ਬਾਘਾ ਪੁਰਾਣਾ (ਚਟਾਨੀ) : ਇਸ ਵਾਰ ਤਿੱਖੇ ਮੁਕਾਬਲਿਆਂ ਵਿਚੋਂ ਸਿਆਸੀ ਬੇੜੀ ਨੂੰ ਪਾਰ ਲਾਉਣ ਲਈ ਮੂਹਰਲੀਆਂ ਕਤਾਰਾਂ ਵਾਲੀਆਂ ਪਾਰਟੀਆਂ ਦੇ ਉਮੀਦਵਾਰਾਂ ਨੇ ਹਰ ਢੰਗ-ਤਰੀਕਾ ਵਰਤਣ ’ਚ ਭਾਵੇਂ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਉਨ੍ਹਾਂ ਦੇ ਮਨਾਂ ’ਚ ਅਜੇ ਵੀ ਡੂੰਘੇ ਤੌਖਲੇ ਦਿਖਾਈ ਦੇ ਰਹੇ ਹਨ। ਬੂਥ ਹੀ ਨਹੀਂ ਸਗੋਂ ਗਲੀ ਪੱਧਰ ਤੱਕ ਦੇ ਵੋਟਰਾਂ ਦੀ ਨਬਜ਼ ਟਟੋਲਣ ਤੋਂ ਬਾਅਦ ਵੀ ਸਾਫ ਸਥਿਤੀ ਜ਼ਾਹਰ ਹੁੰਦੀ ਨਾ ਵੇਖਦਿਆਂ ਉਮੀਦਵਾਰਾਂ ਅਤੇ ਸਮਰਥਕਾਂ ਵਿਚ ਬੇਚੈਨੀ ਦਾ ਪਸਾਰਾ ਵਧਦਾ ਜਾ ਰਿਹਾ ਹੈ।
‘ਲਾਲਪਰੀ’ ਦੇ ਦਰਿਆ ਵਹਾਉਣ ਅਤੇ ‘ਗਾਂਧੀ ਦੀ ਤਸਵੀਰ ਵਾਲੇ ਹਰੇ ਅਤੇ ਗੁਲਾਬੀ ਰੰਗ ਦੇ ਅਨਮੋਲ ਕਾਗਜ਼ਾਂ’ ਦੇ ਬਾਵਜੂਦ ਵੀ ਇਸ ਵਾਰ ਵੋਟਰਾਂ ਦਾ ਅੰਦਰਖਾਤੇ ਕਿਸੇ ਹੋਰ ਪਾਸੇ ਭੁਗਤ ਜਾਣਾ ਉਮੀਦਵਾਰਾਂ ਦਾ ‘ਦਿਨ ਦਾ ਚੈਨ’ ਅਤੇ ‘ਰਾਤਾਂ ਦੀ ਨੀਂਦ’ ਉਡਾ ਰਿਹਾ ਹੈ, ਪਰ ਪਤਾ ਲੱਗਾ ਹੈ ਕਿ ਉਮੀਦਵਾਰਾਂ ਦੇ ਜਿਹੜੇ ਸਹਾਇਕਾਂ ਜਾਂ ਸੇਵਾਦਾਰਾਂ ਨੇ ਲਾਲ ਪਰੀ ਜਾਂ ਗਾਂਧੀ ਵਾਲੇ ਅਨਮੋਲ ਕਾਗਜ਼ ਵੰਡਣ ਦੀਆਂ ਸੇਵਾਵਾਂ ਨਿਭਾਈਆਂ ਸਨ, ਉਹ ਵੀ ਹੁਣ ਆਪੋ-ਆਪਣੇ ਖੇਤਰਾਂ ਵਿੱਚੋਂ ਕਨਸੋਆਂ ਲੈ ਰਹੇ ਹਨ ਕਿ ਜਿਹੜੇ ਵੋਟਰਾਂ ਨੇ ਪਿਛਲੇ ਦਰਵਾਜ਼ਿਓਂ ਭੇਟਾ ਲਈ ਸੀ, ਉਨ੍ਹਾਂ ਨੇ ਭੇਟਾ ਦਾ ਮੁੱਲ ਮੋੜਿਆ ਵੀ ਹੈ ਜਾਂ ਨਹੀਂ?
ਅਜਿਹੇ ਤੌਖਲੇ ਇਸੇ ਕਰ ਕੇ ਹੀ ਉਮੀਦਵਾਰਾਂ ਦੀ ਨੀਂਦ ਹਰਾਮ ਕਰ ਰਹੇ ਹਨ ਕਿ ਇਸ ਵਾਰ ਜਿਸ ਪਾਰਟੀ ਨੇ ਬਦਲਾਅ ਦੇ ਮੁੱਦੇ ’ਤੇ ਵੋਟਾਂ ਮੰਗੀਆਂ ਸਨ, ਉਸ ਨੇ ਹਰੇਕ ਸਟੇਜ ਤੋਂ ਵੋਟਰਾਂ ਨੂੰ ਹਲੂਣਦਿਆਂ ਕਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਕੋਈ ਪਾਰਟੀ ਪੈਸੇ ਜਾਂ ਕਿਸੇ ਹੋਰ ਚੀਜ਼ ਦਾ ਲਾਲਚ ਦਿੰਦੀ ਹੈ ਤਾਂ ਉਹ ਅਜਿਹੀ ਭੇਟਾ ਨੂੰ ਠੁਕਰਾਉਣ ਦੀ ਬਜਾਏ ਸਭ ਕੁਝ ਸਵੀਕਾਰ ਕਰ ਲੈਣ, ਪਰ ਵੋਟ ਆਪਣੀ ਜ਼ਮੀਰ ਅਨੁਸਾਰ ਹੀ ਪਾਉਣ, ਕਿਉਂਕਿ ਵੋਟ ਦੇ ਲੋਕਤੰਤਰੀ ਹੱਕ ਦੀ ਵਰਤੋਂ ਬਾਰੇ ਕਿਸੇ ਨੂੰ ਵੀ ਪਤਾ ਨਹੀਂ ਲੱਗ ਸਕਦਾ ਕਿ ਵੋਟ ਕਿਸ ਉਮੀਦਵਾਰ ਦੇ ਪੱਖ ਵਿਚ ਭੁਗਤਦੀ ਹੈ।
ਦਬਾਅ ਤੋਂ ਰਹਿਤ ਵੋਟ ਦੀ ਵਰਤੋਂ ਕਰਨ ਲਈ ਤਰਕ ਭਰਪੂਰ ਦਲੀਲਾਂ ਚੋਣ ਕਮਿਸ਼ਨ ਵੱਲੋਂ ਵੀ ਕੈਂਪਾਂ, ਟੀ. ਵੀ. ਚੈਨਲਾਂ, ਅਖਬਾਰਾਂ ਅਤੇ ਹੋਰਨਾਂ ਵੱਖ-ਵੱਖ ਸਾਧਨਾਂ ਰਾਹੀਂ ਲਗਾਤਾਰ ਦਿੱਤੀਆਂ ਗਈਆਂ ਹੋਣ ਕਰ ਕੇ ਅਜਿਹੇ ਬਹੁਗਿਣਤੀ ਵੋਟਰਾਂ ਦੇ ਦਿਮਾਗਾਂ ਉਪਰ ਘਰ ਕਰ ਗਈਆਂ ਸਨ, ਜਿਹੜੇ ਵੋਟਰਾਂ ਤੱਕ ਉਮੀਦਵਾਰ ਵੱਖ-ਵੱਖ ਚੀਜ਼ਾਂ ਦਾ ਲਾਲਚ ਦੇ ਕੇ ਪਹੁੰਚ ਕਰ ਸਕਦੀਆਂ ਸਨ।
ਸਮੈਕ ਵੇਚਣ ਆਏ ਨੌਜਵਾਨਾਂ ਨੂੰ ਪਿੰਡ ਵਾਲਿਆਂ ਨੇ ਪਾਇਆ ਘੇਰਾ, ਪੁਲਸ ਹਵਾਲੇ ਕੀਤਾ
NEXT STORY