ਜਲੰਧਰ (ਧਵਨ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇਸ਼ ਦੇ 71ਵੇਂ ਸੁਤੰਤਰਤਾ ਦਿਵਸ ਮੌਕੇ ਗੁਰਦਾਸਪੁਰ 'ਚ ਰਾਸ਼ਟਰੀ ਝੰਡਾ ਲਹਿਰਾਉਣਗੇ। ਮੁੱਖ ਮੰਤਰੀ ਦਫਤਰ ਦੇ ਸੂਤਰਾਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੁਤੰਤਰਤਾ ਦਿਵਸ ਮੌਕੇ ਜ਼ਿਲਾ ਮੁੱਖ ਦਫਤਰਾਂ 'ਤੇ ਰਾਸ਼ਟਰੀ ਝੰਡਾ ਲਹਿਰਾਉਣ ਲਈ ਆਪਣੇ ਮੰਤਰੀ ਮੰਡਲ ਦੇ ਸਾਥੀਆਂ ਦੀਆਂ ਨਿਯੁਕਤੀਆਂ ਲਗਾ ਦਿੱਤੀਆਂ ਹਨ। ਸੂਬਾ ਵਿਧਾਨ ਸਭਾ ਦੇ ਪ੍ਰਧਾਨ ਰਾਣਾ ਕੇ. ਪੀ. ਸਿੰਘ ਪਟਿਆਲਾ 'ਚ, ਸਿੰਚਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਅੰਮ੍ਰਿਤਸਰ, ਵਿੱਤ ਮੰਤਰੀ ਮਨਪ੍ਰੀਤ ਬਾਦਲ ਮਾਨਸਾ, ਸਿਹਤ ਮੰਤਰੀ ਬ੍ਰਹਮ ਮਹਿੰਦਰਾ ਲੁਧਿਆਣਾ, ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਹੁਸ਼ਿਆਰਪੁਰ, ਗ੍ਰਾਮੀਣ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਜਲੰਧਰ ਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਫਰੀਦਕੋਟ 'ਚ ਰਾਸ਼ਟਰੀ ਝੰਡਾ ਲਹਿਰਾਉਣਗੇ।
ਇਸੇ ਤਰ੍ਹਾਂ ਸੂਬਾ ਸਿੱਖਿਆ ਮੰਤਰੀ ਅਰੁਣਾ ਚੌਧਰੀ ਸੰਗਰੂਰ, ਲੋਕ ਨਿਰਮਾਣ ਮੰਤਰੀ ਰਜ਼ੀਆ ਸੁਲਤਾਨਾ ਬਠਿੰਡਾ ਤੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਰੋਪੜ 'ਚ ਰਾਸ਼ਟਰੀ ਝੰਡਾ ਲਹਿਰਾਉਣਗੇ। ਮੁੱਖ ਮੰਤਰੀ ਦਫਤਰ ਨੇ ਇਸ ਸਬੰਧੀ ਸਾਰੇ ਮੰਤਰੀਆਂ ਨੂੰ ਸੁਤੰਤਰਤਾ ਦਿਵਸ ਪ੍ਰੋਗਰਾਮ ਬਾਰੇ ਸੂਚਨਾ ਭੇਜ ਦਿੱਤੀ ਹੈ। ਹਰ ਸਾਲ ਸੁਤੰਤਰਤਾ ਦਿਵਸ ਮੌਕੇ ਮੁੱਖ ਮੰਤਰੀ ਤੇ ਮੰਤਰੀਆਂ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਜਾਂਦਾ ਹੈ ਤੇ ਨਾਲ ਹੀ ਜਨਤਾ ਨੂੰ ਸੰਬੋਧਨ ਵੀ ਕੀਤਾ ਜਾਂਦਾ ਹੈ।
ਕਾਂਗਰਸ ਦੀਆਂ ਨਜ਼ਰਾਂ ਗੁਰਦਾਸਪੁਰ ਉਪ ਚੋਣਾਂ 'ਤੇ
ਕਾਂਗਰਸ ਦੀਆਂ ਨਜ਼ਰਾਂ ਗੁਰਦਾਸਪੁਰ ਲੋਕ ਸਭਾ ਦੀਆਂ ਹੋਣ ਵਾਲੀਆਂ ਉਪ ਚੋਣਾਂ 'ਤੇ ਟਿਕੀਆਂ ਹੋਈਆਂ ਹਨ। ਫਿਲਮ ਅਭਿਨੇਤਾ ਤੇ ਭਾਜਪਾ ਸੰਸਦ ਮੈਂਬਰ ਵਿਨੋਦ ਖੰਨਾ ਦੇ ਦਿਹਾਂਤ ਤੋਂ ਬਾਅਦ ਗੁਰਦਾਸਪੁਰ ਸੀਟ ਖਾਲੀ ਪਈ ਹੈ। ਆਉਣ ਵਾਲੇ ਸਮੇਂ 'ਚ ਕੇਂਦਰੀ ਚੋਣ ਕਮਿਸ਼ਨ ਨੇ ਗੁਰਦਾਸਪੁਰ ਸੀਟ ਦੀਆਂ ਉਪ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਨਾ ਹੈ। ਇਹ ਚੋਣਾਂ ਅਕਤੂਬਰ ਦੇ ਪਹਿਲੇ ਹਫਤੇ ਤੱਕ ਕਰਵਾਈਆਂ ਜਾਣੀਆਂ ਹਨ। ਕਾਂਗਰਸੀ ਹਲਕਿਆਂ ਵਿਚ ਚਰਚਾ ਹੈ ਕਿ ਗੁਰਦਾਸਪੁਰ ਸੀਟ ਦੀਆਂ ਉਪ ਚੋਣਾਂ ਨੂੰ ਦੇਖਦਿਆਂ ਹੀ ਮੁੱਖ ਮੰਤਰੀ ਨੇ ਸੁਤੰਤਰਤਾ ਦਿਵਸ ਮੌਕੇ ਗੁਰਦਾਸਪੁਰ ਵਿਚ ਰਾਸ਼ਟਰੀ ਝੰਡਾ ਲਹਿਰਾਉਣ ਦਾ ਫੈਸਲਾ ਲਿਆ ਹੈ। ਇਸ ਨਾਲ ਇਕ ਤਾਂ ਉਹ ਕਾਂਗਰਸੀ ਵਰਕਰਾਂ ਤੇ ਆਗੂਆਂ ਨੂੰ ਗੁਰਦਾਸਪੁਰ ਉਪ ਚੋਣਾਂ ਲਈ ਸਰਗਰਮ ਕਰ ਦੇਣਗੇ ਤੇ ਨਾਲ ਹੀ ਉਨ੍ਹਾਂ ਦੇ ਜਾਣ ਨਾਲ ਪ੍ਰਸ਼ਾਸਨਿਕ ਤੇ ਪੁਲਸ ਹਲਕਿਆਂ ਵਿਚ ਵੀ ਹਲਚਲ ਸ਼ੁਰੂ ਹੋ ਜਾਵੇਗੀ। ਭਾਜਪਾ ਨੇ ਵੀ ਅਜੇ ਆਪਣੇ ਉਮੀਦਵਾਰ ਦਾ ਐਲਾਨ ਕਰਨਾ ਹੈ ਪਰ ਭਾਜਪਾ ਪਹਿਲਾਂ ਹੀ ਗੁਰਦਾਸਪੁਰ ਉਪ ਚੋਣਾਂ ਲਈ ਸਾਰੇ 9 ਵਿਧਾਨ ਸਭਾ ਹਲਕਿਆਂ ਵਿਚ ਇੰਚਾਰਜਾਂ ਦੀਆਂ ਨਿਯੁਕਤੀਆਂ ਕਰ ਚੁੱਕੀ ਹੈ। ਕੈਪਟਨ ਦੇ ਗੁਰਦਾਸਪੁਰ ਦੌਰੇ ਨਾਲ ਕਾਂਗਰਸ ਟਿਕਟ ਦੇ ਦਾਅਵੇਦਾਰ ਵੀ ਖੁੱਲ੍ਹ ਕੇ ਸਾਹਮਣੇ ਆ ਜਾਣਗੇ।
ਟਰੇਨ ਤੋਂ ਡਿੱਗਣ ਕਾਰਨ ਵਿਅਕਤੀ ਦੀ ਮੌਤ
NEXT STORY