ਚੰਡੀਗੜ੍ਹ (ਰਮਨਜੀਤ ਸਿੰਘ) : ਆਉਣ ਵਾਲੇ ਤਿਉਹਾਰੀ ਸੀਜ਼ਨ ਵਿਚ ਨਵੇਂ ਵਾਹਨਾਂ ਦੀ ਸੰਭਾਵਿਤ ਖਰੀਦ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਵਾਹਨਾਂ ਦੀ ਰਜਿਸਟ੍ਰੇਸ਼ਨ ਟੈਕਸ ਦਰਾਂ ਵਿਚ ਵਾਧਾ ਕੀਤਾ ਹੈ। ਸੂਬਾ ਸਰਕਾਰ ਵੱਲੋਂ ਕੀਤਾ ਗਿਆ ਇਹ ਵਾਧਾ ਵੱਖ-ਵੱਖ ਵਾਹਨਾਂ ਦੀਆਂ ਸ਼੍ਰੇਣੀਆਂ ਦੇ ਹਿਸਾਬ ਨਾਲ ਡੇਢ ਤੋਂ ਦੋ ਫੀਸਦੀ ਤੱਕ ਕੀਤਾ ਗਿਆ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ਵਿਚ ਪੰਜਾਬ ਵਿਚ ਵਾਹਨਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਦੀ ਜੇਬ ’ਤੇ ਥੋੜਾ ਭਾਰ ਵਧੇਗਾ।
ਇਸ ਦੇ ਨਾਲ ਹੀ ਪੁਰਾਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਰੀਨਿਊ ਕਰਦੇ ਸਮੇਂ ਕੁਝ ਵਾਧੂ ਰਕਮ ਗ੍ਰੀਨ ਟੈਕਸ ਵਜੋਂ ਅਦਾ ਕਰਨੀ ਪਵੇਗੀ। ਇਹ ਗ੍ਰੀਨ ਟੈਕਸ ਗੈਰ-ਵਪਾਰਕ ਵਾਹਨਾਂ ਲਈ 15 ਸਾਲ ਬਾਅਦ ਨਵਿਆਉਣ ’ਤੇ ਅਤੇ ਵਪਾਰਕ ਵਾਹਨਾਂ ਲਈ 8 ਸਾਲ ਬਾਅਦ ਨਵਿਆਉਣ ’ਤੇ ਲਾਗੂ ਹੋਵੇਗਾ।
ਪੰਜਾਬ ਸਰਕਾਰ ਨੇ ਮੋਟਰ ਵਹੀਕਲ ਟੈਕਸ ਯਾਨੀ ਰੋਡ ਟੈਕਸ ਵਧਾ ਦਿੱਤਾ ਹੈ। ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਹੁਣ ਦੋਪਹੀਆ ਵਾਹਨਾਂ ਜਾਂ ਲਗਜ਼ਰੀ ਵਾਹਨਾਂ ਵਿਚ ਸਫ਼ਰ ਕਰਨ ਦੇ ਸ਼ੌਕੀਨਾਂ ਦੀ ਜੇਬ ’ਤੇ ਥੋੜਾ ਭਾਰ ਪਵੇਗਾ। ਇਹ ਵਾਧਾ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਦੇ ਸਕੱਤਰ ਦਿਲਰਾਜ ਸਿੰਘ ਵੱਲੋਂ ਜਾਰੀ ਨੋਟੀਫਿਕੇਸ਼ਨ ਤਹਿਤ ਲਾਗੂ ਕੀਤਾ ਗਿਆ ਹੈ।
ਨੋਟੀਫਿਕੇਸ਼ਨ ਮੁਤਾਬਕ ਵੱਖ-ਵੱਖ ਸ਼੍ਰੇਣੀਆਂ ਦੇ ਵਾਹਨਾਂ ਲਈ ਰੋਡ ਟੈਕਸ 0.50 ਤੋਂ 1.25 ਫੀਸਦੀ ਤੱਕ ਵਧਾ ਦਿੱਤਾ ਗਿਆ ਹੈ। ਨਵੀਂ ਮੋਟਰ ਵਹੀਕਲ ਟੈਕਸ ਸਲੈਬ ਮੁਤਾਬਕ ਇਸ ਨੂੰ 7.50 ਤੋਂ 13 ਫੀਸਦੀ ਤੱਕ ਤੈਅ ਕੀਤਾ ਗਿਆ ਹੈ। ਇਹ ਨਵਾਂ ਮੋਟਰ ਵਹੀਕਲ ਟੈਕਸ ਵਾਹਨਾਂ ਦੀ ਖਰੀਦ ’ਤੇ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਗਿਆ ਹੈ। ਹੁਣ ਇਕ ਤੋਂ ਦੋ ਦਿਨਾਂ ਵਿਚ ਪੂਰੇ ਪੰਜਾਬ ਵਿਚ ਨਵੀਂ ਗੱਡੀ ਦੀ ਖਰੀਦ ’ਤੇ ਨਵਾਂ ਰੋਡ ਟੈਕਸ ਜਮ੍ਹਾ ਕਰਵਾਉਣਾ ਪਵੇਗਾ।
ਇਹ ਵੀ ਪੜ੍ਹੋ- ਜਾਅਲੀ ਬਾਬੇ ਧਾਰਮਿਕ ਸਥਾਨ ਦੇ ਨਾਂ 'ਤੇ ਮੰਗ ਰਹੇ ਸੀ ਪੈਸੇ, ਲੋਕਾਂ ਨੇ ਫੜ ਕੇ ਦਰੱਖ਼ਤ ਨਾਲ ਬੰਨ੍ਹ ਕੇ ਕੀਤੀ 'ਸੇਵਾ'
ਦੋਪਹੀਆ ਵਾਹਨਾਂ ਵਿਚ ਨਵੀਂ ਸ਼੍ਰੇਣੀ ਬਣਾਈ ਗਈ ਹੈ
ਜਾਰੀ ਨੋਟੀਫਿਕੇਸ਼ਨ ਅਨੁਸਾਰ ਪੰਜਾਬ ਵਿਚ ਮੋਟਰ ਵਹੀਕਲ ਟੈਕਸ ਸਲੈਬ ਦੇ ਤਹਿਤ ਹੁਣ ਤੱਕ 1 ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਕੀਮਤ ਵਾਲੇ ਵਾਹਨਾਂ ’ਤੇ ਸਿਰਫ ਦੋ ਸ਼੍ਰੇਣੀਆਂ ਵਿਚ ਰੋਡ ਟੈਕਸ ਵਸੂਲਿਆ ਜਾਂਦਾ ਸੀ। ਹੁਣ ਮਹਿੰਗੇ ਦੋਪਹੀਆ ਵਾਹਨਾਂ ਦੀ ਵਧਦੀ ਵਿਕਰੀ ਨੂੰ ਦੇਖਦੇ ਹੋਏ ਸਰਕਾਰ ਨੇ ਦੋਪਹੀਆ ਵਾਹਨਾਂ ਦੀ ਇਕ ਨਵੀਂ ਸ਼੍ਰੇਣੀ ਵੀ ਬਣਾਈ ਹੈ, ਜਿਸ ਵਿਚ 2 ਲੱਖ ਰੁਪਏ ਤੋਂ ਵੱਧ ਕੀਮਤ ਵਾਲੇ ਦੋਪਹੀਆ ਵਾਹਨ ਰੱਖੇ ਗਏ ਹਨ ਅਤੇ ਇਨ੍ਹਾਂ ’ਤੇ 11 ਫੀਸਦੀ ਰੋਡ ਟੈਕਸ ਲੱਗੇਗਾ।
ਚਾਰ ਪਹੀਆ ਵਾਹਨ ਹੋਏ ਸਭ ਤੋਂ ਮਹਿੰਗੇ
ਨਵੀਂ ਟੈਕਸ ਸਲੈਬ ਦਾ ਸਭ ਤੋਂ ਜ਼ਿਆਦਾ ਅਸਰ ਚਾਰ ਪਹੀਆ ਵਾਹਨਾਂ ’ਤੇ ਦੇਖਣ ਨੂੰ ਮਿਲੇਗਾ। 15 ਲੱਖ ਰੁਪਏ ਤੱਕ ਦੇ ਚਾਰ ਪਹੀਆ ਵਾਹਨ 7 ਤੋਂ 20 ਹਜ਼ਾਰ ਰੁਪਏ ਮਹਿੰਗੇ ਹੋ ਜਾਣਗੇ। ਇਸੇ ਤਰ੍ਹਾਂ 15 ਤੋਂ 25 ਲੱਖ ਰੁਪਏ ਦੀ ਕੀਮਤ ਵਾਲੇ ਵਾਹਨਾਂ ਦੇ ਰੋਡ ਟੈਕਸ ਵਿਚ ਇਕ ਫੀਸਦੀ ਦਾ ਵਾਧਾ ਕੀਤਾ ਗਿਆ ਹੈ, ਜਿਸ ਕਾਰਨ ਇਸ ਕੀਮਤ ਦਰਮਿਆਨ ਵਾਹਨ 20 ਤੋਂ 32 ਹਜ਼ਾਰ ਰੁਪਏ ਤੱਕ ਮਹਿੰਗੇ ਹੋ ਜਾਣਗੇ, ਜਦੋਂ ਕਿ ਐੱਸ.ਯੂ.ਵੀ. ਅਤੇ ਲਗਜ਼ਰੀ ਵਾਹਨਾਂ ਦੀ ਸ਼੍ਰੇਣੀ ਵਿਚ ਜੋ 25 ਲੱਖ ਰੁਪਏ ਤੋਂ ਉਪਰ ਹਨ, ਉਨ੍ਹਾਂ ’ਤੇ ਕੁੱਲ 13 ਫੀਸਦੀ ਟੈਕਸ ਲਗਾਇਆ ਗਿਆ ਹੈ।
ਦੋਪਹੀਆ ਵਾਹਨਾਂ ’ਤੇ ਲਗਾਇਆ ਜਾਵੇਗਾ ਇਹ ਨਵਾਂ ਰੋਡ ਟੈਕਸ (ਪ੍ਰਤੀਸ਼ਤ ਵਿਚ)
- 1 ਲੱਖ ਰੁਪਏ ਤੱਕ ਦੇ ਦੋਪਹੀਆ ਵਾਹਨਾਂ ’ਤੇ- 7.50%
- 1 ਤੋਂ 2 ਲੱਖ ਰੁਪਏ ਤੱਕ ਦੇ ਦੋਪਹੀਆ ਵਾਹਨਾਂ ’ਤੇ- 10%
- 2 ਲੱਖ ਰੁਪਏ ਤੋਂ ਵੱਧ ਦੇ ਦੋ ਪਹੀਆ ਵਾਹਨਾਂ ’ਤੇ- 11%
ਚਾਰ ਪਹੀਆ ਵਾਹਨਾਂ ’ਤੇ ਲਗਾਇਆ ਜਾਵੇਗਾ ਇਹ ਨਵਾਂ ਰੋਡ ਟੈਕਸ
-15 ਲੱਖ ਰੁਪਏ ਤੱਕ ਦੇ ਚਾਰ ਪਹੀਆ ਵਾਹਨਾਂ ’ਤੇ- 9.50%
-15 ਤੋਂ 25 ਲੱਖ ਰੁਪਏ ਦੇ ਵਾਹਨਾਂ ’ਤੇ- 12%
-25 ਲੱਖ ਰੁਪਏ ਤੋਂ ਵੱਧ ਦੇ ਲਗਜ਼ਰੀ ਵਾਹਨਾਂ ’ਤੇ- 13%
ਇਹ ਵੀ ਪੜ੍ਹੋ- ਸ਼ਗਨਾਂ ਵਾਲੇ ਦਿਨ ਹੋ ਗਈ ਵੱਡੀ ਵਾਰਦਾਤ, ਰੱਖੜੀ ਬੰਨ੍ਹਵਾਉਣ ਭੈਣ ਕੋਲ ਆਏ ਭਰਾ ਦਾ ਗੁਆਂਢੀਆਂ ਨੇ ਕਰ'ਤਾ ਕਤਲ
ਗ੍ਰੀਨ ਟੈਕਸ ਦੀ ਵੀ ਕੀਤੀ ਗਈ ਵਿਵਸਥਾ
ਰਾਜ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਪੁਰਾਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਦੇ ਰੀਨਿਊਲ ’ਤੇ ਗ੍ਰੀਨ ਟੈਕਸ ਲਾਗੂ ਕਰਨ ਦਾ ਐਲਾਨ ਕੀਤਾ ਹੈ। ਆਮ ਤੌਰ ’ਤੇ, ਨਿੱਜੀ ਵਾਹਨਾਂ ਦੀ ਰਜਿਸਟ੍ਰੇਸ਼ਨ 15 ਸਾਲਾਂ ਬਾਅਦ ਰੀਨਿਊ ਹੁੰਦੀ ਹੈ, ਜਦੋਂ ਕਿ ਵਪਾਰਕ ਵਾਹਨਾਂ ਦੀ ਰਜਿਸਟ੍ਰੇਸ਼ਨ ਵੱਖ-ਵੱਖ ਸਮੇਂ ਲਈ ਹੁੰਦੀ ਹੈ। ਇਹ ਨਿਯਮ 1 ਸਤੰਬਰ 2024 ਤੋਂ ਲਾਗੂ ਹੋਵੇਗਾ।
ਇਸ ਦੇ ਮੁਤਾਬਕ ਪੁਰਾਣੇ ਪੈਟਰੋਲ ਦੋਪਹੀਆ ਵਾਹਨ ਦੇ ਰੀਨਿਊਲ ’ਤੇ 500 ਰੁਪਏ ਦਾ ਗ੍ਰੀਨ ਟੈਕਸ ਅਦਾ ਕਰਨਾ ਹੋਵੇਗਾ, ਜਦਕਿ ਡੀਜ਼ਲ ਦੇ ਦੋਪਹੀਆ ਵਾਹਨ ’ਤੇ 1000 ਰੁਪਏ ਦਾ ਗ੍ਰੀਨ ਟੈਕਸ ਅਦਾ ਕਰਨਾ ਹੋਵੇਗਾ। ਇਸੇ ਤਰ੍ਹਾਂ 1500 ਸੀ.ਸੀ. ਇੰਜਣ ਵਾਲੇ ਚਾਰ ਪਹੀਆ ਪੈਟਰੋਲ ਵਾਹਨਾਂ ’ਤੇ 3,000 ਰੁਪਏ ਅਤੇ ਡੀਜ਼ਲ ਵਾਹਨਾਂ ’ਤੇ 4,000 ਰੁਪਏ ਦਾ ਗ੍ਰੀਨ ਟੈਕਸ ਅਦਾ ਕਰਨਾ ਹੋਵੇਗਾ। 1500 ਸੀ.ਸੀ. ਤੋਂ ਵੱਧ ਸਮਰੱਥਾ ਵਾਲੇ ਨਿੱਜੀ ਚਾਰ ਪਹੀਆ ਵਾਹਨਾਂ ’ਤੇ 4,000 ਰੁਪਏ ਦਾ ਗ੍ਰੀਨ ਟੈਕਸ ਅਦਾ ਕਰਨਾ ਹੋਵੇਗਾ, ਜਦਕਿ ਡੀਜ਼ਲ ਵਾਹਨਾਂ ’ਤੇ 6,000 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।
ਜਦੋਂ ਕਿ 8 ਸਾਲਾਂ ਬਾਅਦ ਵਪਾਰਕ ਵਾਹਨਾਂ ਦੇ ਨਵੀਨੀਕਰਨ ਸਮੇਂ ਮੋਟਰਸਾਈਕਲ ’ਤੇ 250 ਰੁਪਏ ਪ੍ਰਤੀ ਸਾਲ, ਤਿੰਨ ਪਹੀਆ ਵਾਹਨ ’ਤੇ 300 ਰੁਪਏ ਪ੍ਰਤੀ ਸਾਲ, ਮੋਟਰ ਕੈਬ ਅਤੇ ਮੈਕਸੀ ਕੈਬ ’ਤੇ 500 ਰੁਪਏ, ਐੱਲ.ਐੱਮ.ਵੀ. ’ਤੇ 1500 ਰੁਪਏ, ਐੱਮ.ਐੱਮ.ਵੀ. ’ਤੇ 2000 ਰੁਪਏ ਅਤੇ ਐੱਚ.ਐੱਮ.ਵੀ. ’ਤੇ 2500 ਰੁਪਏ ਹਰ ਸਾਲ ਗ੍ਰੀਨ ਟੈਕਸ ਵਜੋਂ ਅਦਾ ਕਰਨੇ ਹੋਣਗੇ।
ਇਹ ਵੀ ਪੜ੍ਹੋ- ਗੋਦਾਮ ਅਤੇ ਸਪੇਸ ਦੀ ਕਮੀ ਨਾਲ ਜੂਝ ਰਿਹਾ ਪੰਜਾਬ, ਝੋਨੇ ਦੀ ਅਲਾਟਮੈਂਟ 'ਚ ਸ਼ੈਲਰ ਮਾਲਕ ਨਹੀਂ ਦਿਖਾ ਰਹੇ ਦਿਲਚਸਪੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਯਾਤਰੀ ਕ੍ਰਿਪਾ ਕਰ ਕੇ ਧਿਆਨ ਦੇਣ, ਡੇਢ ਦਰਜਨ ਦੇ ਕਰੀਬ ਟਰੇਨਾਂ ਦੇ ਬਦਲਣ ਵਾਲੇ ਹਨ ਰੂਟ ਤੇ ਕਈ ਹੋਣਗੀਆਂ ਰੱਦ
NEXT STORY