ਚੰਡੀਗੜ੍ਹ, (ਸ਼ਰਮਾ)- ਭਾਜਪਾ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਰਾਜਘਾਟ ਦੌਰੇ ਅਤੇ ਜੰਤਰ-ਮੰਤਰ ਵਿਖੇ ਧਰਨੇ ਨੂੰ “ਕਾਂਗਰਸ ਹਾਈ ਕਮਾਂਡ ਦੇ ਅਹੁਦੇਦਾਰਾਂ ਨੂੰ ਖੁਸ਼ ਕਰਨ ਲਈ ਇਕ ਰਾਜਨੀਤਕ ਡਰਾਮਾ” ਕਰਾਰ ਦਿੱਤਾ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਪੰਜਾਬ ਅਸੈਂਬਲੀ ਵਲੋਂ ਪਾਸ ਕੀਤੇ 3 ਬਿੱਲਾਂ ’ਤੇ ਗੁੰਮਰਾਹਕੁੰਨ ਪ੍ਰਚਾਰ ਕਰਨ ਲਈ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਖੂਬ ਲਤਾੜਿਆ। ਉਨ੍ਹਾਂ ਕਿਹਾ ਕਿ 3 ਰਾਜਾਂ ਦੇ ਸੋਧੇ ਹੋਏ ਬਿੱਲਾਂ ਨੂੰ ਕਿਸਾਨ ਸੰਗਠਨਾਂ ਅਤੇ ਨਾਲ ਹੀ ਛੱਤੀਸਗੜ੍ਹ ਦੀ ਕਾਂਗਰਸ ਸਰਕਾਰ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਹੈ ਕਿ ਇਹ ਗੈਰ-ਸੰਵਿਧਾਨਕ ਹਨ, ਫਿਰ ਵੀ ਕੈਪਟਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਖੁਸ਼ ਕਰਨ ਲਈ ਰਾਜਨੀਤਕ ਨੰਬਰ ਬਣਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਸ਼ਰਾਬ ਮਾਫੀਆ ਅਤੇ ਰੇਤ ਮਾਫੀਆ ਦੇ ਦਬਾਅ ਹੇਠ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦਾ ਰਾਜਘਾਟ ਦੌਰਾ ਕਰਨਾ ਇਕ ਅਨੈਤਿਕ ਕੰਮ ਹੈ। ਮੁੱਖ ਮੰਤਰੀ ਨੂੰ ਅਜਿਹੇ ਪਵਿੱਤਰ ਸਥਾਨਾਂ ਦਾ ਦੌਰਾ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।
ਕੈਪਟਨ ਦੇ ਕੇਂਦਰ ਸਰਕਾਰ ਵਲੋਂ ਪੰਜਾਬ ਨਾਲ ਕੀਤੇ ਮਤਰੇਏ ਸਲੂਕ ਦੇ ਬਿਆਨ ’ਤੇ ਭਾਜਪਾ ਨੇਤਾਵਾਂ ਨੇ ਕੈਪਟਨ ’ਤੇ ਵਰ੍ਹਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਸਪਾਂਸਰ ਕੀਤੀਆਂ ਵਿਕਾਸ ਯੋਜਨਾਵਾਂ ਪੰਜਾਬ ਵਿਚ ਘੁਟਾਲਿਆਂ ਵਿਚ ਬਦਲ ਗਈਆਂ ਹਨ ਅਤੇ ਵਿਕਾਸ ਯੋਜਨਾਵਾਂ ਲਈ ਰੱਖੇ ਸਾਰੇ ਫੰਡ ਭ੍ਰਿਸ਼ਟ ਕਾਂਗਰਸੀ ਆਗੂਆਂ ਵਲੋਂ ਗਬਨ ਕਰ ਲਾਏ ਗਏ ਹਨ। ਕੈਪਟਨ ਆਪਣੀ ਅਤੇ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਨੂੰ ਲੁਕਾਉਣ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ, ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਅਜਿਹਾ ਰਾਜਨੀਤਕ ਡਰਾਮਾ ਖੇਡ ਰਹੇ ਹਨ।
ਭਾਜਪਾ ਨੇਤਾਵਾਂ ਨੇ ਪੰਜਾਬ ਵਿਚ ਕੋਲੇ ਦੇ ਸੰਕਟ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਸੂਬੇ ਵਿਚ ਅਮਨ-ਕਾਨੂੰਨ ਦੀ ਬਹਾਲੀ ਲਈ ਆਪਣਾ ਸੰਵਿਧਾਨਿਕ ਫਰਜ਼ ਨਿਭਾਉਣ ਵਿਚ ਅਸਫਲ ਰਹੇ ਹਨ, ਜਿਸ ਕਾਰਨ ਥਰਮਲ ਪਲਾਂਟਾਂ ਵਿਚ ਬਿਜਲੀ ਉਤਪਾਦਨ ਪ੍ਰਭਾਵਿਤ ਹੋਇਆ ਹੈ। ਪੰਜਾਬ ਵਿਚ ਮਾਲਗੱਡੀਆਂ ਨਾ ਆਉਣ ਦਾ ਕਾਰਨ ਕਿਸਾਨਾਂ ਵਲੋਂ 29 ਰੇਲਵੇ ਪਲੇਟਫਾਰਮਾਂ ਅਤੇ ਤਿੰਨ ਹੋਰ ਥਾਵਾਂ ’ਤੇ ਰੇਲਵੇ ਟਰੈਕਾਂ ਨੂੰ ਰੋਕਣਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ਦੀ ਇੱਜ਼ਤ ਕਾਇਮ ਰੱਖਣ ਲਈ ਕੈਪਟਨ ਨੂੰ ਕਿਸਾਨਾਂ ਨੂੰ ਆਪਣਾ ਰੋਸ ਵਾਪਸ ਲੈਣ ਅਤੇ ਰੇਲਵੇ ਟਰੈਕ ਖੋਲ੍ਹ ਕੇ ਆਪਣਾ ਪ੍ਰਦਰਸ਼ਨ ਬਦਲਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਪਰ ਇਸ ਦੀ ਬਜਾਏ, ਮੁੱਖ ਮੰਤਰੀ ਗੁਪਤ ਤੌਰ ’ਤੇ ਕਿਸਾਨਾਂ ਨੂੰ ਰੇਲਵੇ ਟਰੈਕ ਬੰਦ ਰੱਖਣ ਲਈ ਕਹਿ ਰਹੇ ਹਨ, ਤਾਂ ਜੋ ਉਹ ਕਿਸਾਨਾਂ ਦੇ ਨਾਂ ’ਤੇ ਆਪਣੀਆਂ ਰਾਜਨੀਤਕ ਖੇਡਾਂ ਖੇਡ ਸਕਣ।
ਜਲੰਧਰ ਦੇ ਦਾਨਿਸ਼ਮੰਦਾ ਵਿਖੇ ਘਰ 'ਚ ਬਣੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ (ਵੀਡੀਓ)
NEXT STORY