ਮੋਗਾ (ਆਜ਼ਾਦ) : ਥਾਣਾ ਧਰਮਕੋਟ ਅਧੀਨ ਪੈਂਦੇ ਪਿੰਡ ਕੋਟ ਮੁਹੰਮਦ ਖਾਂ ਵਿਚ ਬੀਤੀ ਰਾਤ ਰੰਜਿਸ਼ ਦੇ ਚੱਲਦੇ ਹਥਿਆਰਬੰਦ ਨੌਜਵਾਨਾਂ ਵੱਲੋਂ ਗੋਲੀ ਚਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀ ਲੱਗਣ ਨਾਲ 18 ਸਾਲਾ ਲੜਕੀ ਵਰਖਾ ਜ਼ਖਮੀ ਹੋ ਗਈ, ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ। ਇਸ ਘਟਨਾ ਦੀ ਜਾਣਕਾਰੀ ਮਿਲਣ ’ਤੇ ਥਾਣਾ ਧਰਮਕੋਟ ਦੇ ਪੁਲਸ ਅਧਿਕਾਰੀਆਂ ਦੇ ਇਲਾਵਾ ਪੁਲਸ ਚੌਕੀ ਕਿਸ਼ਨਪੁਰਾ ਕਲਾਂ ਦੇ ਇੰਚਾਰਜ ਕੁਲਦੀਪ ਸਿੰਘ ਪੁਲਸ ਪਾਰਟੀ ਸਮੇਤ ਉਥੇ ਪਹੁੰਚੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜ਼ਖਮੀ ਲੜਕੀ ਦੇ ਬਿਆਨਾਂ ’ਤੇ ਕਥਿਤ ਦੋਸ਼ੀਆਂ ਰਾਜਵਿੰਦਰ ਸਿੰਘ ਰਾਜੂ, ਕਿੰਦਰ, ਜਗਮੀਤ ਸਿੰਘ, ਗੋਪੀ ਖ਼ਿਲਾਫ ਥਾਣਾ ਧਰਮਕੋਟ ਵਿਚ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਡੀ ਖ਼ੁਸ਼ਖ਼ਬਰੀ, ਛੇਵੇਂ ਤਨਖਾਹ ਕਮਿਸ਼ਨ ਤਹਿਤ ਸਰਕਾਰ ਦਾ ਵੱਡਾ ਫ਼ੈਸਲਾ
ਪੁਲਸ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਅਤੇ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਜ਼ਖਮੀ ਲੜਕੀ ਨੇ ਦੱਸਿਆ ਕਿ ਉਸ ਦੇ ਭਰਾ ਗੁਰਸੇਵਕ ਸਿੰਘ ਨਾਲ ਕਥਿਤ ਦੋਸ਼ੀਆਂ ਦਾ ਝਗੜਾ ਹੋਇਆ ਸੀ। ਇਸ ਗੱਲ ਨੂੰ ਲੈ ਕੇ ਉਨ੍ਹਾਂ ਦੇ ਵਿਚਕਾਰ ਵਿਵਾਦ ਚੱਲ ਰਿਹਾ ਸੀ। ਇਸ ਰੰਜਿਸ਼ ਸਬੰਧੀ ਹਮਲਾਵਰਾਂ ਨੇ ਸਾਡੇ ਘਰ ਆ ਕੇ ਹਮਲਾ ਕੀਤਾ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਗੁਰਸੇਵਕ ਸਿੰਘ ਨੇ ਕਿਹਾ ਕਿ ਮੈਂ ਇਕ ਵਿਆਹ ਸਮਾਗਮ ਤੋਂ ਵਾਪਸ ਆਇਆ ਸੀ ਤਾਂ ਇਸ ਦੌਰਾਨ ਕਥਿਤ ਹਮਲਾਵਰ ਮੇਰੇ ਪਿੱਛੇ ਆਏ ਅਤੇ ਜਦੋਂ ਹੀ ਮੈਂ ਘਰ ਦਾ ਦਰਵਾਜਾ ਖੁਲ੍ਹਵਾਇਆ ਤਾਂ ਮੇਰੀ ਚਾਚੀ ਅਤੇ ਹੋਰ ਪਰਿਵਾਰ ਦੇ ਮੈਂਬਰ ਆ ਗਏ, ਜਿਸ ’ਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਰਾਜੂ ਅਤੇ ਉਨ੍ਹਾਂ ਦੇ ਸਾਥੀ ਮੈਂਨੂੰ ਮਾਰਨਾ ਚਾਹੁੰਦੇ ਸੀ ਪਰ ਉਸ ਸਮੇਂ ਰਾਜੂ ਨੇ ਆਪਣੇ ਅਸਲੇ ਨਾਲ ਮੈਂਨੂੰ ਮਾਰਨ ਲਈ ਗੋਲੀ ਚਲਾ ਦਿੱਤੀ ਪਰ ਮੈਂ ਬਚ ਗਿਆ ਅਤੇ ਮੇਰੀ ਚਚੇਰੀ ਭੈਣ ਵਰਖਾ ਦੀ ਲੱਤ ’ਤੇ ਗੋਲੀ ਲੱਗੀ ਅਤੇ ਉਹ ਜ਼ਖਮੀ ਹੋ ਕੇ ਡਿੱਗ ਪਈ ਅਤੇ ਗੋਲੀ ਸਾਹਮਣੇ ਕੰਧ ਨਾਲ ਜਾ ਟਕਰਾਈ। ਇਸ ਦੌਰਾਨ ਅਸੀਂ ਰੋਲਾ ਪਾਇਆ ਤਾਂ ਹਮਲਾਵਰ ਉਥੋਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਇਸ ਸਬੰਧ ਵਿਚ ਪਿੰਡ ਦੇ ਸਰਪੰਚ ਅਤੇ ਹੋਰ ਲੋਕਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਕਥਿਤ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਵੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦੀ ਅੰਤਿਮ ਅਰਦਾਸ ਮੌਕੇ CM ਮਾਨ ਸਣੇ ਪਹੁੰਚੀਆਂ ਕਈ ਸ਼ਖ਼ਸੀਅਤਾਂ
NEXT STORY