ਪਟਿਆਲਾ— ਮਹਿੰਗਾਈ ਕਾਰਨ ਪਹਿਲਾਂ ਹੀ ਪ੍ਰੇਸ਼ਾਨ ਲੋਕਾਂ ਨੂੰ ਪੰਜਾਬ ਸਰਕਾਰ ਨੇ ਇਕ ਹੋਰ ਜ਼ੋਰ ਦਾ ਝਟਕਾ ਦਿੱਤਾ ਹੈ। ਦੀਵਾਲੀ ਤੋਂ ਲੋਕਾਂ ਲਈ ਬੱਸ ਦਾ ਸਫਰ ਮਹਿੰਗਾ ਹੋ ਗਿਆ ਹੈ। ਪੰਜਾਬ ਸਰਕਾਰ ਨੇ 7 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਕਿਰਾਇਆ ਵਧਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ।ਇਸ ਨਾਲ ਆਮ ਕਿਰਾਇਆ 1.10 ਰੁਪਏ ਤੋਂ ਵਧ ਕੇ 1.17 ਰੁਪਏ ਪ੍ਰਤੀ ਕਿਲੋਮੀਟਰ ਹੋ ਗਿਆ ਹੈ।ਸਾਲ 'ਚ ਤੀਜੀ ਵਾਰ ਬੱਸ ਕਿਰਾਇਆ ਵਧਿਆ ਹੈ।ਫਰਵਰੀ 'ਚ 2 ਪੈਸੇ ਅਤੇ ਜੂਨ 'ਚ 6 ਪੈਸੇ ਵਧੇ ਸਨ।ਇਸ ਤਰ੍ਹਾਂ ਸਾਲ 'ਚ ਬੱਸ ਕਿਰਾਏ 15 ਪੈਸੇ ਪ੍ਰਤੀ ਕਿਲੋਮੀਟਰ ਵਧੇ ਹਨ।
ਬੱਸਾਂ ਦੇ ਕਿਰਾਏ ਵਧਣ ਨਾਲ ਭਾਵੇਂ ਹੀ ਆਮ ਜਨਤਾ ਦੀ ਜੇਬ 'ਤੇ ਬੋਝ ਵਧੇਗਾ ਪਰ ਪੰਜਾਬ ਸਰਕਾਰ ਦੀ ਟਰਾਂਸਪੋਰਟ ਕੰਪਨੀ ਪੀ. ਆਰ. ਟੀ. ਸੀ., ਪੰਜਾਬ ਰੋਡਵੇਜ਼ ਅਤੇ ਪ੍ਰਾਈਵੇਟ ਟਰਾਂਸਪੋਰਟਰ ਬੇਹੱਦ ਖੁਸ਼ ਹਨ।ਕਿਰਾਇਆ ਵਧਣ ਨਾਲ ਪੀ. ਆਰ. ਟੀ. ਸੀ. ਨੂੰ ਰੋਜ਼ਾਨਾ ਤਕਰੀਬਨ 8 ਲੱਖ ਰੁਪਏ ਦਾ ਫਾਇਦਾ ਹੋਵੇਗਾ।
ਉੱਥੇ ਹੀ ਏ. ਸੀ. ਬੱਸ 'ਚ ਸਫਰ ਕਰਨ ਵਾਲੇ ਮੁਸਾਫਰਾਂ ਨੂੰ ਵੀ ਪਹਿਲਾਂ ਨਾਲੋਂ ਜ਼ਿਆਦਾ ਕਿਰਾਇਆ ਦੇਣਾ ਹੋਵੇਗਾ। ਏ. ਸੀ. ਬੱਸਾਂ ਦਾ ਕਿਰਾਇਆ 1.32 ਰੁਪਏ ਤੋਂ ਵਧ ਕੇ 1.40 ਰੁਪਏ ਪ੍ਰਤੀ ਕਿਲੋਮੀਟਰ ਹੋ ਗਿਆ ਹੈ। ਇਹ ਆਮ ਕਿਰਾਏ ਤੋਂ 20 ਫੀਸਦੀ ਜ਼ਿਆਦਾ ਹੁੰਦਾ ਹੈ। ਇੰਟੈਗਰਲ ਕੋਚ ਯਾਨੀ ਲਗਜ਼ਰੀ ਬੱਸਾਂ 'ਚ ਸਫਰ ਕਰਨ ਵਾਲੇ ਮੁਸਾਫਰਾਂ ਨੂੰ ਹੁਣ ਪ੍ਰਤੀ ਕਿਲੋਮੀਟਰ 2.10 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ, ਜੋ ਕਿ ਆਮ ਬੱਸਾਂ ਦੇ ਕਿਰਾਏ ਦਾ 80 ਫੀਸਦੀ ਵਧਦਾ ਹੈ। ਇਸੇ ਤਰ੍ਹਾਂ ਸੁਪਰ ਇੰਟੈਗਰਲ ਕੋਚ ਬੱਸ 'ਚ ਸਫਰ ਕਰਨ ਵਾਲੇ ਮੁਸਾਫਰਾਂ ਦੀ ਜੇਬ 'ਤੇ ਹੁਣ ਪ੍ਰਤੀ ਕਿਲੋਮੀਟਰ 2.34 ਰੁਪਏ ਦਾ ਭਾਰ ਪਵੇਗਾ। ਸੁਪਰ ਇੰਟੈਗਰਲ ਕੋਚ ਬੱਸਾਂ ਦਾ ਕਿਰਾਇਆ ਆਮ ਬੱਸਾਂ ਦੇ ਕਿਰਾਏ ਦਾ ਦੁੱਗਣਾ ਹੁੰਦਾ ਹੈ। ਬੱਸਾਂ ਦੇ ਕਿਰਾਏ 'ਚ ਕੀਤਾ ਗਿਆ ਇਹ ਵਾਧਾ ਤੁਰੰਤ ਪ੍ਰਭਾਵ ਨਾਲ ਹੀ ਲਾਗੂ ਕਰ ਦਿੱਤਾ ਗਿਆ ਹੈ।
ਢਿੱਡ ਵਜਾਉਣਗੇ ਤੇ ਖੜਕਾਉਣਗੇ ਥਾਲੀ, ਅਧਿਆਪਕ ਮਨਾਉਣਗੇ 'ਕਾਲੀ ਦੀਵਾਲੀ'
NEXT STORY