰਨਗੇ ਅਤੇ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਕਰਵਾਉਣ ਲਈ ਵੀ ਯਤਨ ਕੀਤੇ ਜਾਣਗੇ।
ਪ੍ਰ. ਰਾਜਸਥਾਨ ਫੀਡਰ ਨਹਿਰ ਨੂੰ ਲੈ ਕੇ ਵੀ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹਨ?
ਉ. ਰਾਜਸਥਾਨ ਫੀਡਰ ਨਹਿਰ ਨੂੰ ਲੈ ਕੇ ਰਾਜਸਥਾਨ ਦੇ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਪੀਣ ਦਾ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾਵੇ, ਜਦੋਂ ਕਿ ਬਲੂਆਣਾ ਅਤੇ ਆਸ-ਪਾਸ ਦੇ ਹੋਰ ਖੇਤਰਾਂ ਦੇ ਲੋਕਾਂ ਦਾ ਮੰਨਣਾ ਸੀ ਕਿ ਉਨ੍ਹਾਂ ਦੇ ਪਿੰਡਾਂ ਨੂੰ ਪਾਣੀ ਨਹੀਂ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੱਲ ਦੌਰੇ ਦੌਰਾਨ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ 7 ਵਿਧਾਇਕ ਸਨ, ਜਿਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ ਸਾਡੀ ਸਰਕਾਰ ਬਣਨ ਤੋਂ ਬਾਅਦ ਹੁਣ ਪੀਣ ਦੇ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਗਿਆ ਹੈ।
ਪ੍ਰ. ਪਿਛਲੀ ਸਰਕਾਰ ਦੇ ਕਾਰਜਕਾਲ ’ਚ ਜੋ ਬੇਨਿਯਮੀਆਂ ਜਲ ਸਰੋਤ ਵਿਭਾਗ ’ਚ ਹੋਈਆਂ ਹਨ, ਉਨ੍ਹਾਂ ਨੂੰ ਲੈ ਕੇ ਤੁਹਾਡਾ ਕੀ ਸਟੈਂਡ ਰਹੇਗਾ?
ਉ. ਪਿਛਲੀ ਸਰਕਾਰ ਦੇ ਸਮੇਂ ਕਾਫ਼ੀ ਬੇਨਿਯਮੀਆਂ ਸਾਹਮਣੇ ਆ ਰਹੀਆਂ ਹਨ ਅਤੇ ਇਸ ਸਭ ਦੀ ਜਾਂਚ ਕਰਵਾਈ ਜਾਵੇਗੀ। ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਖਜ਼ਾਨੇ ਨੂੰ ਢਾਅ ਲਾਉਣ ਵਾਲਿਆਂ ਨੂੰ ਮੁਆਫ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ। ਇਸ ’ਚ ਜਿੰਨੇ ਵੀ ਨੇਤਾ ਅਤੇ ਅਧਿਕਾਰੀ ਸ਼ਾਮਲ ਹੋਣਗੇ, ਉਨ੍ਹਾਂ ਸਭ ਦੇ ਖਿਲਾਫ ਜਾਂਚ ਹੋਵੇਗੀ ਅਤੇ ਨਿਰਪੱਖ ਢੰਗ ਨਾਲ ਤਹਿ ਤੱਕ ਜਾਇਆ ਜਾਵੇਗਾ।
ਇਹ ਵੀ ਪੜ੍ਹੋ: ਮੁਫ਼ਤ ਆਨਲਾਈਨ ਸਿੱਖਿਆ ਦੀ ਸ਼ੁਰੂਆਤ ਕਰਨ ਵਾਲਾ ਪਹਿਲਾ ਜ਼ਿਲ੍ਹਾ ਬਣਿਆ ਕਪੂਰਥਲਾ
ਪ੍ਰ. ਸਾਬਕਾ ਮੰਤਰੀਆਂ ਅਤੇ ਵੱਡੀਆਂ ਹਸਤੀਆਂ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ‘ਮੋਘਿਆਂ’ ਬਾਰੇ ਕੀ ਸਟੈਂਡ ਲਿਆ ਹੈ?
ਉ. ਮੈਂ ਸ਼ੁੱਕਰਵਾਰ ਸਰਹਿੰਦ ਫੀਡਰ, ਹਰੀਕੇ ਹੈੱਡਵਰਕਸ, ਬਾਰੇਵਾਲਾ ਹੈੱਡਵਰਕਸ ਦਾ ਦੌਰਾ ਕਰਨ ਦੇ ਨਾਲ-ਨਾਲ ਫਾਜ਼ਿਲਕਾ ਅਤੇ ਜਲਾਲਾਬਾਦ ਦੇ ਅਨੇਕਾਂ ਪਿੰਡਾਂ ਦਾ ਦੌਰਾ ਕਰਨ ਤੋਂ ਬਾਅਦ ਤੁੁਰੰਤ ਪ੍ਰਭਾਵ ਨਾਲ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ‘ਮੋਘਿਆਂ’ (ਗੈਰ-ਕਾਨੂੰਨੀ ਢੰਗ ਨਾਲ ਪਾਈਆਂ ਗਈਆਂ ਪਾਈਪਾਂ) ’ਤੇ ਰੋਕ ਲਾ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ 6 ਇੰਚ ਦੀ ਪਾਈਪ ਪਾਉਣ ਦੀ ਆਗਿਆ ਦਿੱਤੀ ਹੋਈ ਹੈ ਪਰ ਸਿਆਸੀ ਆਗੂ ਅਤੇ ਪ੍ਰਭਾਵਸ਼ਾਲੀ ਲੋਕਾਂ ਨੇ ਆਪਣੇ ਖੇਤਾਂ ’ਚ ਪਾਣੀ ਲਿਜਾਣ ਲਈ 18 ਤੋਂ 27 ਇੰਚ ਦੀਆਂ ਪਾਈਪਾਂ ਪਾਈਆਂ ਹੋਈਆਂ ਸਨ। ਮੌਜੂਦਾ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਅਸਥਾਈ ਤੌਰ ’ਤੇ ਦਿੱਤੇ ਗਏ ‘ਮੋਘਿਆਂ’ ’ਤੇ ਵੀ ਤੁਰੰਤ ਰੋਕ ਲਗਾਉਣ।
ਇਹ ਵੀ ਪੜ੍ਹੋ: ਬਚਪਨ ’ਚ ਟਰੈਫਿਕ ਸਿਗਨਲ ’ਤੇ ਵੇਚੇ ਫੁੱਲ, PHD ਮਗਰੋਂ ਹੁਣ ਸਰਿਤਾ ਮਾਲੀ 7 ਸਾਲ ਅਮਰੀਕਾ 'ਚ ਕਰੇਗੀ ਖੋਜ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਟ੍ਰੈਕਟਰ ਥੱਲੇ ਆਉਣ ਕਾਰਨ 7 ਸਾਲਾ ਬੱਚੀ ਦੀ ਮੌਤ, ਪਿਤਾ ਨੇ ਜਤਾਇਆ ਕਤਲ ਦਾ ਖ਼ਦਸ਼ਾ
NEXT STORY