ਸੰਗਰੂਰ (ਕੋਹਲੀ) : ਲਹਿਰਗਾਗਾ 'ਚ ਵੀਰਵਾਰ ਨੂੰ ਹੋਈ ਜ਼ੋਰਦਾਰ ਬਾਰਸ਼ ਕਾਰਨ ਰੇਲਵੇ ਅੰਡਰ ਬ੍ਰਿਜ 'ਚ ਪਾਣੀ ਭਰ ਗਿਆ, ਜਿਸ 'ਚ ਯਾਤਰੀਆਂ ਨਾਲ ਭਰੀ ਇਕ ਮਿੰਨੀ ਬੱਸ ਡੁੱਬ ਗਈ ਪਰ ਵੱਡਾ ਨੁਕਸਾਨ ਹੋਣੋਂ ਬਚਾਅ ਹੋ ਗਿਆ। ਜਾਣਕਾਰੀ ਮੁਤਾਬਕ ਮੌਕੇ 'ਤੇ ਪੰਜਾਬ ਪੁਲਸ ਦੇ ਮੁਲਾਜ਼ਮ ਹਰਵਿੰਦਰ ਸਿੰਘ ਭੂਟਾਲ ਨੇ ਦੱਸਿਆ ਕਿ ਉਹ ਆਪਣੇ ਬੇਟੇ ਸਮੇਤ ਬੱਸ ਰਾਹੀਂ ਪਿੰਡ ਭੂਟਾਲ ਖੁਰਦ ਜਾ ਰਹੇ ਸਨ ਪਰ ਜਦੋਂ ਬੱਸ ਅੰਡਰ ਬ੍ਰਿਜ 'ਚ ਪੁੱਜੀ ਤਾਂ ਪਾਣੀ ਦੀ ਇਕ ਲਹਿਰ ਆਈ, ਜਿਸ ਕਾਰਨ ਬੱਸ ਦੇ ਇੰਜਣ 'ਚ ਪਾਣੀ ਭਰ ਗਿਆ ਅਤੇ ਇੰਜਣ ਬੰਦ ਹੋ ਗਿਆ।
ਪਾਣੀ ਬੱਸ ਦੀਆਂ ਖਿੜਕੀਆਂ ਤੱਕ ਪੁੱਜ ਗਿਆ ਅਤੇ ਲੋਕਾਂ ਨੂੰ ਬੜੀ ਮੁਸ਼ਕਲ ਨਾਲ ਖਿੜਕੀਆਂ 'ਚੋਂ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਪੁਲਸ ਨੂੰ ਜਾਣਕਾਰੀ ਦਿੱਤੀ ਗਈ। ਮੌਕੇ 'ਤੇ ਪੁੱਜੀ ਪੁਲਸ ਨੇ ਵੀ ਯਾਤਰੀਆਂ ਦੀ ਮਦਦ ਕੀਤੀ। ਜ਼ਿਕਰਯੋਗ ਹੈ ਕਿ ਸ਼ਹਿਰ 'ਚ ਪਹਿਲੀ ਬਾਰਸ਼ ਕਾਰਨ ਹੀ ਇੰਨਾ ਬੁਰਾ ਹਾਲ ਹੋ ਗਿਆ ਹੈ ਅਤੇ ਅੰਡਰ ਬ੍ਰਿਜ 'ਚੋਂ ਲੋਕਾਂ ਦਾ ਲੰਘਣਾ ਮੁਸ਼ਕਲ ਹੋ ਗਿਆ ਹੈ ਕਿਉਂਕਿ ਪਾਣੀ ਲਈ ਜਿਹੜੇ ਟੈਂਕ ਬਣਾਏ ਗਏ ਹਨ, ਉਨ੍ਹਾਂ 'ਚੋਂ ਪਾਣੀ ਦੀ ਨਿਕਾਸੀ ਸਹੀ ਨਾ ਹੋਣ ਕਾਰਨ ਇਹ ਮੁਸ਼ਕਲ ਆਈ ਹੈ।
ਫਿਲਹਾਲ ਸ਼ਹਿਰ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਕੋਈ ਪੱਕਾ ਹੱਲ ਕੱਢਿਆ ਜਾਵੇ ਕਿਉਂਕਿ ਪਿਛਲੇ ਸਾਲ ਵੀ ਅੰਡਰ ਬ੍ਰਿਜ 'ਚ ਪਾਣੀ ਇਕੱਠਾ ਹੋ ਗਿਆ ਸੀ ਪਰ ਬਾਅਦ 'ਚ ਕਮੇਟੀ ਨੇ ਪੰਪ ਲਾ ਕੇ ਪਾਣੀ ਕੱਢ ਦਿੱਤਾ ਸੀ।
ਗਤਕੇ ਨੂੰ ਓਲੰਪਿਕ ਤੱਕ ਲਿਜਾਣ ਲਈ ਨੈਸ਼ਨਲ ਗਤਕਾ ਐਸੋਸੀਏਸ਼ਨ ਵੱਲੋਂ ਰੋਡਮੈਪ ਤਿਆਰ : ਗਰੇਵਾਲ
NEXT STORY