ਕਪੂਰਥਲਾ, (ਮਹਾਜਨ)— ਕੋਰੋਨਾ ਵਾਇਰਸ ਨੂੰ ਲੈ ਕੇ ਜਿਥੇ ਪਹਿਲਾਂ ਹੀ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਸੀ, ਉੱਥੇ ਪੰਜਾਬ 'ਚ ਇਸ ਵਾਇਰਸ ਦੇ ਕਾਰਣ ਹੋਈ ਇਕ ਮੌਤ ਤੇ ਚੰਡੀਗੜ੍ਹ 'ਚ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਹੋਈ ਪੁਸ਼ਟੀ ਦੇ ਬਾਅਦ ਲੋਕਾਂ 'ਚ ਡਰ ਹੋਰ ਵੱਧ ਗਿਆ ਹੈ। ਭਾਵੇਂ ਇਸ ਸੰਭਾਵੀ ਮਹਾਮਾਰੀ ਤੋਂ ਨਿਪਟਣ ਲਈ ਜ਼ਿਲੇ ਭਰ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਤਿਹਾਤ ਵਜੋਂ ਸਭ ਸਿਵਲ ਹਸਪਤਾਲਾਂ 'ਚ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਲੋਕਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਸਭ ਸਕੂਲਾਂ, ਕਾਲਜਾਂ 'ਚ ਛੁੱਟੀਆਂ ਕਰਨ ਦੇ ਨਾਲ-ਨਾਲ ਬੱਚਿਆਂ ਦੀਆਂ 31 ਮਾਰਚ ਤਕ ਪ੍ਰੀਖਿਆਵਾਂ ਵੀ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਉੱਥੇ ਮਾਰਚ ਮਹੀਨੇ 'ਚ ਹੋਣ ਵਾਲੇ ਹਰ ਪ੍ਰਕਾਰ ਦੇ ਸਮਾਜਿਕ, ਰਾਜਨੀਤਕ ਤੇ ਧਾਰਮਕ ਸਮਾਗਮ 'ਤੇ ਰੋਕ ਲਾ ਦਿੱਤੀ ਗਈ ਹੈ।
ਕਪੂਰਥਲਾ ਜ਼ਿਲ੍ਹੇ ਦੀ ਕਰੀਬ 5 ਲੱਖ ਦੀ ਆਬਾਦੀ ਵਾਲਾ ਰਿਆਸਤੀ ਸ਼ਹਿਰ ਹੈ, ਨੂੰ ਇਸ ਮਹਾਮਾਰੀ ਤੋਂ ਬਚਾਉਣ ਲਈ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਬਹੁਤ ਹੀ ਸੰਜੀਦਗੀ ਨਾਲ ਆਪਣੀਆਂ ਸੇਵਾਵਾਂ ਨੂੰ ਦੇ ਰਿਹਾ ਹੈ। ਕੋਰੋਨਾ ਵਾਇਰਸ ਤੋਂ ਬਚਾਅ ਲਈ ਜ਼ਿਲ੍ਹਾ ਭਰ 'ਚ 40 ਬਚਾਅ ਸੈਂਟਰ ਤੇ 10 ਆਈ. ਸੀ. ਯੂ. ਸੈਂਟਰ ਬਣਾਏ ਗਏ ਹਨ। ਇਸ ਤੋਂ ਇਲਾਵਾ ਅਜਿਹੇ ਵੱਖ-ਵੱਖ 500 ਥਾਂ ਆਈਡੈਂਟੀਫਾਈ ਕੀਤੇ ਗਏ ਹਨ, ਜਿਥੇ ਲੋੜ ਪੈਣ ਤੇ ਮਰੀਜ਼ਾਂ ਨੂੰ ਰੱਖਿਆ ਜਾ ਸਕਦਾ ਹੈ। ਹਰ ਜਾਗਰੂਕ ਸ਼ਹਿਰੀ ਕੋਰੋਨਾ ਵਾਇਰਸ ਦੇ ਬਚਾਅ ਲਈ ਆਪੋ ਆਪਣੇ ਪਰਿਵਾਰਾਂ ਤਕ ਸੀਮਤ ਨਾ ਹੋ ਕੇ ਆਂਢ ਗੁਆਂਢ ਨੂੰ ਵੀ ਪ੍ਰਹੇਜਾਂ ਬਾਰੇ ਜਾਗਰੂਕ ਕਰਦਾ ਹੋਇਆ ਮਾਨਵਤਾ ਦੀ ਸੇਵਾ 'ਚ ਜੁੱਟਿਆ ਹੋਇਆ ਹੈ।
ਡਿਪਟੀ ਕਮਿਸ਼ਨਰ ਦੀਪਤੀ ਉੱਪਲ ਦੀ ਅਗਵਾਈ 'ਚ ਜਿਥੇ ਸਿਵਲ ਹਸਪਤਾਲ ਅਤੇ ਹਰ ਡਿਸਪੈਂਸਰੀ 'ਚ ਆਈਸੋਲੇਸ਼ਨ ਯੂਨਿਟ ਵੱਡੇ ਪੱਧਰ ਉੱਤੇ ਸਥਾਪਿਤ ਕੀਤੇ ਗਏ ਹਨ, ਉਥੇ ਸਾਰੇ ਨਿੱਜੀ ਹਸਪਤਾਲਾਂ ਅਤੇ ਨਰਸਿੰਗ ਹੋਮਾਂ ਨੂੰ ਵੀ ਹਰ ਬੰਦੋਬਸਤ ਰੱਖਣ ਲਈ ਆਦੇਸ਼ ਦਿੱਤੇ ਗਏ ਹਨ। ਸ਼ਹਿਰ ਦੇ ਸਾਰੇ ਕਮਿਊਨਿਟੀ ਸੈਂਟਰ ਅਤੇ ਧਰਮਸ਼ਾਲਾਵਾਂ ਤੋਂ ਇਲਾਵਾ ਸਿੱਖਿਆ ਸੰਸਥਾਵਾਂ ਦੇ ਕਮਰਿਆਂ ਨੂੰ ਵੀ ਐਮਰਜੈਂਸੀ ਆਈਸੋਲੇਸ਼ਨ ਕੇਂਦਰ ਸਥਾਪਿਤ ਕਰ ਦਿੱਤੇ ਗਏ ਹਨ।
ਅਫਵਾਹਾਂ ਤੋਂ ਰਹੋ ਦੂਰ, ਘਰਾਂ 'ਚ ਹੀ ਰਹਿ ਕੇ ਇਤਿਹਾਤ ਰੱਖੋ : ਸਿਵਲ ਸਰਜਨ
ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਮੁੱਖ ਲੱਛਣ ਖਾਂਸੀ, ਜ਼ੁਕਾਮ, ਛਿੱਕਾਂ ਤੇ ਬੁਖਾਰ ਦੇ ਪੀੜਤਾਂ ਦਾ ਬਕਾਇਦਾ ਮੁਆਇਨਾ ਕਰਨ ਦੇ ਲਈ ਸਥਾਪਿਤ ਕੇਂਦਰਾਂ 'ਚ ਮੈਡੀਕਲ ਟੀਮਾਂ 24 ਘੰਟੇ ਦੇ ਲਈ ਨਿਯੁਕਤ ਕੀਤਾ ਗਿਆ ਹੈ ਪਰ ਲੋਕਾਂ ਨੂੰ ਇਹ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਇਸ ਵਾਇਰਸ ਨੂੰ ਹਊਆ ਬਨਾਉਣ ਦੀ ਬਜਾਏ ਸਹਿਜ ਨਾਲ ਹੀ ਲੈਣ ਅਤੇ ਅਫਵਾਹਾਂ ਤੋਂ ਦੂਰ ਰਹਿੰਦੇ ਹੋਏ ਹੱਥਾਂ ਦੀ ਲਗਾਤਾਰ ਸਫਾਈ, ਅਣਜਾਣ ਮਰੀਜ਼ਾਂ ਨੂੰ ਨਾ ਛੇੜਨ, ਹੱਥ ਮਿਲਾਉਣ ਦੀ ਬਜਾਏ ਸਭ ਨੂੰ ਹੱਥ ਜੋੜ ਕੇ ਹੀ ਨਮਸਤੇ ਜਾਂ ਸਤਿ ਸ੍ਰੀ ਅਕਾਲ ਕਰਕੇ ਸਤਿਕਾਰ ਦੇ ਸਕਦੇ ਹਨ ਅਤੇ ਆਪੋ ਆਪਣੇ ਘਰਾਂ 'ਚ ਹੀ ਇਤਿਆਦ ਵਰਤਦੇ ਹੋਏ ਇਸ ਪ੍ਰਕੋਪ ਤੋਂ ਦੂਰ ਰਹਿ ਸਕਦੇ ਹਨ, ਜੇਕਰ ਕੋਈ ਮਹਿਸੂਸ ਕਰਦਾ ਹੈ ਤਾਂ ਉਸ ਨੂੰ ਤੁਰੰਤ ਸਿਹਤ ਸੇਵਾਵਾਂ ਲੈਣ ਲਈ ਨੇੜੇ ਦੇ ਹਸਪਤਾਲ 'ਚ ਪਹੁੰਚ ਕਰਨੀ ਚਾਹੀਦੀ ਹੈ।
ਅਫਵਾਹਾਂ ਦਾ ਬਾਜ਼ਾਰ ਹੋਇਆ ਗਰਮ
ਕੋਰੋਨਾ ਵਾਇਰਸ ਤੋਂ ਲੋਕਾਂ ਦੇ ਬਚਾਅ ਲਈ ਜਿਥੇ ਸਰਕਾਰ ਵੱਲੋਂ ਸਭ ਪ੍ਰਕਾਰ ਦੀ ਟ੍ਰਾਂਸਪੋਰਟ ਤੇ ਰੋਕ ਲਗਾ ਦਿੱਤੀ ਗਈ ਹੈ। ਮੰਡੀਆਂ ਬੰਦ ਹੋਣ ਦੀ ਅਫਵਾਹ ਲੋਕਾਂ 'ਚ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ। ਮੰਡੀ ਬੰਦ ਹੋਣ ਦੇ ਡਰ ਤੋਂ ਲੋਕਾਂ ਵੱਲੋਂ ਵੀਰਵਾਰ ਨੂੰ ਸ਼ਹਿਰ ਦੀ ਪ੍ਰਮੁੱਖ ਪੁਰਾਣੀ ਤੇ ਨਵੀਂ ਸਬਜ਼ੀ ਮੰਡੀ 'ਚ ਔਰਤਾਂ ਵੱਲੋਂ ਸਬਜ਼ੀਆਂ ਦੀ ਭਾਰੀ ਗਿਣਤੀ 'ਚ ਖਰੀਦਦਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਅਜੇ ਤਕ ਪ੍ਰਸ਼ਾਸਨ ਵੱਲੋਂ ਸਬਜ਼ੀ ਮੰਡੀਆਂ ਦੇ ਬੰਦ ਹੋਣ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਹੈ ਪਰ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਟ੍ਰਾਂਸਪੋਰਟ ਵੀ ਬੰਦ ਹੋਵੇਗਾ ਤਾਂ ਸਬਜ਼ੀਆਂ ਦਾ ਆਯਾਤ ਤੇ ਨਿਰਯਾਤ ਕਿਵੇਂ ਹੋਵੇਗਾ। ਜਿਸ ਕਾਰਣ ਲੋਕਾਂ ਵੱਲੋਂ ਸਬਜ਼ੀਆਂ ਦੀ ਖਰੀਦਦਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਬਾਜ਼ਾਰਾਂ 'ਚ ਕਰਿਆਨਾ ਸਟੋਰ 'ਤੇ ਵੀ ਲੋਕਾਂ ਦੀ ਆਮ ਦਿਨਾਂ ਦੇ ਮੁਕਾਬਲੇ ਕਾਫੀ ਭੀੜ ਰਹੀ।
ਕੋਰੋਨਾ ਕਾਰਨ ਪੰਜਾਬ 'ਚ ਪਹਿਲੀ ਮੌਤ ਦੇ ਬਾਅਦ ਵੀ ਸਰਕਾਰੀ ਹਸਪਤਾਲਾਂ 'ਚ ਨਹੀਂ ਸਮਰੱਥ ਪ੍ਰਬੰਧ
NEXT STORY