ਜੈਤੋ (ਸਤਵਿੰਦਰ) - ਸਰਬੱਤ ਖਾਲਸਾ ਵਲੋਂ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਥਾਪੇ ਗਏ ਕਾਰਜਕਾਰੀ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਸੱਦੇ 'ਤੇ ਪੰਥਕ ਆਗੂਆਂ ਨੇ ਬਰਗਾੜੀ ਮੋਰਚੇ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਮੋਰਚੇ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰਦਿਆਂ ਬੁਰਜ ਜਵਾਹਰ ਸਿੰਘ ਵਾਲਾ ਤੋਂ ਬਹਿਬਲ ਕਲਾਂ ਤੱਕ ਸਿੱਖ ਸੰਗਤਾਂ ਵਲੋਂ ਰੋਸ ਮਾਰਚ ਕੱਢਿਆ ਗਿਆ, ਜੋ ਬਰਗਾੜੀ ਤੋਂ ਹੁੰਦਾ ਬਹਿਬਲ ਕਲਾਂ ਪੁੱੱਜਾ। ਇਸ ਮੌਕੇ ਭਾਰੀ ਮੀਂਹ ਦੇ ਬਾਵਜੂਦ ਸੰਗਤਾਂ ਦਾ ਉਤਸ਼ਾਹ ਵੇਖਣ ਯੋਗ ਸੀ। ਰੋਸ ਮਾਰਚ ਨੂੰ ਸੰਗਤਾਂ ਨੇ ਜੀ ਆਇਆ ਕਿਹਾ ਅਤੇ ਰਸਤੇ 'ਚ ਥਾਂ-ਥਾਂ 'ਤੇ ਸੰਗਤਾਂ ਵਾਸਤੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਸੀ।
ਇਸ ਦੌਰਾਨ ਬਹਿਬਲ ਕਲਾਂ ਦੇ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਸੀ ਅਤੇ ਪਾਠ ਦਾ ਭੋਗ ਪਾਉਣ ਉਪਰੰਤ ਕੱਢੇ ਗਏ ਰੋਸ ਮਾਰਗ 'ਚ ਸ਼ਾਮਲ ਹੋਏ ਆਗੂਆਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਆਪਣੇ ਸੰਬੋਧਨ 'ਚ ਕਿਹਾ ਕਿ ਬਰਗਾੜੀ ਮੋਰਚੇ ਦੀ ਬਦੌਲਤ ਬਹੁਤ ਸਾਰੀਆਂ ਮੰਗਾਂ ਸਰਕਾਰ ਤੋਂ ਮਨਵਾਈਆਂ ਗਈਆਂ ਸਨ ਪਰ ਬਾਕੀ ਰਹਿੰਦੀਆਂ ਮੰਗਾਂ ਪੂਰੀਆਂ ਨਾ ਹੋਣ ਤੱਕ ਉਨ੍ਹਾਂ ਵਲੋਂ ਇਹ ਸੰਘਰਸ਼ ਜਾਰੀ ਰਹੇਗਾ। ਜਥੇ. ਜਗਤਾਰ ਸਿੰਘ ਹਵਾਰਾ ਵਲੋਂ ਬਣਾਈ ਗਈ 21 ਮੈਂਬਰੀ ਕਮੇਟੀ 27 ਅਪ੍ਰੈਲ ਨੂੰ ਸ੍ਰੀ ਅੰਮਿਤਸਰ ਸਾਹਿਬ ਵਿਖੇ ਮੋਰਚੇ ਦੇ ਸਬੰਧ 'ਚ ਮੀਟਿੰਗ ਕਰੇਗੀ ਅਤੇ ਫੈਸਲਾ ਕੀਤਾ ਜਾਵੇਗਾ ਕਿ ਮੋਰਚੇ ਦੀ ਅਗਲੀ ਰੂਪ-ਰੇਖਾ ਕੀ ਹੋਵੇਗੀ। ਇਸ ਮੌਕੇ ਸਿੱਖ ਆਗੂਆਂ ਨੇ ਮੰਗ ਕੀਤੀ ਕਿ 'ਸਿੱਟ' (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਦੇ ਮੈਂਬਰ ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਤੁਰੰਤ ਵਾਪਸ ਬੁਲਾਇਆ ਜਾਵੇ। ਇਸ ਤੋਂ ਇਲਾਵਾ ਪਿਛਲੇ ਸਮੇਂ ਪੰਜਾਬ 'ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਸਮੂਹ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਸਜ਼ਾਵਾਂ ਦਿੱਤੀਆਂ ਜਾਣ। ਇਸ ਦੌਰਾਨ ਭਾਈ ਨਰਾਇਣ ਸਿੰਘ ਜੌੜਾ, ਪ੍ਰੋ. ਬਲਜਿੰਦਰ ਸਿੰਘ, ਸੁਖਰਾਜ ਸਿੰਘ, ਮਾ. ਸੰਤੋਖ ਸਿੰਘ ਆਦਿ ਸ਼ਾਮਲ ਸੀ।
ਸ਼ਿਵ ਸੈਨਾ ਆਗੂ ਨੂੰ ਗੋਲੀਆਂ ਮਾਰਨ ਵਾਲਾ ਹਮਲਾਵਰ ਕਰਨਾਲ ਤੋਂ ਗ੍ਰਿਫਤਾਰ
NEXT STORY