ਨਕੋਦਰ (ਪਾਲੀ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਰੇਤ ਦੀ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖਿਲਾਫ ਕਾਰਵਾਈ ਦੇ ਸਖਤ ਨਿਰਦੇਸ਼ ਦਿੱਤੇ ਹੋਏ ਹਨ ਪਰ ਇਸ ਦੇ ਬਾਵਜੂਦ ਰੇਤ ਮਾਫੀਆ ਵਿਭਾਗ ਦੇ ਕੁਝ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਦੀ ਸ਼ਹਿ 'ਤੇ 1 ਜੁਲਾਈ ਤੋਂ ਬਰਸਾਤੀ ਮੌਸਮ ਹੋਣ ਕਰਨ ਬੰਦ ਹੋਈਆਂ ਸਰਕਾਰੀ ਖੱਡਾਂ ਦੇ ਠੇਕੇਦਾਰਾਂ ਨਾਲ ਮਿਲ ਕੇ ਇਕ ਨਵੀਂ ਖੇਡ ਰਚੀ ਸੀ, ਜਿਸ ਦਾ ਖੁਲਾਸਾ 'ਜਗ ਬਾਣੀ' 'ਚ 22 ਜੁਲਾਈ ਦੇ ਅੰਕ ਵਿਚ 'ਰੇਤ ਮਾਫੀਆ ਨਵੀਂ ਖੇਡ ਤਿਆਰੀ 'ਚ' ਸਿਰਲੇਖ ਤਹਿਤ ਖਬਰ ਛਾਪ ਕੇ ਕੀਤਾ ਸੀ ਤੇ ਹੁਣ ਇਲਾਕੇ ਦੇ ਲੋਕਾਂ ਨੂੰ ਖਾਸਕਰ ਸਤਲੁਜ ਦਰਿਆ ਕਿਨਾਰੇ ਸਥਿਤ ਪਿੰਡ ਰਾਏਪੁਰ ਆਰੀਆਂ ਗੁਰਵਿੰਦਰ ਸਿੰਘ ਅਤੇ ਬਲਵੀਰ ਸਿੰਘ ਗੌਂਸੂਵਾਲ, ਬਲਵੰਤ ਸਿੰਘ, ਮੇਜਰ ਸਿੰਘ, ਹਰਵਿੰਦਰ ਸਿੰਘ ਸਮੇਤ ਹੋਰ ਪਿੰਡ ਵਾਸੀ ਅੱਗੇ ਆਏ, ਜਿਨ੍ਹਾਂ ਉਕਤ ਖੇਡ ਦੀ ਆੜ 'ਚ ਰੇਤ ਦੀ ਕਾਲੀ ਖੇਡ ਤੇ ਨਾਜਾਇਜ਼ ਮਾਈਨਿੰਗ ਰੋਕਣ ਲਈ ਡਾਇਰੈਕਟਰ ਮਾਈਨਿੰਗ ਪੰਜਾਬ, ਚੀਫ ਜਸਟਿਸ ਪੰਜਾਬ ਅਤੇ ਹਰਿਆਣਾ, ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ, ਜੀ. ਐੱਮ. ਮਾਈਨਿੰਗ, ਲੋਕਲ ਬਾਡੀਜ਼ ਮੰਤਰੀ ਸਮੇਤ ਹੋਰ ਸਬੰਧਤ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਕਿ ਸਰਕਾਰੀ ਹੁਕਮਾਂ ਤਹਿਤ ਬਰਾਸਤੀ ਮੌਸਮ 'ਚ ਬੰਦ ਕੀਤੀਆਂ ਖੱਡਾਂ ਦੀ ਆੜ 'ਚ ਰੇਤ ਮਾਫੀਆ ਨਾਜਾਇਜ਼ ਡੰਪ ਕੀਤੀ ਰੇਤ ਵੇਚਣ ਦੀ ਮਨਜ਼ੂਰੀ ਲੈਣ ਉਪਰੰਤ ਫਿਰ ਨਾਜਾਇਜ਼ ਮਾਈਨਿੰਗ ਦਰਿਆ ਵਿਚੋਂ ਕਰਨਗੇ, ਜਿਸ ਕਾਰਨ ਜਿਥੇ ਸਰਕਾਰੀ ਖਜ਼ਾਨੇ ਦਾ ਭਾਰੀ ਨੁਕਸਾਨ ਹੋਵੇਗਾ, ਉਥੇ ਹੀ ਦਰਿਆ ਅਤੇ ਸਾਡੇ ਪਿੰਡਾਂ ਦਾ ਨੁਕਸਾਨ ਹੋਵੇਗਾ। ਇਸ ਲਈ ਵਿਭਾਗ ਵਲੋਂ ਕਿਸੇ ਨੂੰ ਵੀ ਦਰਿਆ ਕੰਢੇ ਫਰਜ਼ੀ ਡੰਪ ਕੀਤੀ ਰੇਤ ਨੂੰ ਵੇਚਣ ਦੀ ਮਨਜ਼ੂਰੀ ਨਾ ਦਿੱਤੀ ਜਾਵੇ। ਜੇਕਰ ਸਰਕਾਰ ਨੇ ਫਿਰ ਵੀ ਮਨਜ਼ੂਰੀ ਦਿੱਤੀ ਤਾਂ ਮਜਬੂਰਨ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਾ ਪਵੇਗਾ।
ਕਿਵੇ ਖੇਡੀ ਜਾ ਰਹੀ ਖੇਡ
ਰੇਤ ਮਾਫੀਆ ਨੇ ਠੇਕੇਦਾਰਾਂ, ਕੁਝ ਅਧਿਕਾਰੀਆਂ ਅਤੇ ਸਿਆਸੀ ਲੀਡਰਾਂ ਦੀ ਮਿਲੀਭੁਗਤ ਨਾਲ ਜ਼ਿਲਾ ਜਲੰਧਰ ਅਤੇ ਲੁਧਿਆਣਾ 'ਚ ਪੈਂਦੇ ਸਤਲੁਜ ਦਰਿਆ ਕੰਢੇ ਵੱਡੇ-ਵੱਡੇ ਢੇਰ ਲਗਾ ਕੇ ਰੇਤ ਡੰਪ ਕਰ ਲਈ ਹੈ। ਸੂਤਰ ਦੱਸਦੇ ਹਨ ਕਿ ਇਸ ਡੰਪ ਕੀਤੀ ਰੇਤ ਨੂੰ ਵੇਚਣ ਦੀ ਸਰਕਾਰ ਤੋਂ ਮਨਜ਼ੂਰੀ ਲੈਣ ਤੋਂ ਬਾਅਦ ਰੇਤ ਮਾਫੀਆ ਇਸ ਦੀ ਆੜ ਹੇਠ ਦਰਿਆ ਵਿਚੋਂ ਵੱਡੇ ਪੱਧਰ 'ਤੇ ਨਾਜਾਇਜ਼ ਮਾਈਨਿੰਗ ਦੀ ਕਾਲੀ ਖੇਡ ਖੇਡੇਗਾ, ਜਿਸ ਦਾ ਵਿਭਾਗੀ ਅਧਿਕਾਰੀਆਂ ਨੂੰ ਪਤਾ ਹੈ।
ਸਰਕਾਰ ਕਿਹੜੇ ਪੈਮਾਨੇ 'ਤੇ ਦੇਵੇਗੀ ਮਨਜ਼ੂਰੀ?
ਹੁਣ ਸਵਾਲ ਇਹ ਹੈ ਕਿ ਜੇਕਰ ਸਰਕਾਰ ਉਕਤ ਦਰਿਆ ਕੰਢੇ ਡੰਪ ਕੀਤੀ ਰੇਤ ਨੂੰ ਵੇਚਣ ਦੀ ਮਨਜ਼ੂਰੀ ਦਿੱਤੀ ਤਾਂ ਕਿਹੜੇ ਪੈਮਾਨੇ 'ਤੇ ਦੇਵੇਗੀ? ਕਿਵੇਂ ਪਤਾ ਲੱਗੇਗਾ ਕਿ ਕਿੰਨੀ ਰੇਤ ਡੰਪ ਕੀਤੀ ਗਈ ਹੈ? ਕੀ ਇਸ ਦੀ ਆੜ ਹੇਠ ਨਾਜਾਇਜ਼ ਮਾਈਨਿੰਗ ਨਹੀਂ ਹੋਵੇਗੀ? ਜੇਕਰ ਹੋਈ ਤਾਂ ਵਿਭਾਗ ਠੇਕੇਦਾਰ 'ਤੇ ਕੀ ਕਾਰਵਾਈ ਕਰੇਗਾ। ਕਾਬਲੇ ਗੌਰ ਹੈ ਕਿ ਪਿਛਲੀ ਸਰਕਾਰ 'ਚ ਇਸ ਤਰ੍ਹਾਂ ਦੀ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ ਸੀ।
ਕਿਸੇ ਨੂੰ ਮਨਜ਼ੂਰੀ ਨਹੀਂ ਦਿੱਤੀ : ਸਰਕਾਰੀਆ
ਇਸ ਸਬੰਧੀ ਮਾਲ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਪੰਜਾਬ 'ਚ ਬਰਸਾਤੀ ਮੌਸਮ 'ਚ ਬੰਦ ਹੋਈਆਂ ਖੱਡਾਂ ਦੇ ਠੇਕੇਦਾਰਾਂ ਵਲੋਂ ਮਨਜ਼ੂਰੀ ਲੈਣ ਲਈ ਕਈ ਜ਼ਿਲਿਆਂ ਵਿਚੋਂ ਐਪਲੀਕੇਸ਼ਨਾਂ ਆਈਆਂ ਹਨ ਪਰ ਸਰਕਾਰ ਨੇ ਅਜੇ ਤੱਕ ਕਿਸੇ ਨੂੰ ਕੋਈ ਮਨਜ਼ੂਰੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਵੀ ਪਤਾ ਹੈ ਕਿ ਰੇਤ ਮਾਫੀਆ ਇਸ ਦੀ ਆੜ 'ਚ ਨਾਜਾਇਜ਼ ਮਾਈਨਿੰਗ ਕਰੇਗਾ। ਇਸ ਲਈ ਸਰਕਾਰ ਠੇਕੇਦਾਰਾਂ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਸਾਰੇ ਤੱਥਾਂ ਨੂੰ ਦੇਖ ਕੇ ਫੈਸਲਾ ਕਰੇਗੀ ਕਿ ਮਨਜ਼ੂਰੀ ਦੇਣੀ ਹੈ ਜਾਂ ਨਹੀਂ। ਉਨ੍ਹਾਂ ਸਪੱਸ਼ਟ ਕਿਹਾ ਕਿ ਸਰਕਾਰ ਦੀਆਂ ਸਖਤ ਹਦਾਇਤਾਂ ਹਨ ਕਿ ਨਾਜਾਇਜ਼ ਮਾਈਨਿੰਗ ਕਿਸੇ ਹਾਲਤ 'ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਰੈਫਰੈਂਡਮ 2020 'ਤੇ ਡੂੰਘਾ ਹੋਇਆ ਵਿਵਾਦ, ਸ਼੍ਰੋਅਦ (ਅ) ਅਤੇ ਦਲ ਖਾਲਸਾ ਨੇ ਕਿਹਾ-ਪੰਜਾਬ 'ਚ ਕੌਣ ਲਾਗੂ ਕਰੇਗਾ
NEXT STORY