ਨੂਰਪੁਰਬੇਦੀ, (ਭੰਡਾਰੀ)- ਨੂਰਪੁਰਬੇਦੀ ਤੋਂ ਰੂਪਨਗਰ ਨੂੰ ਜਾਂਦੀ ਮੁੱਖ ਸਡ਼ਕ ਦੀ ਕਈ ਥਾਵਾਂ ਤੋਂ ਖਸਤਾ ਹਾਲਤ ਸਬੰਧੀ ਭਾਵੇਂ ਇਲਾਕੇ ਦੇ ਲੋਕਾਂ ਵੱਲੋਂ ਸਮੇਂ-ਸਮੇਂ ’ਤੇ ਆਵਾਜ਼ ਉਠਾਈ ਜਾਂਦੀ ਰਹੀ ਹੈ ਪਰ ਸਬੰਧਤ ਮਹਿਕਮਾ ਇਸ ਪੱਖੋਂ ਪੂਰੀ ਤਰ੍ਹਾਂ ਅੱਖਾਂ ਮੂੰਦੀ ਬੈਠਾ ਹੈ।
ਅੱਜ ਪਿੰਡ ਮਾਧੋਪੁਰ ਲਾਗੇ ਉਕਤ ਮਾਰਗ ’ਚ ਪਏ ਵੱਡੇ-ਵੱਡੇ ਖੱਡਿਆਂ ’ਚ ਖਡ਼੍ਹੇ ਮੀਂਹ ਦੇ ਪਾਣੀ ’ਚ ਲੋਕਾਂ ਨੇ ਝੋਨਾ ਲਗਾ ਕੇ ਸਰਕਾਰ ਤੇ ਪ੍ਰਸ਼ਾਸਨ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਭਾਗ ਕੁਮਾਰ, ਗੁਰਦੀਪ ਸਿੰਘ ਬਟਾਰਲਾ, ਰਣਜੀਤ ਸਿੰਘ ਰਾਜੂ, ਭਾਗ ਸਿੰਘ ਨੰਬਰਦਾਰ, ਕਰਮ ਸਿੰਘ, ਪਰਮਜੀਤ ਸਿੰਘ, ਗੁਰਚੈਨ ਸਿੰਘ, ਸਤਨਾਮ ਸਿੰਘ, ਜਸਵੀਰ ਸਿੰਘ ਤੇ ਚੂਹਡ਼ ਸਿੰਘ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਅਬਿਆਣਾ ਤੋਂ ਲੈ ਕੇ ਮਾਧੋਪੁਰ ਤੱਕ ਉਕਤ ਮੁੱਖ ਮਾਰਗ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ, ਜਦਕਿ ਬੱਸ ਅੱਡਾ ਬੈਂਸ ਤੋਂ ਨੂਰਪੁਰਬੇਦੀ ਤੱਕ ਸਡ਼ਕ ਦਾ ਕੰਮ ਲੋਕਾਂ ਦੇ ਸੰਘਰਸ਼ ਤੋਂ ਬਾਅਦ ਕਰੀਬ ਢਾਈ ਸਾਲ ਬਾਅਦ ਕਾਫੀ ਹੱਦ ਤੱਕ ਮੁਕੰਮਲ ਕਰ ਦਿੱਤਾ ਗਿਆ ਹੈ।
ਲੋਕਾਂ ਨੇ ਕਿਹਾ ਕਿ ਖਸਤਾ ਹਾਲਤ ਕਾਰਨ ਟੋਭਾ ਬਣੀ ਇਸ ਸਡ਼ਕ ਤੋਂ ਲੰਘਣਾ ਜਿੱਥੇ ਕਿਸੀ ਵੱਡੀ ਮੁਸੀਬਤ ਤੋਂ ਘੱਟ ਨਹੀਂ ਹੈ, ਉਥੇ ਹੀ ਇਹ ਖੱਡੇ ਦੁਰਘਟਨਾਵਾਂ ਦਾ ਕਾਰਨ ਵੀ ਬਣ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਰਾਹਗੀਰ ਖੱਡਿਆਂ ਤੋਂ ਬਚਣ ਲਈ ਆਪਣੇ ਵਾਹਨਾਂ ਨੂੰ ਇਧਰ-ਉਧਰ ਘੁਮਾਉਂਦੇ ਹਨ ਤਾਂ ਅਚਾਨਕ ਪਿੱਛੋਂ ਆ ਰਹੇ ਕਿਸੇ ਹੋਰ ਵਾਹਨ ਨਾਲ ਉਨ੍ਹਾਂ ਦੀ ਟੱਕਰ ਹੋ ਜਾਂਦੀ ਹੈ ਤੇ ਭਿਆਨਕ ਹਾਦਸਾ ਵਾਪਰ ਜਾਂਦਾ ਹੈ। ਇਨ੍ਹਾਂ ਖੱਡਿਆਂ ’ਚ ਖਡ਼੍ਹੇ ਮੀਂਹ ਦੇ ਪਾਣੀ ਕਾਰਨ ਕਈ ਵਾਰ ਸਕੂਲੀ ਬੱਚੇ ਵੀ ਡਿੱਗ ਕੇ ਹੱਡ-ਗੋਡੇ ਤੁਡ਼ਵਾ ਬੈਠਦੇ ਹਨ ਤੇ ਉਨ੍ਹਾਂ ਨੂੰ ਸਕੂਲ ਜਾਣ ਦੀ ਬਜਾਏ ਘਰ ਵਾਪਸ ਮੁਡ਼ਨਾ ਪੈਂਦਾ ਹੈ। ਲੋਕਾਂ ਨੇ ਕਿਹਾ ਕਿ ਇਸ ਸਬੰਧੀ ਵਾਰ-ਵਾਰ ਸਬੰਧਤ ਅਧਿਕਾਰੀਆਂ ਕੋਲ ਆਵਾਜ਼ ਉਠਾਉਣ ਦੇ ਬਾਵਜੂਦ ਇਸ ਦਾ ਕੋਈ ਹੱਲ ਨਹੀਂ ਕੀਤਾ ਗਿਆ ਤੇ ਹੁਣ ਤੱਕ ਉਨ੍ਹਾਂ ਨੂੰ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਮਿਲਿਆ।
ਇਲਾਕੇ ਦੇ ਸਿਆਸੀ ਆਗੂਆਂ ਦੇ ਵੀ ਵੱਸ ਦੀ ਗੱਲ ਨਾ ਰਹੀ
ਇਸ ਸਬੰਧੀ ਇਲਾਕੇ ਦੇ ਸਿਆਸੀ ਆਗੂਆਂ ਜੋ ਰੋਜ਼ਾਨਾ ਇਸ ਮੁੱਖ ਰਸਤੇ ਤੋਂ ਗੁਜ਼ਰਦੇ ਹਨ ਨੂੰ ਵੀ ਕਈ ਵਾਰ ਦੱਸਿਆ ਜਾ ਚੁੱਕਾ ਹੈ। ਸ਼ਾਇਦ ਸਮਾਜਿਕ ਪਕਡ਼ ਢਿੱਲੀਂ ਹੋਣ ਜਾਂ ਸਰਕਾਰੇ-ਦਰਬਾਰੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਉਨ੍ਹਾਂ ਦੀ ਪਹੁੰਚ ਖਤਮ ਹੋ ਜਾਣ ਕਾਰਣ ਉਨ੍ਹਾਂ ਦੇ ਵੀ ਵੱਸ ਦੀ ਗੱਲ ਨਹੀਂ ਰਹੀ। ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਵੱਲੋਂ ਇਸ ਇਲਾਕੇ ਦੀ ਕੀਤੀ ਜਾ ਰਹੀ ਅਣਦੇਖੀ ਲੋਕਾਂ ਦੀਆਂ ਅੱਖਾਂ ’ਚ ਖਟਕ ਰਹੀ ਹੈ,ਜੋ ਕਿ ਕਿਸੇ ਵੀ ਸਮੇਂ ਵਿਸਫੋਟਕ ਰੂਪ ਅਖਤਿਆਰ ਕਰ ਸਕਦੀ ਹੈ। ਲੋਕਾਂ ਨੇ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਬਿਆਣਾ ਤੇ ਮਾਧੋਪੁਰ ਲਾਗਿਓਂ ਉਕਤ ਮਾਰਗ ਦੀ ਹਾਲਤ ਸੁਧਾਰੀ ਜਾਵੇ।
ਬੀਮਾ ਦੇ ਨਾਂ ’ਤੇ 1437844 ਰੁਪਏ ਠੱਗਣ ’ਤੇ 2 ਨਾਮਜ਼ਦ
NEXT STORY