ਜਲੰਧਰ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਚੰਡੀਗੜ੍ਹ ਪੰਜਾਬ ਨੂੰ ਸੌਂਪਣ ਦੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਕੋਲ ਮੰਗ ਕਰਦਿਆਂ ਕਿਹਾ ਹੈ ਕਿ ਪੈਂਡਿੰਗ ਪਏ ਖੇਤਰੀ ਵਿਵਾਦਾਂ ਦਾ ਹੱਲ ਕੱਢਿਆ ਜਾਵੇ। ਗ੍ਰਹਿ ਮੰਤਰੀ ਨੂੰ ਭੇਜੀ ਚਿੱਠੀ 'ਚ ਮੁੱਖ ਮੰਤਰੀ ਨੇ ਮੰਗ ਕੀਤੀ ਕਿ ਚੰਡੀਗੜ੍ਹ 'ਚ ਪੰਜਾਬ ਕੇਡਰ ਦੇ ਅਧਿਕਾਰੀਆਂ ਦੀ ਪੂਰੀ ਜ਼ਿੰਮੇਵਾਰੀ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਅਤੇ ਉਸ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਚਿੱਠੀ 'ਚ ਮੁੱਖ ਮੰਤਰੀ ਨੇ ਕਿਹਾ ਕਿ ਚੰਡੀਗੜ੍ਹ 'ਤੇ ਪੰਜਾਬ ਦਾ ਕਾਨੂੰਨੀ ਹੱਕ ਬਣਦਾ ਹੈ ਅਤੇ ਇਹ ਸੂਬੇ ਦੀ ਕਾਨੂੰਨੀ ਤੌਰ 'ਤੇ ਰਾਜਧਾਨੀ ਵੀ ਹੈ। ਇਹ ਹੱਕ ਪੰਜਾਬ ਤੋਂ ਕੋਈ ਨਹੀਂ ਖੋਹ ਸਕਦਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ 'ਚ ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀਆਂ ਦੀ ਤਾਇਨਾਤੀ ਨੂੰ ਪਿਛਲੇ ਕੁਝ ਸਮੇਂ ਤੋਂ ਅਸੰਤੁਲਿਤ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਜਿਨ੍ਹਾਂ ਨੂੰ ਠੀਕ ਕਰਨ ਲਈ ਗ੍ਰਹਿ ਮੰਤਰਾਲਾ ਨੂੰ ਦਖਲ ਦੇਣ ਦੀ ਲੋੜ ਹੈ। ਯੂ. ਟੀ. ਕੇਡਰ ਦੇ ਅਧਿਕਾਰੀਆਂ ਨੂੰ ਚੰਡੀਗੜ੍ਹ ਪ੍ਰਸ਼ਾਸਨ 'ਚ ਤਾਇਨਾਤ ਨਹੀਂ ਕੀਤਾ ਜਾਣਾ ਚਾਹੀਦਾ।
ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਨੂੰ ਕਿਹਾ ਕਿ ਉਹ ਹਰਿਆਣਾ ਅਤੇ ਪੰਜਾਬ ਦੇ ਅਧਿਕਾਰੀਆਂ ਦੀ ਚੰਡੀਗੜ੍ਹ ਵਿਚ ਭੂਮਿਕਾ ਅਤੇ ਜ਼ਿੰਮੇਵਾਰੀ ਨੂੰ ਤੈਅ ਕਰਨ ਅਤੇ ਪੁਰਾਣੇ ਅਨੁਪਾਤ ਅਨੁਸਾਰ ਪੰਜਾਬ ਤੇ ਹਰਿਆਣਾ ਨੂੰ ਉਨ੍ਹਾਂ ਦਾ ਹਿੱਸਾ ਮਿਲਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਚੰਡੀਗੜ੍ਹ 'ਚ ਸੀਨੀਅਰ ਪੁਲਸ ਕਮਿਸ਼ਨਰ ਨੂੰ ਜ਼ਿਲਾ ਪੁਲਸ ਮੁਖੀ ਦੇ ਤੌਰ 'ਤੇ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ, ਜਿਵੇਂ ਕਿ ਪਹਿਲਾਂ ਕੀਤਾ ਜਾਂਦਾ ਸੀ। ਚਿੱਠੀ 'ਚ ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਨੂੰ ਕਿਹਾ ਕਿ ਯੂ. ਟੀ. ਕੇਡਰ 'ਚੋਂ ਡਿਪਟੀ ਐੱਸ. ਪੀ. ਅਤੇ ਹੋਰ ਅਧਿਕਾਰੀ ਚੰਡੀਗੜ੍ਹ 'ਚ ਨਿਯੁਕਤ ਨਹੀਂ ਕੀਤੇ ਜਾਣੇ ਚਾਹੀਦੇ, ਜਦੋਂ ਤੱਕ ਪੰਜਾਬ ਅਤੇ ਹਰਿਆਣਾ ਦੇ ਅੰਤਰ-ਸੂਬਾਈ ਵਿਵਾਦਾਂ ਦਾ ਨਿਪਟਾਰਾ ਨਹੀਂ ਹੁੰਦਾ, ਯੂ. ਟੀ. ਕੇਡਰ ਅਧਿਕਾਰੀਆਂ ਨੂੰ ਦੂਰ ਰੱਖਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਪੁਰਾਣੇ ਨਿਯਮਾਂ ਦੀ ਉਲੰਘਣਾ ਹੁੰਦੀ ਹੈ ਤਾਂ ਇਸ ਨਾਲ ਖੇਤਰ ਵਿਚ ਅਸ਼ਾਂਤੀ ਫੈਲ ਸਕਦੀ ਹੈ। ਚੰਡੀਗੜ੍ਹ ਪੰਜਾਬ ਦਾ ਅੰਦਰੂਨੀ ਹਿੱਸਾ ਹੈ। ਪੰਜਾਬ ਦੀ ਰਾਜਧਾਨੀ 'ਤੇ ਕੋਈ ਵੀ ਹੋਰ ਦਾਅਵਾ ਨਹੀਂ ਕਰ ਸਕਦਾ। ਪੰਜਾਬ 'ਚ ਬਹਾਲ ਹੋਈ ਸ਼ਾਂਤੀ ਨੂੰ ਸਥਾਈ ਬਣਾਉਣ ਲਈ ਚੰਡੀਗੜ੍ਹ ਨਾਲ ਸਬੰਧਤ ਕੋਈ ਵੀ ਫੈਸਲਾ ਇਕਤਰਫਾ ਨਹੀਂ ਹੋਣਾ ਚਾਹੀਦਾ। ਚਿੱਠੀ 'ਚ ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਅਤੇ ਹਰਿਆਣਾ ਵਿਚਾਲੇ ਚੱਲ ਰਹੇ ਸੰਤੁਲਨ ਨੂੰ ਅਸੰਤੁਲਿਤ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਹਨ, ਜਿਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀਆਂ ਨੂੰ ਵੰਡੇ ਵਿਭਾਗਾਂ 'ਚ ਕਮੀ ਲਿਆਂਦੀ ਜਾ ਰਹੀ ਹੈ ਅਤੇ ਇਸ ਦੇ ਉਲਟ ਯੂ. ਟੀ. ਕੇਡਰ ਦੇ ਅਧਿਕਾਰੀਆਂ ਦੀ ਗਿਣਤੀ ਵਧਾਈ ਜਾ ਰਹੀ ਹੈ।
ਮਹਿੰਗਾ ਪਿਆ ਬਾਈਕ ਚਲਾਉਣ ਦਾ ਸ਼ੌਂਕ, ਮਿਲੀ ਮੌਤ
NEXT STORY