ਡਕਾਲਾ (ਨਰਿੰਦਰ)-ਹਲਕਾ ਸਨੌਰ ਦੇ ਪਿੰਡ ਸੁਨਿਆਰਹੇੜੀ ਵਿਖੇ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਪਿੰਡ ਦੀ ਪੰਚਾਇਤੀ ਜ਼ਮੀਨ ਅਤੇ ਨਹਿਰੀ ਵਿਭਾਗ ਦੀ ਜ਼ਮੀਨ ਦੀ ਪਟੜੀ 'ਤੇ ਨਾਜਾਇਜ਼ ਕਬਜ਼ਾ ਕਰਨ ਦੇ ਦੋਸ਼ ਲਾਏ ਹਨ। ਸ਼ਿਕਾਇਤਕਰਤਾ ਜਸਪਾਲ ਸਿੰਘ ਨਿਵਾਸੀ ਸੁਨਿਆਰਹੇੜੀ ਨੇ ਇਨਾਂ ਕਬਜ਼ਿਆਂ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਡੀ. ਸੀ. ਪਟਿਆਲਾ ਤੇ ਤਹਿਸੀਲਦਾਰ ਨੂੰ ਆਪਣੀ ਲਿਖਤੀ ਸ਼ਿਕਾਇਤ ਦਿੱਤੀ ਹੈ। ਜਾਣਕਾਰੀ ਦਿੰਦਿਆਂ ਸ਼ਿਕਾਇਤਕਰਤਾ ਜਸਪਾਲ ਸਿੰਘ ਪੁੱਤਰ ਉਜਾਗਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਕੁੱਝ ਵਿਅਕਤੀਆਂ ਵੱਲੋਂ ਪਿਛਲੇ ਲਗਭਗ 10 ਸਾਲਾਂ ਤੋਂ ਨਹਿਰੀ ਵਿਭਾਗ ਦੀ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ ਹੈ। ਇਨ੍ਹਾਂ ਨੇ ਨਹਿਰ ਦੀ ਪਟੜੀ 'ਤੇ ਕਬਜ਼ਾ ਕਰ ਕੇ ਡੰਗਰਾਂ ਲਈ ਸ਼ੈੱਡ ਪਾਏ ਹੋਏ ਹਨ। ਨਾਲ ਹੀ ਗੁਹੀਰੇ ਆਦਿ ਨਾਲ ਵੀ ਕਬਜ਼ੇ ਕੀਤੇ ਹੋਏ ਹਨ। ਇਨ੍ਹਾਂ ਨਾਜਾਇਜ਼ ਕਬਜ਼ਿਆਂ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਕਈ ਲੋਕਾਂ ਵੱਲੋਂ ਪੰਚਾਇਤੀ ਜ਼ਮੀਨ ਦੀ ਮਿੱਟੀ ਪੁੱਟ ਕੇ ਆਪਣੇ ਘਰਾਂ ਵਿਚ ਭਰਤ ਪਾਈ ਗਈ ਹੈ। ਜੇਕਰ ਸਰਪੰਚ ਇਨ੍ਹਾਂ ਨੂੰ ਰੋਕਦਾ ਹੈ ਤਾਂ ਇਹ ਆਪਣੇ ਰਾਜਨੀਤਕ ਪਹੁੰਚ ਦਾ ਰੋਹਬ ਦਿਖਾਉਂਦੇ ਹਨ।
ਜਸਪਾਲ ਸਿੰਘ ਨੇ ਦੱਸਿਆ ਕਿ ਉਹ ਇਨ੍ਹਾਂ ਨਾਜਾਇਜ਼ ਕਬਜ਼ਾਧਾਰੀਆਂ ਖਿਲਾਫ ਮੁੱਖ ਮੰਤਰੀ ਪੰਜਾਬ, ਮੁੱਖ ਇੰਜੀਨੀਅਰ ਨਹਿਰੀ ਵਿਭਾਗ ਪਟਿਆਲਾ, ਡਿਪਟੀ ਕਮਿਸ਼ਨਰ ਤੇ ਤਹਿਸੀਲਦਾਰ ਨੂੰ ਲਿਖਤੀ ਸ਼ਿਕਾਇਤ ਭੇਜ ਚੁੱਕੇ ਹਨ।
ਸ਼ਿਕਾਇਤਕਰਤਾ ਸਮੇਤ ਹੋਰਨਾਂ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਪਿੰਡ ਸੁਨਿਆਰਹੇੜੀ ਤੋਂ ਨਾਜਾਇਜ਼ ਕਬਜ਼ੇ ਹਟਾਏ ਕੇ ਕਬਜ਼ਾਧਾਰਕਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਤਹਿਸੀਲਦਾਰ ਸੁਭਾਸ਼ ਭਾਰਦਵਾਜ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਜੇਕਰ ਨਾਜਾਇਜ਼ ਕਬਜ਼ਾ ਸਾਬਤ ਹੁੰਦਾ ਹੈ ਤਾਂ ਸਬੰਧਤ ਵਿਭਾਗ ਦੀ ਟੀਮ ਕਾਰਵਾਈ ਕਰੇਗੀ। ਮੁੱਖ ਇੰਜੀਨੀਅਰ ਨਹਿਰੀ ਵਿਭਾਗ ਨੇ ਕਿਹਾ ਕਿ ਸ਼ਿਕਾਇਤ ਦੀ ਕਾਪੀ ਈ-ਮੇਲ ਕਰ ਦੇਵੋ, ਅਸੀਂ ਤੁਰੰਤ ਇਸ ਦੀ ਜਾਂਚ ਕਰਵਾ ਕੇ ਕਾਰਵਾਈ ਕਰਾਂਗੇ।
ਕੈਨੇਡਾ ਭੇਜਣ ਦੇ ਨਾਮ 'ਤੇ ਐਨ.ਆਰ.ਆਈ ਨਾਲ ਪੰਜ ਲੱਖ ਦੀ ਠੱਗੀ
NEXT STORY