ਤਰਨਤਾਰਨ,(ਰਮਨ, ਰਾਜੂ)- ਸਥਾਨਕ ਤਹਿਸੀਲ ਕੰਪਲੈਕਸ 'ਚ ਤਾਇਨਾਤ ਤਹਿਸੀਲਦਾਰ ਦੇ ਇਕ ਰੀਡਰ ਨੂੰ ਵਿਜੀਲੈਂਸ ਪੁਲਸ ਨੇ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਵਲੋਂ ਮੁਲਜ਼ਮ ਨੂੰ ਅੱਜ ਦੁਪਹਿਰ ਤਰਨਤਾਰਨ ਤਹਿਸੀਲ ਕੰਪਲੈਕਸ ਸਥਿਤ ਉਸ ਦੇ ਦਫ਼ਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਕਈ ਦਿਨਾਂ ਤੋਂ ਵਿਜੀਲੈਂਸ ਟੀਮ ਦੇ ਨਿਸ਼ਾਨੇ 'ਤੇ ਸੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਵਿਭਾਗ ਅੰਮ੍ਰਿਤਸਰ ਦੇ ਡੀ. ਐੱਸ. ਪੀ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਰੋ ਪਤਨੀ ਸੁਭੇਗ ਸਿੰਘ ਵਾਸੀ ਪਿੰਡ ਝੀਤਾ ਜ਼ਿਲਾ ਅੰਮ੍ਰਿਤਸਰ ਨੇ ਜਗਨਨਾਥ ਜੋ ਤਹਿਸੀਲਦਾਰ ਤਰਨਤਾਰਨ ਦਾ ਰੀਡਰ ਹੈ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦਾ ਅਤੇ ਉਸਦੀ ਭੈਣ ਸੀਰੋ ਦਾ ਐੱਸ. ਡੀ. ਐੱਮ. ਤਰਨਤਾਰਨ ਕੋਲ ਉਸ ਦੇ ਪਿਤਾ ਦੀ ਜੱਦੀ ਜ਼ਮੀਨ ਜੋ ਸਰਾਏ ਅਮਾਨਤ ਖਾਂ ਜ਼ਿਲਾ ਤਰਨਤਾਰਨ 'ਚ ਮੌਜੂਦ ਹੈ ਸਬੰਧੀ ਕੇਸ ਚੱਲ ਰਿਹਾ ਸੀ। ਇਸ ਕੇਸ ਸਬੰਧੀ ਮੁਆਵਜ਼ਾ ਛੁਟ ਲੈਣ ਲਈ ਜਗਨਨਾਥ ਨੇ ਸ਼ਿਕਾਇਤਕਰਤਾ ਕੋਲੋਂ 60 ਹਜ਼ਾਰ ਰੁਪਏ ਬਤੌਰ ਰਿਸ਼ਵਤ ਦੇਣ ਦੀ ਮੰਗ ਕੀਤੀ ਸੀ। ਪੀੜਤ ਔਰਤ ਵਲੋਂ ਜਗਨਨਾਥ ਦੇ ਤਰਲੇ ਮਿੰਨਤਾਂ ਕੀਤੀਆਂ ਗਈਆਂ ਕਿ ਉਹ ਇੰਨੀ ਵੱਡੀ ਰਕਮ ਇਕੱਠੀ ਨਹੀਂ ਦੇ ਸਕਦੀ, ਜਿਸ ਤਹਿਤ ਉਹ ਇਸ ਰਕਮ ਨੂੰ ਕਿਸ਼ਤਾਂ 'ਚ ਦੇ ਸਕਦੀ ਹੈ। ਪੀੜਤ ਔਰਤ ਨੇ ਇਹ ਸਾਰੀ ਜਾਣਕਾਰੀ ਆਪਣੇ ਭਤੀਜੇ ਰਣਜੀਤ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਸਰਾਏ ਅਮਾਨਤ ਖਾਂ ਜ਼ਿਲਾ ਤਰਨਤਾਰਨ ਨਾਲ ਸਾਰੀ ਗੱਲ ਸਾਂਝੀ ਕੀਤੀ, ਜਿਸ ਨੇ ਇਹ ਮਾਮਲਾ ਵਿਜੀਲੈਂਸ ਨਾਲ ਸਾਂਝਾ ਕਰਦੇ ਹੋਏ ਲਿਖਤੀ ਸ਼ਿਕਾਇਤ ਦਰਜ ਕਰਵਾਈ, ਜਿਸ ਤਹਿਤ ਵਿਜੀਲੈਂਸ ਟੀਮ ਵਲੋਂ ਲਾਏ ਗਏ ਟ੍ਰੈਪ ਰਾਹੀਂ ਜਗਨਨਾਥ ਰੀਡਰ ਨੂੰ 15 ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਬਤੌਰ ਰਿਸ਼ਵਤ ਦੇਣ ਦੌਰਾਨ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਹੈ, ਜਿਸ ਤਹਿਤ ਵਿਜੀਲੈਂਸ ਵਿਭਾਗ ਨੇ ਥਾਣਾ ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਜਗਨਨਾਥ ਤਹਿਸੀਲ ਦਫ਼ਤਰ ਵਿਖੇ ਪਿਛਲੇ ਕਰੀਬ 20 ਸਾਲ ਤੋਂ ਤਾਇਨਾਤ ਹੈ, ਜਿਸ ਦੀ ਕੁੱਝ ਸਮੇਂ ਲਈ ਬਦਲੀ ਹੋਣ ਉਪਰੰਤ ਇਹ ਦੋਬਾਰਾ ਇਸ ਸੀਟ ਦਾ ਚਾਰਜ ਲੈ ਲੈਂਦਾ ਰਿਹਾ ਹੈ।
ਘਰ ਦੀ ਬਿਜਲੀ ਦਾ ਬਿੱਲ ਦੇਖ ਔਰਤ ਦੇ ਮੁੱਕੇ ਸਾਹ
NEXT STORY