ਚੰਡੀਗੜ੍ਹ/ਜਲੰਧਰ (ਧਵਨ, ਮਹੇਸ਼) - ਕਾਰਪੋਰੇਸ਼ਨ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬਹੁਜਨ ਸਮਾਜ ਪਾਰਟੀ ਨੂੰ ਸਿਆਸੀ ਝਟਕਾ ਦਿੱਤਾ ਹੈ। ਉਨ੍ਹਾਂ ਬਸਪਾ ਯੂਥ ਵਿੰਗ ਦੇ ਸਾਬਕਾ ਸੂਬਾ ਪ੍ਰਧਾਨ ਅਮਰੀਕ ਬਾਗੜੀ ਤੇ ਹੋਰ ਬਸਪਾ ਆਗੂਆਂ ਨੂੰ ਕਾਂਗਰਸ ਵਿਚ ਸ਼ਾਮਲ ਕੀਤਾ। ਅਮਰੀਕ ਬਾਗੜੀ, ਜੋ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਦੇ ਇੰਚਾਰਜ ਸਨ, ਨਾਲ ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਹੋਰ ਬਸਪਾ ਆਗੂਆਂ ਵਿਚ ਗਗਨ ਬਾਜਵਾ, ਵਿਵੇਕ ਬਾਗੜੀ, ਮੋਨੂੰ ਬਾਗੜੀ, ਪਰਮਜੀਤ ਬਾਗੜੀ, ਜਤਿੰਦਰ ਕਲਸੀ, ਕਮਲ, ਬਲਵੰਤ ਰਾਏ, ਮੋਨੂੰ ਤੇ ਜਗਰੂਪ ਸਿੰਘ ਢੇਸੀ ਸ਼ਾਮਲ ਹਨ।
ਉਕਤ ਆਗੂਆਂ ਦਾ ਕਾਂਗਰਸ ਵਿਚ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਪਾਰਟੀ ਦੀ ਵਧਦੀ ਲੋਕਪ੍ਰਿਯਤਾ ਨੂੰ ਵੇਖਦਿਆਂ ਕਈ ਹੋਰ ਪਾਰਟੀਆਂ ਦੇ ਆਗੂ ਵੀ ਕਾਂਗਰਸ ਵਿਚ ਸ਼ਾਮਲ ਹੋਣ ਦੇ ਚਾਹਵਾਨ ਹਨ। ਪਾਰਟੀ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਤੋਂ ਪ੍ਰਭਾਵਿਤ ਹੋ ਕੇ ਜਨਤਾ ਨੇ ਕਾਂਗਰਸ ਨੂੰ ਸੱਤਾ ਸੌਂਪੀ। ਕੈਪਟਨ ਨੇ ਕਿਹਾ ਕਿ ਕਾਰਪੋਰੇਸ਼ਨ ਚੋਣਾਂ ਤੋਂ ਪਹਿਲਾਂ ਜਿਸ ਤਰ੍ਹਾਂ ਹੋਰ ਪਾਰਟੀਆਂ ਦੇ ਆਗੂ ਕਾਂਗਰਸ ਵਿਚ ਆਉਣ ਦੇ ਚਾਹਵਾਨ ਹਨ, ਉਸ ਤੋਂ ਪਤਾ ਲੱਗਦਾ ਹੈ ਕਿ ਹੋਰ ਕਿਸੇ ਵੀ ਰਾਜਨੀਤਕ ਦਲ ਵਿਚ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਉਨ੍ਹਾਂ ਨਵੇਂ ਬਸਪਾ ਆਗੂਆਂ ਨੂੰ ਪੂਰਾ ਸਨਮਾਨ ਦੇਣ ਦਾ ਭਰੋਸਾ ਦਿੱਤਾ।
ਬਾਗੜੀ ਨੇ ਬਸਪਾ ਅਗਵਾਈ ਦੀ ਨਿੰਦਾ ਕਰਦਿਆਂ ਕਿਹਾ ਕਿ ਉਸਦੀਆਂ ਤਾਨਾਸ਼ਾਹੀ ਨੀਤੀਆਂ ਕਾਰਨ ਵਰਕਰ ਅਲੱਗ-ਥਲੱਗ ਪੈ ਗਏ ਹਨ। ਦੇਸ਼ ਭਰ ਵਿਚ ਬਸਪਾ ਟੁੱਟਣ ਕੰਢੇ ਪਹੁੰਚ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਹੀ ਪੰਜਾਬ ਨੂੰ ਖੁਸ਼ਹਾਲੀ ਵਲ ਲੈ ਕੇ ਜਾਣ ਦੇ ਸਮਰੱਥ ਹਨ। ਇਸ ਮੌਕੇ ਵਿਧਾਇਕ ਪਰਗਟ ਸਿੰਘ ਤੇ ਮੁੱਖ ਮੰਤਰੀ ਦੇ ਓ. ਐੱਸ. ਡੀ. ਅੰਕਿਤ ਬਾਂਸਲ ਵੀ ਮੌਜੂਦ ਸਨ।
ਸਕੂਟਰੀ ਤੇ ਮੋਟਰਸਾਈਕਲ ਦੀ ਟੱਕਰ 'ਚ ਇਕ ਬਜ਼ੁਰਗ ਦੀ ਮੌਤ, 3 ਜ਼ਖਮੀ
NEXT STORY