ਮੰਡੀ ਲੱਖੇਵਾਲੀ, (ਸੁਖਪਾਲ)- ਇਸ ਵੇਲੇ ਕਿਸਾਨਾਂ ਨੂੰ ਕਣਕਾਂ ਦੀ ਫਸਲ ਨੂੰ ਪਾਣੀ ਲਾਉਣ ਦੀ ਬਹੁਤ ਜ਼ਿਆਦਾ ਲੋੜ ਹੈ ਪਰ ਨਹਿਰੀ ਮਹਿਕਮੇ ਨੇ ਇਸ ਖੇਤਰ ਦੇ ਰਜਬਾਹਿਆਂ ਵਿਚ ਪਾਣੀ ਦੀ ਬੰਦੀ ਕਰ ਦਿੱਤੀ ਹੈ, ਜਿਸ ਕਰ ਕੇ ਕਿਸਾਨ ਵਰਗ ਪ੍ਰੇਸ਼ਾਨ ਹੋ ਰਿਹਾ ਹੈ।
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਗਰੁੱਪ ਦੇ ਬਲਾਕ ਪ੍ਰਧਾਨ ਬੇਅੰਤ ਸਿੰਘ ਬੱਲਮਗੜ੍ਹ, ਕਿਸਾਨ ਦਿਲਬੀਰ ਸਿੰਘ ਉਰਫ਼ ਡੀ. ਸੀ. ਬੱਲਮਗੜ੍ਹ, ਪਿੰਡ ਰਾਮਗੜ੍ਹ ਚੂੰਘਾਂ ਦੇ ਸਰਪੰਚ ਭੁਪਿੰਦਰ ਸਿੰਘ, ਪਿੰਡ ਮੌੜ ਦੇ ਸਰਪੰਚ ਸਰਵਨ ਸਿੰਘ, ਭਾਗਸਰ ਦੇ ਕਿਸਾਨ ਜੱਗਾ ਸਿੰਘ, ਮਦਰੱਸਾ ਦੇ ਕਿਸਾਨ ਨਿਸ਼ਾਨ ਸਿੰਘ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਰਜਬਾਹਾ ਜੋ ਪਿੰਡ ਵਧਾਈ, ਅਕਾਲਗੜ੍ਹ, ਬੱਲਮਗੜ੍ਹ, ਰਾਮਗੜ੍ਹ ਚੂੰਘਾਂ, ਕੌੜਿਆਂਵਾਲੀ, ਰਹੂੜਿਆਂਵਾਲੀ , ਭਾਗਸਰ ਅਤੇ ਮਦਰੱਸਾ ਆਦਿ ਪਿੰਡ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਨਹਿਰੀ ਪਾਣੀ ਦਿੰਦਾ ਹੈ, ਪਿਛਲੇ ਕਰੀਬ ਇਕ ਮਹੀਨੇ ਤੋਂ ਸਬੰਧਤ ਮਹਿਕਮੇ ਨੇ ਇਹ ਕਹਿ ਕੇ ਬੰਦ ਕੀਤਾ ਹੋਇਆ ਹੈ ਕਿ ਉਕਤ ਰਜਬਾਹੇ ਦੀ ਸਫ਼ਾਈ ਕੀਤੀ ਜਾਣੀ ਹੈ ਪਰ ਪੂਰਾ ਮਹੀਨਾ ਬੀਤ ਗਿਆ। ਨਾ ਤਾਂ ਰਜਬਾਹੇ ਦੀ ਸਫ਼ਾਈ ਕੀਤੀ ਗਈ ਅਤੇ ਨਾ ਹੀ ਉਸ ਵਿਚ ਪਾਣੀ ਛੱਡਿਆ ਹੈ, ਜਿਸ ਕਰ ਕੇ ਕਿਸਾਨ ਕਣਕਾਂ ਨੂੰ ਪਾਣੀ ਲਾਉਣ ਤੋਂ ਔਖੇ ਹੋਏ ਪਏ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਧਰਤੀ ਹੇਠਲਾਂ ਪਾਣੀ ਖਰਾਬ ਹੋਣ ਕਰ ਕੇ ਇਸ ਖੇਤਰ 'ਚ ਟਿਊਬਵੈੱਲ ਵੀ ਨਹੀਂ ਲੱਗੇ। ਉਨ੍ਹਾਂ ਕਿਹਾ ਕਿ ਨਹਿਰੀ ਮਹਿਕਮੇ ਨੂੰ ਕਿਸਾਨਾਂ ਦੀ ਇਸ ਸਮੱਸਿਆ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ।
ਦੂਜੇ ਪਾਸੇ ਪਿੰਡ ਝੀਂਡਵਾਲਾ ਤੋਂ ਨਿਕਲਦਾ ਭਾਗਸਰ ਰਜਬਾਹਾ ਵੀ ਮਹਿਕਮੇ ਨੇ ਪਿਛਲੇ ਕੁਝ ਦਿਨਾਂ ਤੋਂ ਬੰਦ ਕਰ ਦਿੱਤਾ ਹੈ ਅਤੇ ਇਸ ਪਾਸੇ ਵੀ ਕਿਸਾਨਾਂ ਦਾ ਉਹੀ ਹਾਲ ਹੈ। ਲੱਖੇਵਾਲੀ ਦੇ ਕਿਸਾਨ ਸ਼ੇਰਬਾਜ ਸਿੰਘ ਨੇ ਕਿਹਾ ਕਿ ਨਹਿਰੀ ਮਹਿਕਮੇ ਨੂੰ ਪਾਣੀ ਦੀ ਬੰਦੀ ਰਜਬਾਹਿਆਂ ਵਿਚ ਉਦੋਂ ਕਰਨੀ ਚਾਹੀਦੀ ਹੈ, ਜਦੋਂ ਫ਼ਸਲਾਂ ਲਈ ਪਾਣੀ ਦੀ ਲੋੜ ਨਾ ਹੋਵੇ ਪਰ ਇੱਥੇ ਇਹ ਮਹਿਕਮਾ ਕਿਸਾਨਾਂ ਨੂੰ ਬਿਨਾਂ ਸੂਚਿਤ ਕੀਤੇ ਹੀ ਪਾਣੀ ਦੀ ਬੰਦੀ ਕਰ ਦਿੰਦਾ ਹੈ।
ਉਕਤ ਰਜਬਾਹਿਆਂ ਵਿਚ ਪਾਣੀ ਦੀ ਬੰਦੀ ਹੋਣ ਨਾਲ ਲੋਕ ਪੀਣ ਵਾਲੇ ਪਾਣੀ ਤੋਂ ਵੀ ਔਖੇ ਹੋ ਜਾਂਦੇ ਹਨ ਕਿਉਂਕਿ ਇਨ੍ਹਾਂ ਰਜਬਾਹਿਆਂ ਦਾ ਪਾਣੀ ਹੀ ਪਿੰਡਾਂ ਦੇ ਜਲਘਰਾਂ ਦੀਆਂ ਡਿੱਗੀਆਂ ਵਿਚ ਪੈਂਦਾ ਹੈ।
ਫਿਰੋਜ਼ਪੁਰ : ਟਰੱਕ ਹੇਠਾਂ ਆਉਣ ਨਾਲ ਗਰਭਵਤੀ ਔਰਤ ਦੀ ਦਰਦਨਾਕ ਮੌਤ
NEXT STORY