ਮੋਗਾ (ਅਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਰਾਜੇਆਣਾ ਨਿਵਾਸੀ ਮਨਵੀਰ ਸਿੰਘ ਨੂੰ ਇਮੀਗ੍ਰੇਸ਼ਨ ਸੰਚਾਲਕਾਂ ਵੱਲੋਂ ਪਰਿਵਾਰ ਸਮੇਤ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 25 ਲੱਖ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਮਨਵੀਰ ਸਿੰਘ ਨੇ ਕਿਹਾ ਕਿ ਉਹ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ, ਉਸਨੇ ਆਪਣੀ ਪਤਨੀ ਨੂੰ ਐਜੂਕੇਸ਼ਨ ਬੇਸ ’ਤੇ ਬਾਹਰ ਭੇਜਣ ਲਈ ਫਾਈਲ ਲਗਾਈ ਸੀ, ਜਿਸ ਦਾ ਪਤਾ ਕਥਿਤ ਦੋਸ਼ੀ ਅਮਨਦੀਪ ਸਿੰਘ ਮੈਸਰਜ਼ ਫਰੈਂਡਜ਼ ਇੰਟਰਪ੍ਰਾਈਜ਼ਜ਼ ਮੇਨ ਜੀ.ਟੀ ਰੋਡ ਸਮਾਲਸਰ ਜੋ ਇਮੀਗ੍ਰੇਸ਼ਨ ਦਾ ਕੰਮ ਕਰਨ ਦੇ ਨਾਲ ਵਿਦੇਸ਼ ਭੇਜਣ ਦਾ ਵੀ ਧੰਦਾ ਕਰਦੇ ਹਨ ਨੂੰ ਪਤਾ ਲੱਗਾ ਤਾਂ ਉਨ੍ਹਾਂ ਮੇਰੇ ਨਾਲ ਮਈ 2021 ਵਿਚ ਸੰਪਰਕ ਕੀਤਾ ਅਤੇ ਕਿਹਾ ਕਿ ਉਹ ਤੁਹਾਨੂੰ ਪਰਿਵਾਰ ਸਮੇਤ ਕੈਨੇਡਾ ਭੇਜ ਦੇਣਗੇ, ਜਿਸ ’ਤੇ 30 ਲੱਖ ਰੁਪਏ ਖਰਚਾ ਆਵੇਗਾ।
ਪਿੰਡ ਦੇ ਵਿਅਕਤੀ ਹੋਣ ਕਾਰਣ ਮੈਂ ਉਨ੍ਹਾਂ ’ਤੇ ਯਕੀਨ ਕਰ ਲਿਆ ਅਤੇ ਉਨ੍ਹਾਂ ਮੇਰੇ ਕੋਲੋਂ ਮੇਰਾ ਪਾਸਪੋਰਟ ਅਤੇ ਸਾਰੇ ਦਸਤਾਵੇਜ਼ ਲੈ ਲਏ ਅਤੇ ਮੈਂ ਉਨ੍ਹਾਂ ਨੂੰ ਨਗਦੀ ਅਤੇ ਵੱਖ-ਵੱਖ ਬੈਂਕ ਖਾਤਿਆਂ ਰਾਹੀਂ 25 ਲੱਖ ਰੁਪਏ ਦੇ ਦਿੱਤੇ ਪਰ ਬਾਅਦ ’ਚ ਉਹ ਟਾਲ ਮਟੋਲ ਕਰਨ ਲੱਗੇ, ਜਿਸ ’ਤੇ ਮੈਨੂੰ ਸ਼ੱਕ ਹੋਇਆ ਅਤੇ ਪਤਾ ਲੱਗਾ ਕਿ ਪਹਿਲਾਂ ਵੀ ਇਨ੍ਹਾਂ ਕਈ ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ ਅਤੇ ਮੈਂ ਪੈਸਿਆਂ ਦੀ ਮੰਗ ਕੀਤੀ ਤਾਂ ਇਨ੍ਹਾਂ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਮੇਰੇ ਨਾਲ 25 ਲੱਖ ਦੀ ਠੱਗੀ ਮਾਰੀ ਹੈ। ਜ਼ਿਲ੍ਹਾ ਪੁਲਸ ਮੁਖੀ ਮੋਗਾ ਦੇ ਆਦੇਸ਼ਾਂ ’ਤੇ ਇਸ ਦੀ ਜਾਂਚ ਡੀ.ਐੱਸ.ਪੀ. ਐੱਸ. ਵੱਲੋਂ ਕਰਨ ਤੋਂ ਬਾਅਦ ਕਾਨੂੰਨੀ ਰਾਏ ਹਾਸਲ ਕਰਕੇ ਕਥਿਤ ਦੋਸ਼ੀਆਂ ਅਮਨਦੀਪ ਸਿੰਘ, ਉਸਦੇ ਭਰਾ ਰਿੰਕੂ, ਰਾਮ ਕੁਮਾਰ, ਅਮਰਜੀਤ ਕੌਰ, ਗੀਤਾ ਰਾਣੀ, ਰੋਸ਼ਨੀ ਰਾਣੀ ਸਾਰੇ ਨਿਵਾਸੀ ਪਿੰਡ ਰਾਜੇਆਣਾ ਜੋ ਫਰੈਂਡ ਇੰਟਰਪ੍ਰਾਈਜ਼ਜ਼ ਫਰਮ ਦੇ ’ਚ ਹਿੱਸੇਦਾਰ ਦੱਸੇ ਜਾਂਦੇ ਹਨ ਖਿਲਾਫ਼ ਧੋਖਾਦੇਹੀ ਅਤੇ ਮਿਲੀਭੁਗਤ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਕਰ ਰਹੇ ਹਾਂ, ਜਲਦੀ ਹੀ ਉਨ੍ਹਾਂ ਦੇ ਕਾਬੂ ਆ ਜਾਣ ਦੀ ਸੰਭਾਵਨਾ ਹੈ। ਪਹਿਲਾਂ ਵੀ ਕਥਿਤ ਦੋਸ਼ੀਆਂ ਵੱਲੋਂ ਮਿਲੀਭੁਗਤ ਕਰ ਕੇ ਪਿੰਡ ਦੇ ਹੀ ਇਕ ਵਿਅਕਤੀ ਨੂੰ ਪਰਿਵਾਰ ਸਣੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 1 ਕਰੋੜ ਤੋਂ ਵੱਧ ਠੱਗੇ ਜਾਣ ਉਪਰੰਤ ਮਾਮਲਾ ਦਰਜ ਹੋ ਚੁੱਕਾ ਹੈ।
ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ ’ਤੇ ਕੀਤਾ ਹਮਲਾ, ਹਵਾਈ ਫਾਇਰ ਕਰ ਹੋਏ ਫ਼ਰਾਰ
NEXT STORY