ਨੰਗਲ (ਵੈੱਬ ਡੈਸਕ, ਚੋਵੇਸ਼ ਲਟਾਵਾ)- ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਨੰਗਲ ਦੇ ਗੁਰਦੁਆਰਾ ਵਿਭੋਰ ਸਾਹਿਬ ਵਿਚ ਉਨ੍ਹਾਂ ਦਾ ਆਨੰਦ ਕਾਰਜ ਕੀਤਾ ਗਿਆ ਹੈ। ਹਰਜੋਤ ਸਿੰਘ ਬੈਂਸ ਨੇ ਨੰਗਲ ਵਿਖੇ ਗੁਰਦੁਆਰਾ ਵਿਭੋਰ ਸਾਹਿਬ ਵਿਚ ਆਈ. ਪੀ. ਐੱਸ. ਜੋਤੀ ਯਾਦਵ ਨਾਲ ਲਾਵਾਂ ਲਈਆਂ ਹਨ।ਹਾਲਾਂਕਿ ਮੌਸਮ ਦੀ ਖ਼ਰਾਬੀ ਹੋਣ ਕਰਕੇ ਵਿਆਹ ਦੇ ਪ੍ਰੋਗਰਾਮ ਵਿਚ ਖਲਲ ਜ਼ਰੂਰ ਪਿਆ ਹੈ ਅਤੇ ਪ੍ਰੋਗਰਾਮ ਵਿਚ ਥੋੜ੍ਹੀ ਤਬਦੀਲੀ ਕੀਤੀ ਗਈ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੇ ਸਮਰਥਕਾਂ ਬਾਰੇ ਖੁੱਲ੍ਹੀ ਪੋਲ, ਬ੍ਰੇਨ ਵਾਸ਼ ਕਰਕੇ ਇੰਝ ਫੋਰਸ ਨਾਲ ਜੋੜਨ ਦਾ ਕਰ ਰਹੇ ਸਨ ਕੰਮ
ਆਨੰਦ ਕਾਰਜ ਦੇ ਪ੍ਰੋਗਰਾਮ ਸਵੇਰੇ 8 ਵਜੇ ਰੱਖਿਆ ਗਿਆ ਅਤੇ ਦੋਵੇਂ ਪਰਿਵਾਰਾਂ ਦੇ ਮੈਂਬਰ ਇਥੇ ਪਹੁੰਚੇ ਅਤੇ 10 ਵਜੇ ਦੇ ਕਰੀਬ ਉਨ੍ਹਾਂ ਨੇ ਆਈ. ਪੀ. ਐੱਸ. ਜੋਤੀ ਯਾਦਵ ਨਾਲ ਲਾਵਾਂ ਲਈਆਂ। ਇਸ ਮੌਕੇ ਡਾਕਟਰ ਜੋਤੀ ਯਾਦਵ ਦੀ ਮਾਤਾ ਸਰੋਜ ਪਿਤਾ ਰਾਕੇਸ਼ ਯਾਦਵ ਗੁਰੂਗ੍ਰਾਮ ਅਤੇ ਹਰਜੋਤ ਸਿੰਘ ਬੈਂਸ ਦੇ ਪਿਤਾ ਸੋਹਨ ਸਿੰਘ ਬੈਂਸ, ਮਾਤਾ ਬਲਵਿੰਦਰ ਕੌਰ ਬੈਂਸ ਅਤੇ ਦੋਵਾਂ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਅਨੰਦ ਕਾਰਜ ਸਮਾਗਮ ਵਿਚ ਹਿੱਸਾ ਲਿਆ। ਬੜੇ ਹੀ ਸਾਦੇ ਢੰਗ ਨਾਲ ਹੋਏ ਇਸ ਅਨੰਦ ਕਾਰਜ ਸਾਹਿਬ ਦੀਆਂ ਸਾਰੀਆਂ ਧਾਰਮਿਕ ਰਸਮਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਦੁਆਰਾ ਵਿਭੋਰ ਸਾਹਿਬ ਵਿਖੇ ਸੰਪੰਨ ਕੀਤੀਆਂ ਗਈਆਂ। ਇਹ ਉਹ ਰਮਣੀਕ ਅਸਥਾਨ ਹੈ ਜਿੱਥੇ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ ਆਪਣੇ ਮੁਖਾਰਬਿੰਦ ਤੋਂ ਚੋਪਈ ਸਾਹਿਬ ਦੀ ਬਾਣੀ ਦੀ ਰਚਨਾ ਕੀਤੀ ਸੀ। ਇਸ ਅਸਥਾਨ 'ਤੇ ਸਦਾ ਹੀ ਹਵਾ ਦੇ ਬੁੱਲੇ ਆਉਂਦੇ ਰਹਿੰਦੇ ਹਨ ਅਤੇ ਇਹ ਪਵਿੱਤਰ ਅਸਥਾਨ ਗੋਬਿੰਦ ਸਾਗਰ ਨੰਗਲ ਡੈਮ ਝੀਲ ਦੇ ਬਿੱਲਕੁੱਲ ਨਾਲ ਪੈਂਦਾ ਹੈ।
ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹਰਜੋਤ ਸਿੰਘ ਦੇ ਵਿਆਹ ਦੇ ਪ੍ਰੋਗਰਾਮ ਵਿਚ ਸ਼ਿਰਕਤ ਕਰਨਗੇ। ਸ਼ਾਮ ਨੂੰ ਹੋਣ ਵਾਲੀ ਵਿਆਹ ਦੀ ਪਾਰਟੀ ਦਾ ਪ੍ਰੋਗਰਾਮ ਵੀ ਨੰਗਲ ਵਿਚ ਹੀ ਰੱਖਿਆ ਗਿਆ ਹੈ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਮਹਿਮਾਨ ਸ਼ਿਰਕਤ ਕਰਨਗੇ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵਿਆਹ ਮੌਕੇ 'ਆਪ' ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਘਵ ਚੱਢਾ ਵੀ ਨੰਗਲ ਪਹੁੰਚੇ। ਵਿਆਹ ਦੇ ਪ੍ਰੋਗਰਾਮ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਵੀ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ : ਜਲੰਧਰ: ਕੈਗ ਦੇ ਆਡਿਟ 'ਚ ਸਾਹਮਣੇ ਆਏ ਹੈਰਾਨੀਜਨਕ ਤੱਥ, ਕਾਗਜ਼ਾਂ 'ਚ ਬਣਾਇਆ ਪਾਰਕ ਤੇ ਖੇਡ ਮੈਦਾਨ
ਦੱਸਣਯੋਗ ਹੈ ਕਿ ਪੰਜਾਬ ਕੇਡਰ ਦੀ ਆਈ. ਪੀ. ਐੱਸ. ਡਾ. ਜੋਤੀ ਯਾਦਵ ਮੌਜੂਦਾ ਸਮੇਂ ਵਿੱਚ ਮਾਨਸਾ ਜ਼ਿਲ੍ਹੇ ਵਿਚ ਸਥਿਤ ਪੁਲਸ ਹੈੱਡਕੁਆਰਟਰ ਵਿਚ ਐੱਸ. ਪੀ. ਵਜੋਂ ਤਾਇਨਾਤ ਹਨ। ਜੋਤੀ ਯਾਦਵ ਦਾ ਪਰਿਵਾਰ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਰਹਿੰਦਾ ਹੈ। ਪੰਜਾਬ ਕੇਡਰ ਦੀ ਅਧਿਕਾਰੀ ਜੋਤੀ ਯਾਦਵ ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਦੇ ਅਹੁਦੇ ‘ਤੇ ਰਹਿ ਚੁੱਕੇ ਹਨ। ਸ੍ਰੀ ਅਨੰਦਪੁਰ ਸਾਹਿਬ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਆਪਣਾ ਹਲਕਾ ਹੈ ਅਤੇ ਗੁਰੂ ਨਗਰੀ 'ਚ ਹੀ ਉਹ ਆਪਣੇ ਵਿਆਹੁਤਾ ਜੀਵਨ ਦੀ ਸ਼ੁਰੂਆਤ ਕਰ ਰਹੇ ਹਨ। ਕਾਬਿਲੇਗੌਰ ਹੈ ਕਿ ਹਰਜੋਤ ਸਿੰਘ ਬੈਂਸ ਪੰਜਾਬ ਦੇ ਸਿੱਖਿਆ ਮੰਤਰੀ ਹਨ। ਇਸ ਤੋਂ ਪਹਿਲਾਂ ਉਹ ਪੰਜਾਬ ਜੇਲ੍ਹ ਮੰਤਰੀ ਸਨ।
ਦੱਸ ਦਈਏ ਕਿ ਇਸ ਮੌਕੇ ਜਿੱਥੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਕੈਬਨਿਟ ਵਿੱਚੋਂ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਹਾਜ਼ਰ ਸਨ, ਉਥੇ ਹੀ ਉਨ੍ਹਾਂ ਦੇ ਨਾਲ ਹੋਰ ਕਈ ਵਿਧਾਇਕ ਵੀ ਹਾਜ਼ਰ ਸਨ। ਇਸ ਦੇ ਨਾਲ ਹੀ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਅਤੇ ਸਾਕ ਸਬੰਧੀ ਗੁਰਦੁਆਰਾ ਵਿਭੋਰ ਸਾਹਿਬ ਵਿੱਚ ਹਾਜ਼ਰ ਰਹੇ। ਇਸ ਮੌਕੇ ਪ੍ਰਸ਼ਾਸਨ ਦੇ ਕੁਝ ਆਲਾ ਅਧਿਕਾਰੀ ਵੀ ਹਾਜ਼ਰ ਰਹੇ ਸਨ।
32 ਸਾਲਾ ਹਰਜੋਤ ਬੈਂਸ ਜੋਕਿ ਪੇਸ਼ੇ ਤੋਂ ਵਕੀਲ ਹਨ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਹਲਕੇ ਦਾ ਵਿਧਾਇਕ ਹਨ। ਬੈਂਸ ਨੇ ‘ਆਪ' ਪੰਜਾਬ ਦੇ ਯੂਥ ਵਿੰਗ ਦੀ ਕਮਾਨ ਸੰਭਾਲੀ ਸੀ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬੀ. ਏ. ਐੱਲ. ਐੱਲ. ਬੀ. (ਆਨਰਜ) ਕੀਤੀ। ਹਰਜੋਤ ਬੈਂਸ ਨੇ ਲੰਡਨ ਸਕੂਲ ਆਫ਼ ਇਕਨਾਮਿਕਸ ਤੋਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨ ਵਿੱਚ ਇਕ ਸਰਟੀਫਿਕੇਟ ਵੀ ਲਿਆ। ਹਰਜੋਤ ਬੈਂਸ ਨੇ 2017 ਵਿੱਚ ਆਪਣੀ ਪਹਿਲੀ ਵਿਧਾਨ ਸਭਾ ਚੋਣ ਲੁਧਿਆਣਾ ਦੇ ਸਾਹਨੇਵਾਲ ਹਲਕੇ ਤੋਂ ਲੜੀ ਸੀ।
ਫਰਵਰੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਰਜੋਤ ਬੈਂਸ ਨੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਤੇ ਆਮ ਆਦਮੀ ਪਾਰਟੀ ਆਨੰਦਪੁਰ ਸਾਹਿਬ ਤੋਂ ਤਤਕਾਲੀ ਵਿਧਾਨ ਸਭਾ ਸਪੀਕਰ ਨੂੰ 45,745 ਵੋਟਾਂ ਨਾਲ ਨਵਾਂ ਇਤਿਹਾਸ ਸਿਰਜ ਕੇ ਹਰਾ ਕੇ ਚੋਣ ਜਿੱਤੀ ਸੀ। ਇਥੇ ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਬੈਂਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ‘ਚ ਜੇਲ੍ਹ ਅਤੇ ਮਾਈਨ ਮੰਤਰੀ ਵਜੋਂ ਸਾਸ਼ਲ ਕੀਤਾ ਗਿਆ ਸੀ ਪਰ ਬਾਅਦ ਵਿੱਚ ਉਨ੍ਹਾਂ ਨੂੰ ਸਕੂਲੀ ਸਿੱਖਿਆ ਦੇ ਨਾਲ-ਨਾਲ ਉੱਚ ਸਿੱਖਿਆ ਦਾ ਵਿਭਾਗ ਵੀ ਦੇ ਦਿੱਤਾ ਗਿਆ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਨੂੰ ਪਾਕਿ ਲਿਜਾਣ ਦੀ ਕੋਸ਼ਿਸ਼ 'ਚ ISI, ਰਿੰਦਾ, ਖੰਡਾ ਅਤੇ ਪੰਮਾ ਹੋਏ ਐਕਟਿਵ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਆਈ. ਜੀ. ਇੰਟੈਲੀਜੈਂਸ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਬੰਦ ਕਮਰਾ ਮੀਟਿੰਗ
NEXT STORY