ਨਿਊਯਾਰਕ/ ਵੈਨਕੂਵਰ (ਰਾਜ ਗੋਗਨਾ )— ਨਵਾਂ ਸਾਲ ਚੜ੍ਹਨ 'ਚ ਕੁੱਝ ਹੀ ਘੰਟੇ ਬਚੇ ਹਨ ਪਰ ਇਸ ਦੌਰਾਨ ਵਿਦੇਸ਼ ਤੋਂ ਇਕ ਹੋਰ ਬੁਰੀ ਖਬਰ ਆਈ ਹੈ। ਕੈਨੇਡਾ 'ਚ ਬੀਤੇ ਦਿਨ ਤੜਕਸਾਰ 3:30 ਵਜੇ ਵੈਨਕੂਵਰ ਦੇ ਫ਼ਸਟ ਅਵੈਨਿਊ ਅਤੇ ਰੈਨਫਰਿਊ ਸਟਰੀਟ ਨੇੜੇ ਪੰਜਾਬੀ ਨੌਜਵਾਨ ਦੀ ਟੈਕਸੀ ਅਤੇ ਇਕ ਸਮਾਰਟ ਕਾਰ ਵਿਚਕਾਰ ਟੱਕਰ ਹੋ ਗਈ। ਇਸ ਕਾਰਨ 28 ਸਾਲਾ ਪੰਜਾਬੀ ਟੈਕਸੀ ਡਰਾਈਵਰ ਦੀ ਮੌਤ ਹੋ ਗਈ। ਉਸ ਦੀ ਪਛਾਣ ਸਨੇਹਪਾਲ ਸਿੰਘ ਰੰਧਾਵਾ ਵਜੋਂ ਹੋਈ ਜੋ ਆਪਣੀ ਸ਼ਿਫਟ ਖਤਮ ਹੀ ਕਰਨ ਵਾਲਾ ਸੀ ਕਿ ਇਹ ਹਾਦਸਾ ਵਾਪਰ ਗਿਆ।
ਜਾਣਕਾਰੀ ਮੁਤਾਬਕ ਮ੍ਰਿਤਕ ਪੰਜਾਬ ਦੇ ਧੂਰੀ ਇਲਾਕੇ ਨਾਲ ਸਬੰਧਤ ਸੀ। ਮ੍ਰਿਤਕ ਸਨੇਹਪਾਲ ਸਿੰਘ ਰੰਧਾਵਾ ਸਟੂਡੈਂਟ ਵੀਜ਼ੇ 'ਤੇ ਕੁਝ ਸਾਲ ਪਹਿਲਾਂ ਹੀ ਕੈਨੇਡਾ ਆਇਆ ਸੀ । ਕੁਝ ਸਮਾਂ ਪਹਿਲਾਂ ਹੀ ਉਹ ਪੱਕਾ ਹੋਇਆ ਸੀ ਤੇ ਪੰਜਾਬ ਵਿਆਹ ਕਰਵਾ ਕੇ ਆਇਆ ਸੀ। ਉਸ ਦੇ ਦੋਸਤਾਂ ਨੇ ਦੱਸਿਆ ਕਿ ਉਹ ਡਲਿਵਰੀ ਟਰੱਕ ਅਤੇ ਨਾਲ ਹੀ ਦੋ ਦਿਨ ਟੈਕਸੀ ਚਲਾਉਂਦਾ ਸੀ। ਉਹ ਬਹੁਤ ਮਿਹਨਤ ਕਰ ਰਿਹਾ ਸੀ। ਪੁਲਸ ਮੁਤਾਬਕ ਦੂਜੇ ਵਾਹਨ ਭਾਵ ਸਮਾਰਟ ਕਾਰ ਦਾ ਨੌਜਵਾਨ ਡਰਾਈਵਰ ਸ਼ਰਾਬੀ ਸੀ, ਜੋ ਪਿੱਛੇ ਲੱਗੇ ਨਾਕੇ ਤੋਂ ਵੀ ਗੱਡੀ ਭਜਾ ਕੇ ਲਿਆਇਆ। ਉਸ ਨੇ ਲਾਲ ਬੱਤੀ ਦੀ ਵੀ ਉਲੰਘਣਾ ਕੀਤੀ ਤੇ ਸਨੇਹਪਾਲ ਦੀ ਟੈਕਸੀ 'ਚ ਜਾ ਵੱਜਾ। ਉਸ ਨੂੰ ਗੰਭੀਰ ਜ਼ਖਮੀ ਹਾਲਤ 'ਚ ਹਸਪਤਾਲ ਪਹੁੰਚਾਇਆ ਗਿਆ ਹੈ ਜਦਕਿ ਟੈਕਸੀ ਵਿਚਲੇ ਦੋ ਸਵਾਰਾਂ ਦੇ ਵੀ ਸੱਟਾਂ ਲੱਗੀਆਂ , ਜਿਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਬਿਨਾ ਕਸੂਰੋਂ ਸਨੇਹਪਾਲ ਰੰਧਾਵਾ ਦੀ ਜਾਨ ਚਲੇ ਜਾਣ ਕਾਰਨ ਸਥਾਨਕ ਪੰਜਾਬੀ ਮੂਲ ਦੇ ਟੈਕਸੀ ਡਰਾਈਵਰ ਬੇਹੱਦ ਸਦਮੇ 'ਚ ਹਨ। ਜ਼ਿਕਰਯੋਗ ਹੈ ਕਿ ਇਸ ਸਾਲ ਕੈਨੇਡਾ 'ਚ ਵਾਪਰੇ ਹਾਦਸਿਆਂ 'ਚ ਕਈ ਪੰਜਾਬੀ ਨੌਜਵਾਨਾਂ ਦੀ ਮੌਤ ਹੋਈ ਹੈ।
ਠੰਡ 'ਤੇ ਭਾਰੀ ਪਈ ਸ਼ਰਧਾ ਦੀ ਆਸਥਾ, ਵਧੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ
NEXT STORY