ਮੋਗਾ (ਗੋਪੀ ਰਾਊਕੇ) - ਪੰਜਾਬ 'ਚ ਗੈਂਗਸਟਰਾਂ ਅਤੇ ਸਿਆਸੀ ਆਗੂਆਂ ਦੇ ਪਿਛਲੇ ਸਮੇਂ ਦੌਰਾਨ ਆਪਸੀ ਸੰਬੰਧ ਕਿਸੇ ਤੋਂ ਲੁਕੇ-ਛੁਪੇ ਨਹੀਂ। ਮੋਗਾ ਜਿਲੇ ਦੇ ਇਕ ਗੈਂਗਸਟਰ ਵੱਲੋਂ ਕਥਿਤ ਤੌਰ 'ਤੇ ਹਲਕਾ ਬਾਘਾਪੁਰਾਣਾ ਦੇ ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਦੇ ਸਪੁੱਤਰ ਧਰਮਪਾਲ ਡੀ.ਪੀ. ਦੇ ਗੈਂਗਸਟਰਾਂ ਨਾਲ ਕਥਿਤ ਤੌਰ 'ਤੇ ਸਿੱਧੇ ਸੰਬੰਧਾਂ ਦੀ ਵੀਡਿਓ ਵਾਇਰਲ ਕਰਨ ਦੇ ਨਾਲ-ਨਾਲ ਵੀਡਿਓ 'ਚ ਇਹ ਦੋਸ਼ ਵੀ ਲਾਇਆ ਗਿਆ ਹੈ ਕਿ ਵਿਧਾਇਕ ਦਾ ਪੁੱਤਰ ਅਤੇ ਸਾਥੀ ਪੰਜਾਬ ਦੇ ਸਾਬਕਾ ਮੰਤਰੀ ਅਤੇ ਹਲਕਾ ਬਾਘਾਪੁਰਾਣਾ ਦੇ ਮੌਜੂਦਾ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਟਰੱਕ ਯੂਨੀਅਨ ਦੇ ਪ੍ਰਧਾਨ ਜਗਦੀਪ ਸਿੰਘ ਗਟਰਾ ਦਾ ਗੈਂਗਸਟਰਾਂ ਤੋਂ ਕਤਲ ਕਰਵਾਉਣਾ ਚਾਹੁੰਦੇ ਸਨ।
ਇਹ ਵੀਡਿਓ ਵਾਇਰਲ ਹੋਣ ਮਗਰੋਂ ਮਾਲਵਾ ਅਤੇ ਖਾਸਕਰ ਮੋਗਾ ਜ਼ਿਲੇ ਦੀ ਸਿਆਸਤ ਵਿਚ ਇਕ ਤਰ੍ਹਾਂ ਭੂਚਾਲ ਆ ਗਿਆ ਹੈ। ਇਸ ਗੈਂਗਸਟਰ ਵੱਲੋਂ ਵਾਇਰਲ ਕੀਤੀ ਗਈ ਵੀਡੀਓ ਵਿਚ ਇਹ ਦੋਸ਼ ਲਗਾਏ ਗਏ ਹਨ ਕਿ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਦੇ ਸਪੁੱਤਰ ਧਰਮਪਾਲ ਸਿੰਘ ਦੇ ਗੈਂਗਸਟਰਾਂ ਨਾਲ ਸਿੱਧੇ ਸੰਬੰਧ ਹਨ ਅਤੇ ਉਹ ਵੀ ਲੰਬਾਂ ਸਮਾਂ ਉਨ੍ਹਾਂ ਦੇ ਨਾਲ ਰਿਹਾ ਹੈ। ਵੀਡੀਓ 'ਚ ਇਹ ਦੋਸ਼ ਵੀ ਹੈ ਕਿ ਪੁਲਸ ਵੱਲੋਂ ਬਠਿੰਡਾ ਵਿਖੇ ਮੁਕਾਬਲੇ 'ਚ ਮਾਰੇ ਗਏ ਗੈਂਗਸਟਰ ਦਵਿੰਦਰ ਬੰਬੀਹਾ ਦਾ ਵੀ ਉਨ੍ਹਾਂ ਦੇ ਘਰ ਆਉਣਾ-ਜਾਣਾ ਸੀ ਅਤੇ ਕਈ ਵਾਰ ਤਾਂ ਮਾੜੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਮਗਰੋਂ ਕਥਿਤ ਤੌਰ 'ਤੇ ਬੰਬੀਹਾ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਉਣ ਵਿਚ ਵੀ ਵਿਧਾਇਕ ਦੇ ਸਪੁੱਤਰ ਵੱਲੋਂ ਮਦਦ ਕੀਤੀ ਜਾਂਦੀ ਸੀ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜੇਕਰ ਮਾਮਲੇ ਦੀ ਜਾਂਚ ਹਾਈਕੋਰਟ ਦੇ ਕਿਸੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ ਤਾਂ ਸਭ ਕੁਝ ਸਾਹਮਣੇ ਆ ਜਾਵੇਗਾ।
ਮਾਮਲੇ ਦੀ ਹਰੇਕ ਉੱਚ ਪੱਧਰੀ ਜਾਂਚ ਲਈ ਤਿਆਰ ਹਾਂ : ਮਹੇਸ਼ਇੰਦਰ
ਇਸ ਮਾਮਲੇ ਸੰਬੰਧੀ ਆਪਣਾ ਪੱਖ ਦੱਸਦਿਆਂ ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ, ਉਨ੍ਹਾਂ ਦੇ ਸਪੁੱਤਰ ਧਰਮਪਾਲ ਸਿੰਘ ਡੀ.ਪੀ., ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਇੰਦਰਜੀਤ ਗਰਗ ਜੋਲੀ ਅਤੇ ਰੂਪ ਲਾਲ ਦਾ ਕਹਿਣਾ ਸੀ ਕਿ ਉਹ ਇਸ ਮਾਮਲੇ ਦੀ ਹਰ ਜਾਂਚ ਲਈ ਤਿਆਰ ਹਨ। ਪੰਜਾਬ ਸਰਕਾਰ ਜਾਂ ਪ੍ਰਸ਼ਾਸਨ ਹਾਈਕੋਰਟ ਦੇ ਮੌਜੂਦਾ ਜੱਜ ਜਾਂ ਹੋਰ ਕਿਸੇ ਵੀ ਏਜੰਸੀ ਤੋਂ ਇਸ ਮਾਮਲੇ ਦੀ ਉੱਚ ਪੱਧਰੀ ਪੜਤਾਲ ਕਰਵਾਏ ਤਾਂ ਉਹ ਹਰ ਜਾਂਚ 'ਚ ਸ਼ਾਮਿਲ ਹੋਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਸਾਡੀਆਂ ਸਭ ਦੀਆਂ ਕਾਲ ਡਿਟੇਲ ਕਢਵਾਕੇ ਵੀ ਮਾਮਲੇ ਦੀ ਤੈਅ ਤੱਕ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਉਨ੍ਹਾਂ ਦਾ ਰੱਤੀ ਭਰ ਵੀ ਰੋਲ ਨਹੀਂ ਤੇ ਜਾਣ ਬੁੱਝਕੇ ਉਨ੍ਹਾਂ ਦੇ ਰਾਜਸੀ ਕੈਰੀਅਰ ਨੂੰ ਖਰਾਬ ਕਰਨ ਲਈ ਅਜਿਹੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।
ਮਾਮਲੇ ਦੀ ਉੱਚ ਪੱਧਰੀ ਜਾਂਚ ਹੋਵੇ : ਪ੍ਰਧਾਨ ਗਟਰਾ
ਟਰੱਕ ਯੂਨੀਅਨ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਜਗਦੀਪ ਸਿੰਘ ਗਟਰਾ ਦਾ ਕਹਿਣਾ ਸੀ ਕਿ ਪਿਛਲੇ ਸਮੇਂ ਤੋਂ ਇਸ ਸੰਬੰਧੀ ਉਨ੍ਹਾਂ ਨੂੰ ਪਤਾ ਲੱਗਿਆ ਸੀ ਅਤੇ ਕਾਫੀ ਸਮਾਂ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਸੁਰੱਖਿਆ ਵੀ ਮੁਹੱਈਆ ਕਰਵਾਈ ਰੱਖੀ। ਉਨ੍ਹਾਂ ਕਿਹਾ ਕਿ ਉਹ ਪਿਛਲੇ ਸਮੇਂ ਤੋਂ ਗੈਂਗਸਟਰਾਂ ਦੇ ਡਰ ਕਰਕੇ ਪਹਿਲਾਂ ਹੀ ਸਹਿਮ ਦੀ ਜ਼ਿੰਦਗੀ ਜਿਉ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਜਦੋਂ ਵੀਡਿਓ ਵਾਇਰਲ ਹੋਈ ਹੈ ਤਾਂ ਸਭ ਕੁਝ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਕੇ ਸੱਚ ਸਾਹਮਣੇ ਲਿਆਂਦਾ ਜਾਵੇ ਤਾਂ ਜੋ ਸਮੁੱਚਾ ਮਾਮਲਾ ਜਨਤਕ ਹੋ ਸਕੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਕੇ ਤੁਰੰਤ ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ।
ਸਾਬਕਾ ਵਿਧਾਇਕ ਦਾ ਪੁੱਤ ਗੈਂਗਸਟਰਾਂ ਦੇ ਠਹਿਰਨ ਲਈ ਕਰਦਾ ਰਿਹਾ ਸੁਰੱਖਿਅਤ ਥਾਂ ਦਾ ਪ੍ਰਬੰਧ : ਦਰਸ਼ਨ ਸਿੰਘ ਬਰਾੜ
ਕਿਹਾ- ਮਾਮਲੇ ਦੀ ਉੱਚ ਪੱਧਰੀ ਪੜਤਾਲ ਜ਼ਰੂਰੀ
ਇਸ ਮਾਮਲੇ ਸਬੰਧੀ ਸੰਪਰਕ ਕਰਨ 'ਤੇ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਦਾ ਕਹਿਣਾ ਸੀ ਕਿ ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਦਾ ਸਪੁੱਤਰ ਧਰਮਪਾਲ ਸਿੰਘ ਡੀ ਪੀ ਗੈਗਸਟਰਾਂ ਨੂੰ ਠਹਿਰਨ ਲਈ ਕਥਿਤ ਤੌਰ 'ਤੇ ਸੁਰੱਖਿਅਤ ਥਾਂ ਦਾ ਪ੍ਰਬੰਧ ਕਰਦਾ ਰਿਹਾ ਹੈ। ਉਨ੍ਹਾ ਕਿਹਾ ਕਿ ਅਕਾਲੀ ਹਕੂਮਤ ਵੇਲੇ ਇਹ ਬੰਬੀਹਾ ਗਰੁੱਪ ਦੇ ਗੈਗਸਟਰਾਂ ਤੋਂ ਮੇਰਾ ਕਤਲ ਕਰਵਾਉਣਾ ਚਾਹੁੰਦੇ ਸਨ ਪ੍ਰੰਤੂ ਉਨ੍ਹਾ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਉਨ੍ਹਾ ਕਿਹਾ ਕਿ ਹੁਣ ਜਦੋਂ ਇਹ ਗੈਗਸਟਰ ਨੇ ਵੀਡੀਓ ਵਾਇਰਲ ਕਰਕੇ ਸਭ ਲੋਕਾਂ ਦੇ ਸਾਹਮਣੇ ਮਾਮਲਾ ਲਿਆ ਦਿੱਤਾ ਹੈ ਤਾਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾ ਆਖਿਆ ਕਿ ਉਹ ਵੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਵੇ।
ਪੰਜਾਬ ਗਊਸ਼ਾਲਾ ਮਹਾਸੰਘ ਦਾ ਮੰਤਰੀਆਂ ਨੂੰ ਘੇਰਨ ਦਾ ਪ੍ਰੋਗਰਾਮ ਰੱਦ
NEXT STORY